ਹਿਮਾਚਲ ’ਚ ਸਕੂਲ ਬੱਸ ਖੱਡ ਵਿੱਚ ਡਿੱਗੀ; 30 ਮੌਤਾਂ


ਊਨਾ - ਜ਼ਿਲਾ ਸਦਰ ਮੁਕਾਮ ਧਰਮਸ਼ਾਲਾ ਤੋਂ ਲਗਪਗ 100 ਕਿਲੋਮੀਟਰ ਦੂਰ ਨੂਰਪੁਰ-ਚੰਬਾ ਰਾਜਮਾਰਗ ਉਪਰ ਪਿੰਡ ਗੁਰਚਲ ਨੇੜੇ ਅੱਜ ਇਕ ਸਕੂਲ ਬੱਸ ਬੇਕਾਬੂ ਹੋ ਕੇ ਡੂੰਘੀ ਖੱਡ ਵਿੱਚ ਜਾ ਡਿੱਗੀ ਜਿਸ ਕਾਰਨ 27 ਬੱਚਿਆਂ ਸਮੇਤ 30 ਜਣੇ ਮਾਰੇ ਗਏ।
ਪੁਲੀਸ ਮੁਤਾਬਕ ਮਾਰੇ ਗਏ ਬੱਚੇ ਰਾਮ ਸਿੰਘ ਪਠਾਨੀਆ ਸਕੂਲ ਦੇ ਸਨ। ਹਿਮਾਚਲ ਪ੍ਰਦੇਸ਼ ਦੇ ਟ੍ਰਾਂਸਪੋਰਟ ਮੰਤਰੀ ਗੋਵਿੰਦ ਸਿੰਘ ਠਾਕੁਰ ਨੇ ਦੱਸਿਆ ਕਿ 27 ਬੱਚਿਆਂ ਸਣੇ 30 ਜਣੇ ਮਾਰੇ ਗਏ ਹਨ। ਐਸਪੀ ਕਾਂਗੜਾ ਸੰਤੋਸ਼ ਪਟਿਆਲ ਨੇ ਦੱਸਿਆ ਕਿ ਬੱਸ ਚਾਲਕ 67 ਸਾਲਾ ਮਦਨ ਲਾਲ ਤੇ ਦੋ ਅਧਿਆਪਕਾਵਾਂ ਦੀ ਵੀ ਹਾਦਸੇ ਵਿੱਚ ਮੌਤ ਹੋ ਗਈ ਹੈ। ਮੁਕਾਮੀ ਵਿਧਾਇਕ ਰਾਕੇਸ਼ ਪਠਾਨੀਆ ਜੋ ਹਾਦਸੇ ਵਾਲੀ ਜਗ੍ਹਾ ਪਹੁੰਚੇ ਹੋਏ ਸਨ, ਨੇ ਕਿਹਾ ਕਿ 27 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ ਤੇ ਦੋ ਹੋਰ ਲਾਸ਼ਾਂ ਦੀ ਨਿਸ਼ਾਨਦੇਹੀ ਹੋ ਗਈ ਸੀ। ਉਨ੍ਹਾਂ ਦੱਸਿਆ ਕਿ ਬੁਰੀ ਤਰ੍ਹਾਂ ਜ਼ਖ਼ਮੀ ਹੋਏ ਲਗਪਗ 13 ਜਣਿਆਂ ਨੂੰ ਪਠਾਨਕੋਟ ਦੇ ਹਸਪਤਾਲ ਲਿਜਾਇਆ ਗਿਆ ਜਿੱਥੇ ਇਕ ਜ਼ਖ਼ਮੀ ਦਮ ਤੋੜ ਗਿਆ। ਇਕ ਹੋਰ ਜ਼ਖ਼ਮੀ ਦੀ ਹਾਲਤ ਨਾਜ਼ੁਕ ਦੱਸੀ ਜਾਂਦੀ ਹੈ। ਸਕੂਲ ਬੱਸ ਵਿੱਚ 40-45 ਜਣੇ ਸਵਾਰ ਸਨ। ਮਰਨ ਵਾਲਿਆਂ ’ਚੋਂ ਜ਼ਿਆਦਾਤਰ ਪ੍ਰਾਇਮਰੀ ਕਲਾਸਾਂ ਦੇ ਵਿਦਿਆਰਥੀ ਸਨ।
ਦੁਖਦਾਈ ਖ਼ਬਰ ਸੁਣ ਕੇ ਮਾਪੇ ਤੇ ਰਿਸ਼ਤੇਦਾਰ ਹਾਦਸੇ ਵਾਲੀ ਜਗ੍ਹਾ ਵੱਲ ਦੌੜੇ ਤੇ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ। ਬਚਾਓ ਤੇ ਰਾਹਤ ਕਾਰਜਾਂ ਵਿੱਚ ਤੇਜੀ ਲਿਆਉਣ ਲਈ ਫੂਡ ਸਪਲਾਈਜ਼ ਮੰਤਰੀ ਕ੍ਰਿਸ਼ਨ ਕਪੂਰ ਨੂੰ ਮੌਕੇ ’ਤੇ ਭੇਜਿਆ ਗਿਆ। ਮੁਕਾਮੀ ਨੌਜਵਾਨਾਂ ਦੀ ਮਦਦ ਨਾਲ ਮਲਬੇ ਹੇਠੋਂ ਲਾਸ਼ਾਂ ਕੱਢੀਆਂ ਜਾ ਰਹੀਆਂ ਸਨ। ਰਾਜਪਾਲ ਅਚਾਰੀਆ ਦੇਵਬ੍ਰਤ, ਮੁੱਖ ਮੰਤਰੀ ਜੈਰਾਮ ਠਾਕੁਰ, ਕੇਂਦਰੀ ਮੰਤਰੀ ਜੇਪੀ ਨੱਡਾ, ਟ੍ਰਾਂਸਪੋਰਟ ਮੰਤਰੀ ਠਾਕੁਰ ਨੇ ਇਸ ਹਾਦਸੇ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਜਾਣਕਾਰੀ ਅਨੁਸਾਰ ਨੂਰਪੁਰ-ਮਲਕਵਾਲ  ਦੇ ਕੋਲ ਬਾਅਦ ਦੁਪਹਿਰ ਸਾਡੇ ਤਿੰਨ ਵਜੇ ਸਕੂਲ ਬੱਸ 200 ਫੁੱਟ ਡੂੰਘੀ ਖਾਈ ਵਿੱਚ ਜਾ ਡਿੱਗੀ। ਇਹ ਬੱਸ ਇੱਕ ਪ੍ਰਾਈਵੇਟ ਸਕੂਲ ਦੀ ਸੀ ਅਤੇ ਛੁੱਟੀ ਤੋਂ ਬਾਅਦ ਬੱਚਿਆਂ ਨੂੰ ਘਰ ਘਰ ਛੱਡਣ ਲਈ ਰਵਾਨਾ ਹੋਈ ਸੀ। ਰਸਤੇ ਵਿੱਚ ਬੱਸ ਬੇਕਾਬੂ ਹੋ ਕੇ ਡੂੰਘੀ ਖਾਈ ਵਿੱਚ ਜਾ ਡਿੱਗੀ। ਹਾਦਸੇ ਦੀ ਸੂਚਨਾ ਮਿਲਣ ’ਤੇ ਕਾਂਗੜਾ ਦੇ ਡੀਸੀ ਅਤੇ ਐਸਪੀ ਨੂਰਪੁਰ ਹਸਪਤਾਲ ਪਹੁੰਚ ਗਏ। ਜ਼ਖ਼ਮੀ ਬੱਚਿਆਂ ਨੂੰ ਸਿਵਲ ਹਸਪਤਾਲ ਨੂਰਪੁਰ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਹਾਦਸੇ ਵਿੱਚ ਹੋਈਆਂ ਮੌਤਾਂ ’ਤੇ ਦੁੱਖ ਪ੍ਰਗਟਾਇਆ ਹੈ।
ਹਾਦਸੇ ਵਿੱਚ ਜ਼ਖ਼ਮੀ ਹੋਏ ਕਈ ਬੱਚਿਆਂ ਨੂੰ ਇਲਾਜ ਲਈ ਪਠਾਨਕੋਟ ਦੇ ਅਮਨਦੀਪ ਹਸਪਤਾਲ ਲਿਆਂਦਾ ਗਿਆ। ਇਨ੍ਹਾਂ ਵਿਚੋਂ ਕਈਆਂ ਨੇ ਰਸਤੇ ਵਿੱਚ ਹੀ ਦਮ ਤੋੜ ਦਿੱਤਾ।   ਮ੍ਰਿਤਕਾਂ ਵਿੱਚ ਸ਼ਰੁਤੀ ਪੁੱਤਰੀ ਨਰੇਸ਼, ਦੀਕਸ਼ਾ, ਈਰਸ਼ਿਤਾ, ਯੁਵਰਾਜ ਪੁੱਤਰ ਦਿਲਬਾਗ, ਸਰਿਤਾ, ਸਨੇਹਾ, ਹਰਸ਼ ਪਠਾਨੀਆ ਅਤੇ ਵਰੁਣ ਸ਼ਰਮਾ ਸ਼ਾਮਲ ਹਨ ਜਦ ਕਿ ਜ਼ਖ਼ਮੀਆਂ ਵਿੱਚ ਕੋਮਲ, ਨਿਤਿਨ, ਰਿਆ, ਅਵੰਸ਼ੀ, ਕਨਿਕਾ, ਮਨੀਸ਼, ਆਵਨੀ, ਸ਼ਿਵਾਨੀ, ਨਿਸ਼ਾਂਤ, ਵੰਸ਼ਿਕਾ, ਦਿਵਿਆ, ਰਣਬੀਰ, ਨਤਾਸ਼ਾ, ਜੀਵਿਕਾ ਅਤੇ ਹਾਰਦਿਕ ਸ਼ਾਮਲ ਹਨ।
ਮੁੱਖ ਮੰਤਰੀ ਜੈਰਾਮ ਠਾਕੁਰ ਵੱਲੋਂ ਰਾਹਤ ਤੇ ਜਾਂਚ ਦਾ ਐਲਾਨ
ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਹਾਦਸੇ ਵਿੱਚ ਮਰਨ ਵਾਲੇ ਹਰੇਕ ਵਿਅਕਤੀ ਦੇ ਵਾਰਸਾਂ ਲਈ 5-5 ਲੱਖ ਰੁਪਏ ਦੀ ਫ਼ੌਰੀ ਰਾਹਤ ਦਾ ਐਲਾਨ ਕੀਤਾ ਹੈ। ਇਕ ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਹਾਦਸੇ ਦੀ ਮੈਜਿਸਟ੍ਰੇਟੀ ਜਾਂਚ ਦੇ ਹੁਕਮ ਦਿੱਤੇ ਗਏ ਹਨ ਪਰ ਮੁੱਢਲੀ ਜਾਂਚ ਤੋਂ ਪਤਾ ਚੱਲਿਆ ਹੈ ਕਿ ਬੱਸ ਚਾਲਕ ਤੋ ਬੇਕਾਬੂ ਹੋ ਕੇ ਸੜਕ ਤੋਂ ਪਲਟ ਕੇ ਗਹਿਰੀ ਖੱਡ ਵਿੱਚ ਜਾ ਡਿੱਗੀ।

 
Latest News
Magazine Archive