ਭਾਜਪਾ ਦਫ਼ਤਰ ਘੇਰਨ ਜਾਂਦੇ ਯੂਥ ਕਾਂਗਰਸੀ ਜਲ

ਤੋਪਾਂ ਦੀਆਂ ਬੁਛਾੜਾਂ ਨਾਲ ਝੰਬੇ


ਚੰਡੀਗੜ੍ਹ - ਪੰਜਾਬ ਭਾਜਪਾ ਦੇ ਇਥੇ ਸਥਿਤ ਦਫਤਰ ਦਾ ਘਿਰਾਓ ਕਰਨ ਲਈ ਜਾਂਦੇ ਪੰਜਾਬ ਯੂਥ ਕਾਂਗਰਸੀਆਂ ਨੂੰ ਅੱਜ ਚੰਡੀਗੜ੍ਹ ਪੁਲੀਸ ਨੇ ਪਾਣੀ ਦੀਆਂ ਬੁਛਾੜਾਂ ਮਾਰ ਕੇ ਖਿੰਡਾ ਦਿਤਾ। ਯੂਥ ਕਾਂਗਰਸੀ ਆਪਣੇ ਪ੍ਰੋਗਰਾਮ ਮੁਤਾਬਕ ਇਥੇ ਸੈਕਟਰ-15 ਵਿਚਲੇ ਪੰਜਾਬ ਕਾਂਗਰਸ ਭਵਨ ਤੋਂ ਨਿਕਲੇ ਹੀ ਸਨ ਕਿ ਪੁਲੀਸ ਨੇ ਕਾਂਗਰਸ ਭਵਨ ਦੇ ਨੇੜੇ ਹੀ ਬੈਰੀਕੇਡ ਲਾ ਕੇ ਉਨ੍ਹਾਂ ਨੂੰ ਰੋਕ ਲਿਆ, ਜਿਥੇ ਸਖਤ ਸੁਰਖਿਆ ਪ੍ਰਬੰਧ ਕੀਤੇ ਗਏ  ਸਨ। ਉਹ ਕੇਂਦਰ ਵਲੋਂ ਅਨੂਸੂਚਿਤ ਅਤੇ ਪੱਛੜੀਆਂ  ਜਾਤੀਆਂ ਦੇ ਵਿਦਿਆਰਥੀਆਂ ਦੇ ਪੋਸਟ  ਮੈਟਰਿਕ ਵਜ਼ੀਫਿਆਂ ਦੀ ਰਕਮ ਰੋਕੇ ਜਾਣ ਖ਼ਿਲਾਫ਼ ਰੋਸ ਜ਼ਾਹਰ ਕਰ ਰਹੇ ਸਨ।
ਜਦੋਂ ਮੁਜ਼ਾਹਰਾਕਾਰੀਆਂ ਨੇ ਬੈਰੀਕੇਡ ਪਾਰ ਕਰਨ ਦੀ ਕੋਸ਼ਿਸ਼ ਕਰਨ ਲੱਗੇ ਤਾਂ ਪੁਲੀਸ ਨੇ ਜਲ ਤੋਪਾਂ ਖੋਲ੍ਹ ਦਿੱਤੀਆਂ ਅਤੇ ਯੂਥ ਕਾਂਗਰਸੀਆਂ ਨੂੰ ਬੁਰੀ ਤਰ੍ਹਾਂ ਝੰਬਦਿਆਂ ਖਦੇੜ ਦਿਤਾ। ਇਸ ਦੌਰਾਨ ਕਈਆਂ ਦੀਆਂ ਪੱਗਾਂ ਵੀ ਲੱਥ ਗਈਆਂ। ਕਈ ਯੂਥ ਆਗੂਆਂ ਨੇ ਪੁਲੀਸ ਨੂੰ ਝਕਾਨੀ ਦੇ ਕੇ ਵੀ ਸੈਕਟਰ-37 ਸਥਿਤ ਭਾਜਪਾ ਦਫਤਰ ਵੱਲ ਜਾਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਜਲਦੀ ਕਾਬੂ ਕਰ ਲਿਆ ਗਿਆ। ਪੁਲਸ ਨੇ ਕੁਝ ਮੁਜ਼ਾਹਰਾਕਾਰੀਆਂ ਨੂੰ ਸੈਕਟਰ-11 ਅਤੇ ਕੁਝ ਨੂੰ ਸੈਕਟਰ-17 ਦੇ ਥਾਣੇ ਵਿੱਚ ਬੰਦ ਕਰ ਦਿੱਤਾ ਪਰ ਕਰੀਬ ਤਿੰਨ ਘੰਟੇ ਬਾਅਦ ਸਾਰਿਆਂ ਨੂੰ ਛੱਡ ਦਿਤਾ ਗਿਆ। ਪੁਲੀਸ ਅਨੁਸਾਰ ਕਰੀਬ ਚਾਰ ਦਰਜਨ ਆਗੂਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ।
ਯੂਥ ਕਾਂਗਰਸ ਨੇ ਸੂਬਾ ਪ੍ਰਧਾਨ ਅਮਰਪ੍ਰੀਤ ਸਿੰਘ ਲਾਲੀ ਦੀ ਅਗਵਾਈ ’ਚ ਐੱਸਸੀ/ਬੀਸੀ ਵਿਦਿਆਰਥੀਆਂ ਨੂੰ ਕੇਂਦਰ ਵਲੋਂ ਮਿਲਣ ਵਾਲੀ ਪੋਸਟ ਮੈਟਰਿਕ ਵਜ਼ੀਫੇ ਦੀ ਰਕਮ ਜਾਰੀ ਨਾ ਕੀਤੇ ਜਾਣ ਦੇ ਵਿਰੋਧ ਵਿਚ  ਪੰਜਾਬ ਭਾਜਪਾ ਦਫਤਰ ਘੇਰਨ ਦਾ ਪ੍ਰੋਗਰਾਮ ਉਲੀਕਿਆ ਸੀ। ਇਸ ਤੋਂ ਪਹਿਲਾਂ ਉਨ੍ਹਾਂ ਪੰਜਾਬ ਕਾਂਗਰਸ ਭਵਨ ਸਾਹਮਣੇ ਰੈਲੀ ਕਰਦਿਆਂ ਕੇਂਦਰ ਸਰਕਾਰ ਦੀਆਂ ਨੀਤੀਆਂ ਨੂੰ ਜ਼ੋਰਦਾਰ ਢੰਗ ਨਾਲ ਭੰਡਿਆ। ਜੰਮੂ-ਕਸ਼ਮੀਰ ਤੇ ਯੂਪੀ ਵਿਚ ਬਾਲੜੀਆਂ ਨਾਲ ਬਲਾਤਕਾਰਾਂ ਦੇ ਮਾਮਲਿਆਂ ਨੂੰ ਉਭਾਰਦਿਆਂ  ਉਨ੍ਹਾਂ ਭਾਜਪਾ ਸਰਕਾਰਾਂ ਦੀ ਤਿੱਖੀ ਆਲੋਚਨਾ ਕੀਤੀ।
ਸ੍ਰੀ ਲਾਲੀ ਨੇ ਕਿਹਾ ਕਿ ਕੇਂਦਰ ਵੱਲ ਸਾਲ 2015-16 ਲਈ 328.72 ਕਰੋੜ ਰੁਪਏ, 2016-17 ਲਈ 719 ਕਰੋੜ ਅਤੇ 2017-18 ਲਈ 567.55 ਕਰੋੜ ਰੁਪਏ ਬਕਾਇਆ ਹਨ, ਜਿਸ ਦੀ ਅਦਾਇਗੀ ਜਾਣ-ਬੁੱਝ ਕੇ ਰੋਕੀ ਜਾ ਰਹੀ ਹੈ। ਇਸ ਕਾਰਨ ਸੂਬੇ ਦੇ ਨੌਂ ਲੱਖ ਤੋਂ ਵੱਧ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਵਜ਼ੀਫਿਆਂ ਦੀ ਰਕਮ ਦਿੱਤੇ ਜਾਣ ਤੱਕ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਕਾਂਗਰਸੀ ਵਿਧਾਇਕ  ਕੁਲਬੀਰ ਸਿੰਘ ਜ਼ੀਰਾ, ਬਰਿੰਦਰਮੀਤ ਸਿੰਘ ਪਾਹੜਾ ਅਤੇ ਦਲਬੀਰ ਸਿੰਘ ਗੋਲਡੀ ਵੀ ਹਾਜ਼ਰ ਸਨ।
‘ਚੋਣਾਂ ਮੇਂ ਹਾਰ-ਜਿੱਤ ਹੋਤੀ ਰਹਿਤੀ ਹੈ’
ਯੂਥ ਕਾਂਗਰਸੀਆਂ ਦੀ ਰੈਲੀ ਵਿਚ ਪਹੁੰਚੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਬਹੁਤਾ ਭਾਸ਼ਣ ਪੰਜਾਬੀ ਨੁਮਾ  ਹਿੰਦੀ ਵਿਚ ਕੀਤਾ, ਜਿਹੜਾ ਚਰਚਾ ਦਾ ਵਿਸ਼ਾ ਬਣਿਆ ਰਿਹਾ। ਇਕ ਯੂਥ ਕਾਂਗਰਸੀ ਨੇ ਕਿਹਾ ਕਿ ਮੰਤਰੀ ਨੇ ਯੂਥ ਕਾਂਗਰਸ ਦੇ ਕੇਂਦਰੀ ਨੇਤਾ ਹੇਮੰਤ ਓਖਲੇ ਨੂੰ ਆਪਣੀ ਗੱਲ ਸਮਝਾਉਣ ਲਈ ਅਜਿਹਾ ਕੀਤਾ ਹੋਵੇਗਾ। ਸ੍ਰੀ ਧਰਮਸੋਤ ਨੇ ਮਹਿਲਾ ਯੂਥ ਕਾਂਗਰਸੀ ਆਗੂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਕਿਹਾ ਕਿ ਚੋਣਾਂ ਵਿਚ ਹਾਰ-ਜਿੱਤ ਹੁੰਦੀ ਰਹਿੰਦੀ ਹੈ ਤੇ ਇਸ ਦੀ ਚਿੰਤਾ ਕੀਤੇ ਬਿਨਾਂ ਡਟੇ ਰਹਿਣਾ ਚਾਹੀਦਾ ਹੈ। ਇਹ ਮਹਿਲਾ  ਆਗੂ ਵਿਧਾਨ ਸਭਾ ਚੋਣ ਹਾਰ ਗਈ ਸੀ।

 

 

fbbg-image

Latest News
Magazine Archive