ਜਸਟਿਸ ਚੇਲਾਮੇਸ਼ਵਰ ਨੇ ਸੁਪਰੀਮ ਕੋਰਟ ਦੇ

ਹਾਲਾਤ ’ਤੇ ਮੁੜ ਨਾਖੁਸ਼ੀ ਜਤਾਈ


ਨਵੀਂ ਦਿੱਲੀ - ਸੁਪਰੀਮ ਕੋਰਟ ਦੇ ਸਭ ਤੋਂ ਸੀਨੀਅਰ ਜੱਜ ਜਸਟਿਸ ਜੇ ਚੇਲਾਮੇਸ਼ਵਰ ਨੇ ਅੱਜ ਸਰਬਉਚ ਅਦਾਲਤ ਵਿੱਚ ਬਣੇ ਹਾਲਾਤ ’ਤੇ ਮੁੜ ਨਾਖੁਸ਼ੀ ਜ਼ਾਹਰ ਕਰਦਿਆਂ ਸਾਬਕਾ ਕੇਂਦਰੀ ਕਾਨੂੰਨ ਮੰਤਰੀ ਸ਼ਾਂਤੀ ਭੂਸ਼ਣ ਵੱਲੋਂ ਕੇਸਾਂ ਦੀ ਵੰਡ ਕਰਨ ਲਈ ਦਾਇਰ ਕੀਤੀ ਜਨਹਿੱਤ ਪਟੀਸ਼ਨ ਉਪਰ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ। ਸਾਬਕਾ ਮੰਤਰੀ ਦੀ ਪਟੀਸ਼ਨ ਰੱਦ ਹੋਣ ਤੋਂ ਫੌਰੀ ਬਾਅਦ ਉਨ੍ਹਾਂ ਦੇ ਪੁੱਤਰ ਪ੍ਰਸ਼ਾਂਤ ਭੂਸ਼ਨ ਚੀਫ ਜਸਟਿਸ ਦੀਪਕ ਮਿਸ਼ਰਾ ਦੀ ਅਦਾਲਤ ਵਿੱਚ ਪੁੱਜੇ ਤੇ ਉਨ੍ਹਾਂ ਇਸ ਮਾਮਲੇ ’ਤੇ ਫ਼ੌਰੀ ਸੁਣਵਾਈ ਕਰਨ ਦੀ ਅਪੀਲ ਕੀਤੀ। ਚੀਫ ਜਸਟਿਸ ਦੀ ਅਗਵਾਈ ਹੇਠਲੇ ਬੈਂਚ ਨੇ ਕਿਹਾ ‘‘ਅਸੀਂ ਇਸ ਨੂੰ ਦੇਖਾਂਗੇ।’’
ਸ੍ਰੀ ਭੂਸ਼ਨ ਨੇ ਪਹਿਲਾਂ ਜਸਟਿਸ ਚੇਲਾਮੇਸ਼ਵਰ ਸਾਹਮਣੇ ਮਾਮਲੇ ਦਾ ਵਖਿਆਨ ਕਰਦਿਆਂ ਕਿਹਾ ਸੀ ਕਿ ਇਹ ਹੰਗਾਮੀ ਸਥਿਤੀ ਦਾ ਮਾਮਲਾ ਹੈ। ਉਨ੍ਹਾਂ ਕਿਹਾ ਕਿ ਆਪਣੀ ਜਨਹਿੱਤ ਪਟੀਸ਼ਨ ਵਿੱਚ ਉਹ ‘ ਰੋਸਟਰ ਦੇ ਮਾਸਟਰ’ ਦੀ ਧਾਰਨਾ ਨੂੰ ਵੰਗਾਰਦੇ ਹਨ ਜਿਸ ਨੂੰ ਚੀਫ ਜਸਟਿਸ ਨਹੀਂ ਸਿੱਝ ਸਕਦੇ।
ਜਸਟਿਸ ਚੇਲਾਮੇਸ਼ਵਰ ਨੇ ਕਿਹਾ ਕਿ ਉਹ ਇਸ ਮਾਮਲੇ ਦੀ ਸੁਣਵਾਈ ਨਹੀਂ ਕਰ ਸਕਦੇ ਕਿਉਂਕਿ ਇਸ ਦੇ ਕਾਰਨ ਬਹੁਤ ਹੀ ਸਪੱਸ਼ਟ ਹਨ। ਜਸਟਿਸ ਚੇਲਾਮੇਸ਼ਵਰ ਦੀ ਇਹ ਟਿੱਪਣੀ ਇਸ ਪ੍ਰਸੰਗ ਵਿੱਚ ਅਹਿਮ ਹੈ ਕਿ ਉਨ੍ਹਾਂ ਤੇ ਜਸਟਿਸ ਕੁਰੀਅਨ ਜੋਸਫ ਨੇ ਸੁਪਰੀਮ ਕੋਰਟ ਦੇ ਤਾਜ਼ਾ ਹਾਲਾਤ ਤੇ ਨਿਆਂਪਾਲਿਕਾ ਦੇ ਮਾਮਲਿਆਂ ਵਿੱਚ ਸਰਕਾਰੀ ਦਖ਼ਲਅੰਦਾਜ਼ੀ ਬਾਰੇ ਹਾਲ ਹੀ ਵਿੱਚ ਦੋ ਚਿੱਠੀਆਂ ਲਿਖੀਆਂ ਸਨ। ਜਸਟਿਸ ਚੇਲਾਮੇਸ਼ਾਵਰ ਨੇ ਅੱਜ ਆਖਿਆ ਕਿ ਉਨ੍ਹਾਂ ਦੇਸ਼ ਦੀ ਸੁਪਰੀਮ ਕੋਰਟ ਦੇ ਹਾਲਾਤ ਬਾਰੇ ਕੁਝ ਦਿਨ ਪਹਿਲਾਂ ਹੀ ਇਕ ਚਿੱਠੀ ਲਿਖੀ ਸੀ। ਜਸਟਿਸ ਚੇਲਾਮੇਸ਼ਾਵਰ ਨੇ ਸ੍ਰੀ ਭੂਸ਼ਨ ਨੂੰ ਆਖਿਆ ‘‘ ਕਿਸੇ ਨੇ ਮੇਰੇ ਖ਼ਿਲਾਫ਼ ਮੁਹਿੰਮ ਵਿੱਢ ਰੱਖੀ ਹੈ ਕਿ ਮੈਂ ਕੁਝ ਹੜੱਪਣਾ ਚਾਹੁੰਦਾ ਹਾਂ। ਇਸ ਹਾਲਾਤ ਵਿੱਚ ਮੈਂ ਕੁਝ ਨਹੀਂ ਕਰ ਸਕਦਾ। ਮੈਨੂੰ ਮਾਫ਼ ਕਰੋ। ਕਿਰਪਾ ਕਰ ਕੇ ਤੁਸੀਂ ਮੇਰੀ ਦਿੱਕਤ ਸਮਝੋ।’’ ਉਨ੍ਹਾਂ ਕਿਹਾ ਕਿ ਦੇਸ਼ ਸਭ ਕੁਝ ਸਮਝੇਗਾ ਤੇ ਆਪਣਾ ਰਾਹ ਅਖ਼ਤਿਆਰ ਕਰੇਗਾ। ਮੈਂ ਨਹੀਂ ਚਾਹੁੰਦਾ ਕਿ ਅਗਲੇ 24 ਘੰਟਿਆਂ ਵਿੱਚ ਮੇਰਾ ਇਕ ਹੋਰ ਫ਼ੈਸਲਾ ਬਦਲ ਦਿੱਤਾ ਜਾਵੇ। ਇਸ ਲਈ ਮੇਰੀ ਨਾਂਹ ਹੈ। ਕਿਰਪਾ ਕਰ ਕੇ ਮੇਰੀ ਦਿੱਕਤ ਸਮਝੋ।’’ ਉਨ੍ਹਾਂ ਦਾ ਇਸ਼ਾਰਾ ਪਿਛਲੇ ਸਾਲ 10 ਨਵੰਬਰ ਨੂੰ ਚੀਫ਼ ਜਸਟਿਸ ਮਿਸ਼ਰਾ ਦੀ ਅਗਵਾਈ ਵਾਲੇ ਬੈਂਚ ਵੱਲੋਂ ਰੱਦ ਕੀਤੇ ਫ਼ੈਸਲੇ ਵੱਲ ਸੀ। ਜਸਟਿਸ ਚੇਲਾਮੇਸ਼ਵਰ ਦੀ ਅਗਵਾਈ ਹੇਠਲੇ ਬੈਂਚ ਨੇ ਇਕ ਮੈਡੀਕਲ ਦਾਖ਼ਲਾ ਘੁਟਾਲੇ ਦੇ ਕੇਸ ਵਿੱਚ ਗ਼ੈਰ ਸਰਕਾਰੀ ਜਥੇਬੰਦੀ ਕੰਪੇਨ ਫ਼ਾਰ ਜੁਡੀਸ਼ਲ ਅਕਾਉੂਂਟੈਬਿਲਟੀ ਐਂਡ ਰਿਫਾਰਮਜ਼ ਦੀ ਜਨਹਿੱਤ ਪਟੀਸ਼ਨ ਉੱਤੇ ਪੰਜ ਸਭ ਤੋਂ ਸੀਨੀਅਰ ਜੱਜਾਂ ਦਾ ਵਡੇਰਾ ਬੈਂਚ ਕਾਇਮ ਕਰਨ ਦਾ ਹੁਕਮ ਦਿੱਤਾ ਸੀ।

 

 

fbbg-image

Latest News
Magazine Archive