ਕੈਪਟਨ ਦੇ ਨਾ ਆਉਣ ਕਾਰਨ ਸਰਟੀਫਿਕੇਟ ਵੰਡੇ ਜਾਣ

ਤੋਂ ਪਹਿਲਾਂ ਹੀ ਪੰਡਾਲ ਹੋਇਆ ਖਾਲੀ


ਸੰਗਰੂਰ/ਭਵਾਨੀਗੜ੍ਹ - ਪੰਜਾਬ ਸਰਕਾਰ ਵਲੋਂ ਅੱਜ ਭਵਾਨੀਗੜ੍ਹ ਨੇੜਲੇ ਪਿੰਡ ਰਾਮਪੁਰਾ ਦੀ ਅਨਾਜ ਮੰਡੀ ਵਿਚ ਕਿਸਾਨ ਕਰਜ਼ਾ ਮੁਕਤੀ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਗੈਰਹਾਜ਼ਰੀ ਰੜਕਦੀ ਰਹੀ ਅਤੇ ਸਮਾਗਮ ਦਾ ਅੰਤ ਵੀ ਫਿੱਕਾ ਹੋਇਆ।
ਮੁੱਖ ਮੰਤਰੀ ਦੀ ਆਮਦ ਦੀ ਉਡੀਕ ਦੌਰਾਨ ਜਦੋਂ ਸਮਾਗਮ ਦੇ ਅਖ਼ੀਰ ’ਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਬਾਅਦ ਦੁਪਹਿਰ ਡੇਢ ਵਜੇ ਆਪਣਾ ਭਾਸ਼ਣ ਸਮਾਪਤ ਕਰਦਿਆਂ ਮੁੱਖ ਮੰਤਰੀ ਦੇ ਨਾ ਆਉਣ ਦਾ ਐਲਾਨ ਕੀਤਾ ਤਾਂ ਮਿੰਟਾਂ ਵਿਚ ਹੀ ਪੰਡਾਲ ਖਾਲੀ ਹੋ ਗਿਆ। ਸਟੇਜ ਤੋਂ ਲੋਕਾਂ ਨੂੰ ਬੈਠਣ ਦੀਆਂ ਅਪੀਲਾਂ ਦੌਰਾਨ ਹੀ ਕਾਹਲੀ ਨਾਲ ਕੁਝ ਕੁ ਕਿਸਾਨਾਂ ਨੂੰ ਕਰਜ਼ਾ ਰਾਹਤ ਸਰਟੀਫਿਕੇਟ ਵੰਡ ਕੇ ਸਮਾਗਮ ਸਮੇਟ ਦਿੱਤਾ ਗਿਆ।
ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਇਸ ਮੌਕੇ ਪੰਜਾਬ ਦੇ ਵੱਡੇ ਡਿਫਾਲਟਰਾਂ ਦੀ ਸੂਚੀ ਲੈ ਕੇ ਪੁੱਜੇ ਸਨ। ਉਨ੍ਹਾਂ ਸਟੇਜ ਤੋਂ ਸੂਚੀ ਲਹਿਰਾਉਂਦਿਆਂ ਨਾਂ ਲਏ ਬਿਨਾਂ ਡਿਫਾਲਟਰਾਂ ਦੇ ਕਰਜ਼ੇ ਦੀ ਬਕਾਇਆ ਰਕਮ ਪੜ੍ਹ ਕੇ ਸੁਣਾਈ। ਉਨ੍ਹਾਂ ਦੱਸਿਆ ਕਿ 95 ਫੀਸਦੀ ਡਿਫਾਲਟਰ ਆਗੂ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਹਨ। ਸੂਚੀ ’ਚ ਕਾਂਗਰਸ ਦੇ ਵੀ ਸਾਬਕਾ ਮੰਤਰੀ ਸਣੇ ਦੋ ਆਗੂਆਂ ਦੇ ਨਾਂ ਹਨ। ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਇਨ੍ਹਾਂ ਡਿਫਾਲਟਰਾਂ ਦੀਆਂ ‘ਕੁਰਕੀਆਂ ਕਰਵਾਈਆਂ’ ਜਾਣ। ਉਨ੍ਹਾਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਬਹਿਸ ਦੀ ਚੁਣੌਤੀ ਦਿੱਤੀ। ਉਨ੍ਹਾਂ ਕਿਹਾ, ‘‘ਪੰਜਾਬ ਦੇ ਅਨੇਕਾਂ ਅਫ਼ਸਰਾਂ ਨੂੰ ਅਜੇ ਵੀ ਅਕਾਲੀ ਰੰਗਤ ਚੜ੍ਹੀ ਹੋਈ ਹੈ ਅਤੇ ਉਹ ਕੈਪਟਨ ਸਾਹਿਬ ਦੀ ਸ਼ਰਾਫ਼ਤ ਦਾ ਨਾਜਾਇਜ਼ ਫਾਇਦਾ ਉਠਾ ਰਹੇ ਹਨ।’’ ਲੋਕ ਸ਼ਕਤੀ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ, ‘‘ਅਜੋਕੇ ਜ਼ਮਾਨੇ ’ਚ ਰਾਣੀਆਂ, ਰਾਜੇ ਪੈਦਾ ਨਹੀਂ ਕਰਦੀਆਂ ਸਗੋਂ ਲੋਕਤੰਤਰ ਵਿੱਚ ਰਾਜਿਆਂ ਨੂੰ ਲੋਕ ਪੈਦਾ ਕਰਦੇ ਹਨ।’’ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਉਹ ਮੁੱਖ ਮੰਤਰੀ ਵਲੋਂ ਲਗਾਈ ਡਿਊਟੀ ਕਾਰਨ ਸਮਾਗਮ ਵਿਚ ਆਏ ਹਨ।
ਕੁਝ ਕੁ ਕਿਸਾਨਾਂ ਨੂੰ ਸਰਟੀਫਿਕੇਟ ਦੇ ਕੇ ਪੂਰੀ ਕੀਤੀ ਗਈ ਰਸਮ਼
ਭਵਾਨੀਗੜ੍ਹ - ਇਥੋਂ ਨੇੜੇ ਪਿੰਡ ਰਾਮਪੁਰਾ ਦੀ ਅਨਾਜ ਮੰਡੀ ਵਿਖੇ ਅੱਜ ਪੰਜਾਬ ਸਰਕਾਰ ਵੱਲੋਂ 6 ਜ਼ਿਲ੍ਹਿਆਂ ਨਾਲ ਸਬੰਧਤ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਬਾਰੇ ਰੱਖੇ ਸਮਾਗਮ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾ ਪਹੁੰਚਣ ਕਾਰਨ ਕਾਂਗਰਸੀ ਵਰਕਰਾਂ ਅਤੇ ਲੋਕਾਂ ਨੂੰ ਭਾਰੀ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ। ਕੈਪਟਨ ਸਰਕਾਰ ਵੱਲੋਂ ਆਪਣੇ ਚੋਣ ਵਾਅਦੇ ਅਨੁਸਾਰ ਸੰਗਰੂਰ, ਬਰਨਾਲਾ, ਪਟਿਆਲਾ, ਫਤਹਿਗੜ੍ਹ ਸਾਹਿਬ, ਮੁਹਾਲੀ ਅਤੇ ਰੋਪੜ ਜ਼ਿਲ੍ਹਿਆਂ ਦੇ ਕਿਸਾਨਾਂ ਦੇ ਸਹਿਕਾਰੀ ਬੈਕਾਂ ਨਾਲ ਸਬੰਧਤ 485 ਕਰੋੜ ਰੁਪਏ ਦੇ ਕਰਜ਼ ਦੀ ਮੁਆਫ਼ੀ ਲਈ ਸਰਟੀਫਿਕੇਟ ਵੰਡਣ ਵਾਸਤੇ ਇਹ ਪ੍ਰੋਗਰਾਮ ਰੱਖਿਆ ਗਿਆ ਸੀ, ਜਿਸ ਦੀ ਸਫਲਤਾ ਲਈ ਇੱਕ ਕਰੋੜ ਤੋਂ ਵੀ ਜ਼ਿਆਦਾ ਖਰਚ ਕੀਤਾ ਗਿਆ। ਅੰਮ੍ਰਿਤਸਰ ਦੀ ਕੰਪਨੀ ਨੇ ਬਹੁਤ ਵੱਡੇ ਬਜਟ ਨਾਲ ਝੱਖੜ ਅਤੇ ਮੀਹ ਤੋਂ ਅਣਭਿੱਜ 35000 ਕੁਰਸੀਆਂ ਦੀ ਸਮਰੱਥਾ ਵਾਲਾ ਆਧੁਨਿਕ ਵਿਸ਼ੇਸ਼ ਟੈਂਟ ਲਾ ਕੇ ਸਟੇਜ ਤਿਆਰ ਕੀਤੀ ਸੀ। ਹੈਲੀਕਾਪਟਰ ਉਤਾਰਨ ਲਈ ਹੈਲੀਪੈਡ ਬਣਾਈ ਗਈ ਸੀ।  ਕਿਸਾਨਾਂ ਦੀ ਕਰੀਬ 100 ਏਕੜ ਕਣਕ ਸਮੇਂ ਤੋਂ ਪਹਿਲਾਂ ਵਢਵਾ ਕੇ ਲੋਕਾਂ ਨੂੰ ਲਿਆਉਣ ਵਾਲੇ ਵਾਹਨਾਂ ਲਈ ਪਾਰਕਿੰਗ ਬਣਾਈ ਗਈ ਸੀ।  ਸਾਰੇ ਲੋਕਾਂ ਦੇ ਖਾਣੇ ਦਾ ਪ੍ਰਬੰਧ ਕੀਤਾ ਗਿਆ ਅਤੇ ਮਨੋਰੰਜਨ ਲਈ ਮਹਿੰਗਾ ਗਾਇਕ ਰਣਜੀਤ ਬਾਵਾ ਲਗਾਇਆ ਗਿਆ।  ਕਣਕ ਖ਼ਰੀਦ ਸੀਜ਼ਨ ਦੇ ਬਾਵਜੂਦ ਇਲਾਕੇ ਦੀ ਇਸ ਸਭ ਤੋਂ ਵੱਡੀ ਅਨਾਜ ਮੰਡੀ ਦੀ ਬਿਜਲੀ ਸਪਲਾਈ ਦੇ ਸਾਰੇ ਖੰਭੇ ਪੁੱਟ ਕੇ ਬਿਜਲੀ ਦੀਆਂ ਤਾਰਾਂ ਕੱਟ ਦਿੱਤੀਆਂ ਗਈਆਂ। ਐਨਾ ਖਰਚ ਕਰਕੇ ਕਰਵਾਏ ਸਮਾਗਮ ਵਿੱਚ ਜੁੜੇ ਹਜ਼ਾਰਾਂ ਕਿਸਾਨਾਂ ਅਤੇ ਕਾਂਗਰਸੀ ਵਰਕਰਾਂ ’ਚ ਉਦੋਂ ਨਿਰਾਸ਼ਾ ਫੈਲਣੀ ਸੁਭਾਵਿਕ ਸੀ, ਜਦੋਂ ਇਹ ਐਲਾਨ ਕੀਤਾ ਗਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੈਲੀਕਾਪਟਰ ਵਿੱਚ ਤਕਨੀਕੀ ਨੁਕਸ ਪੈਣ ਕਾਰਨ ਉਹ ਸਮਾਗਮ ਵਿੱਚ ਨਹੀਂ ਪਹੁੰਚ ਰਹੇ।

 

 

fbbg-image

Latest News
Magazine Archive