ਭਾਰਤ ਲਈ ਬੈਡਮਿੰਟਨ ਅਤੇ ਟੇਬਲ ਟੈਨਿਸ ਖਿਡਾਰੀਆਂ

ਨੇ ਜਿੱਤੇ ਗੋਲਡ ਮੈਡਲ


ਗੋਲਡ ਕੋਸਟ - ਕਿਦੰਬੀ ਸ੍ਰੀਕਾਂਤ ਅਤੇ ਸਾਇਨਾ ਨੇਹਵਾਲ ਦੀ ਅਗਵਾਈ ਵਿੱਚ ਬੈਡਮਿੰਟਨ ਟੀਮ, ਅਚੰਤ ਸ਼ਰਤ ਕਮਲ ਦੀ ਅਗਵਾਈ ਵਿੱਚ ਪੁਰਸ਼ ਟੇਬਲ ਟੈਨਿਸ ਟੀਮ ਅਤੇ ਸਟਾਰ ਨਿਸ਼ਾਨੇਬਾਜ਼ ਜੀਤੂ ਰਾਏ ਦੇ ਸੁਨਹਿਰੀ ਪ੍ਰਦਰਸ਼ਨ ਨਾਲ ਭਾਰਤ ਨੇ 21ਵੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਅੱਜ ਸੋਨ ਤਗ਼ਮਿਆਂ ਦੀ ਗਿਣਤੀ ਦਸ ਕਰ ਦਿੱਤੀ ਹੈ। ਤਗ਼ਮਿਆਂ ਦੀ ਸੂਚੀ ਵਿੱਚ ਭਾਰਤ ਹੁਣ ਤੀਜੇ ਸਥਾਨ ’ਤੇ ਪਹੁੰਚ ਗਿਆ ਹੈ। ਭਾਰਤ ਦੇ ਇਨ੍ਹਾਂ ਖੇਡਾਂ ਵਿੱਚ ਦਸ ਸੋਨੇ, ਚਾਰ ਚਾਂਦੀ ਅਤੇ ਪੰਜ ਕਾਂਸੀ ਸਣੇ 19 ਤਗ਼ਮੇ ਹੋ ਗਏ ਹਨ। ਮੇਜ਼ਬਾਨ ਆਸਟਰੇਲੀਆ 39 ਸੋਨ ਸਣੇ 106 ਤਗ਼ਮਿਆਂ ਨਾਲ ਪਹਿਲੇ ਅਤੇ ਇੰਗਲੈਂਡ 22 ਸੋਨੇ ਸਣੇ 63 ਤਗ਼ਮਿਆਂ ਨਾਲ ਦੂਜੇ ਸਥਾਨ ’ਤੇ ਹੈ। ਵੇਟਲਿਫਟਰਾਂ ਨੇ ਆਪਣੀ ਸ਼ਾਨਦਾਰ ਮੁਹਿੰਮ ਦਾ ਅੰਤ ਪ੍ਰਦੀਪ ਸਿੰਘ (105 ਕਿਲੋ) ਦੇ ਚਾਂਦੀ ਦੇ ਤਗ਼ਮੇ ਨਾਲ ਕੀਤਾ। ਭਾਰਤ ਦੇ ਹੀ ਓਮ ਪ੍ਰਕਾਸ਼ ਮਿਠਾਰਵਲ ਨੇ ਨਿਸ਼ਾਨੇਬਾਜ਼ੀ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਅਥਲੈਟਿਕਸ ਦੀ ਪੁਰਸ਼ ਉੱਚੀ ਛਾਲ ਵਿੱਚ ਤੇਜਸਵਿਨ ਸ਼ੰਕਰ ਪੰਜਵੇਂ ਸਥਾਨ ’ਤੇ ਰਿਹਾ। ਮਹਿਲਾ 400 ਮੀਟਰ ਹਿਟਜ਼ ਵਿੱਚ ਪੁਵੱਮਾ ਰਾਜੂ ਮਾਚੇਤਿਰਾ ਪੰਜਵੇਂ, ਹਿਮਾ ਦਾਸ ਤੀਜੇ ਸਥਾਨ ’ਤੇ ਰਹੀਆਂ। ਪੁਰਸ਼ ਗੋਲਾ ਸੁੱਟਣ ਦੇ ਫਾਈਨਲ ਵਿੱਚ ਤੇਜਿੰਦਰ ਸਿੰਘ ਅੱਠਵੇਂ ਸਥਾਨ ’ਤੇ ਰਿਹਾ। ਮਹਿਲਾ 10,000 ਮੀਟਰ ਫਾਈਨਲ ਵਿੱਚ ਸੂਰਿਆ ਲੋਗਨਾਥਨ 13ਵੇਂ ਸਥਾਨ ’ਤੇ ਰਹੀ। ਮੁੱਕੇਬਾਜ਼ੀ ਵਿੱਚ ਪੁਰਸ਼ (60 ਕਿਲੋ) ਦੇ ਕੁਆਰਟਰ ਫਾਈਨਲ ਵਿੱਚ ਮਨੀਸ਼ ਕੌਸ਼ਿਕ ਨੇ ਮਾਈਕਲ ਅਲੈਕਜ਼ੈਂਡਰ ਨੂੰ 4-0 ਨਾਲ, ਜਦਕਿ 52 ਕਿਲੋ ਦੇ ਇਸੇ ਮੁਕਾਬਲੇ ਵਿੱਚ ਗੌਰਵ ਸੋਲੰਕੀ ਨੇ ਅਕਿਸਮੋ ਅਨੰਗ ਅਮਫਿਯਾਹ ਨੂੰ 5-0 ਨਾਲ ਹਰਾਇਆ। ਲਾਨ ਬਾਲ ਦੇ ਮਹਿਲਾ ਡਬਲਜ਼ ਵਿੱਚ ਭਾਰਤ ਨੇ ਵੇਲਜ਼ ਨੂੰ 20-16 ਨਾਲ ਹਰਾਇਆ, ਜਦਕਿ ਟ੍ਰਿਪਲ ਸੈਕਸਨਲ ਪਲੇਅ ਵਿੱਚ ਫਿਜੀ ਨੇ ਭਾਰਤ ਨੂੰ 23-15 ਨਾਲ ਸ਼ਿਕਸਤ ਦਿੱਤੀ। ਪੁਰਸ਼ ਸਿੰਗਲ ਸੈਕਸਨਲ ਪਲੇਅ ਵਿੱਚ ਕ੍ਰਿਸ਼ਨਾ ਜਾਲਸੋ ਨੇ ਸੇਫਾਸ ਕਿਤਵਾਕਿ ਕਿਮਾਨੀ ਨੂੰ 21-12 ਨਾਲ ਮਾਤ ਦਿੱਤੀ। ਨਿਸ਼ਾਨੇਬਾਜ਼ੀ ਵਿੱਚ ਸ਼ੀਰਾਜ ਸ਼ੇਖ ਨੇ ਕੁਆਲੀਫਾਈ ਨਹੀਂ ਕੀਤਾ। ਤੈਰਾਕੀ ਦੇ ਪੁਰਸ਼ 50 ਮੀਟਰ ਫਰੀਸਟਾਈਲ ਵਿੱਚ ਵੀਰਧਵਲ ਖਾੜੇ ਆਪਣੀ ਹੀਟ ਵਿੱਚ ਛੇਵੇਂ ਸਥਾਨ ’ਤੇ ਰਹੇ। ਪੁਰਸ਼ 200 ਮੀਟਰ ਬੈਕਸਟ੍ਰੋਕ ਵਿੱਚ ਸ੍ਰੀ ਹਰਿ ਨਟਰਾਜ ਆਪਣੀ ਹੀਟ ਵਿੱਚ ਛੇਵਾਂ ਸਥਾਨ ਮੱਲਿਆ। ਵੇਟਲਿਫਟਿੰਗ ਵਿੱਚ ਪ੍ਰਦੀਪ ਨੇ ਚਾਂਦੀ ਦਾ ਤਗ਼ਮਾ ਜਿੱਤਿਆ। ਪੁਰਸ਼ 105 ਕਿਲੋ ਤੋਂ ਵੱਧ ਵਿੱਚ ਗੁਰਦੀਪ ਸਿੰਘ ਚੌਥੇ ਨੰਬਰ ’ਤੇ ਰਿਹਾ।  ਭਾਰਤ ਦੀ ਮਿਕਸਡ ਬੈਡਮਿੰਟਨ ਟੀਮ ਨੇ ਦੋ ਵਾਰ ਚੈਂਪੀਅਨ ਰਹੇ ਮਲੇਸ਼ੀਆ ਨੂੰ ਅੱਜ 3-1 ਨਾਲ ਹਰਾ ਕੇ ਰਾਸ਼ਟਰਮੰਡਲ ਖੇਡਾਂ ਵਿੱਚ ਪਹਿਲੀ ਵਾਰ ਸੋਨ ਤਗ਼ਮਾ ਜਿੱਤ ਲਿਆ। ਵਿਸ਼ਵ ਦੀ ਸਾਬਕਾ ਅੱਵਲ ਨੰਬਰ ਖਿਡਾਰਨ ਸਾਇਨਾ ਨੇਹਵਾਲ ਨੇ ਮਲੇਸ਼ੀਆ ਦੀ ਸੋਨੀਆ ਚਿਯਾਹ ਨੂੰ 21-11, 19-21, 21-9 ਨਾਲ ਹਰਾ ਕੇ ਭਾਰਤ ਦੀ ਝੋਲੀ ਸੋਨਾ ਪਾਇਆ। ਭਾਰਤ ਨੇ ਪਿਛਲੀਆਂ ਗਲਾਸਗੋ ਰਾਸ਼ਟਰਮੰਡਲ ਖੇਡਾਂ ਦੌਰਾਨ ਬੈਡਮਿੰਟਨ ਵਿੱਚ ਸਿੰਗਲ ਦੇ ਪੁਰਸ਼ ਵਰਗ ਵਿੱਚ ਸੋਨਾ, ਮਹਿਲਾਵਾਂ ਦੇ ਸਿੰਗਲ ’ਚ ਕਾਂਸੀ, ਪੁਰਸ਼ ਸਿੰਗਲ ’ਚ ਕਾਂਸੀ ਅਤੇ ਮਹਿਲਾ ਡਬਲਜ਼ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਸੀ। ਇਸ ਵਾਰ ਕਿਦੰਬੀ ਸ੍ਰੀਕਾਂਤ ਅਤੇ ਸਾਇਨਾ ਨੇਹਵਾਲ ਦੇ ਕਮਾਲ ਦੇ ਪ੍ਰਦਰਸ਼ਨ ਨਾਲ ਭਾਰਤ ਨੇ ਬੈਡਮਿੰਟਨ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਟੀਮ ਮੁਕਾਬਲੇ ਦਾ ਸੋਨ ਤਗ਼ਮਾ ਜਿੱਤ ਲਿਆ। ਇਨ੍ਹਾਂ ਖੇਡਾਂ ਵਿੱਚ ਵਿਅਕਤੀਗਤ ਮੁਕਾਬਲੇ ਮੰਗਲਵਾਰ ਤੋਂ ਸ਼ੁਰੂ ਹੋਣਗੇ। ਸਾਤਵਿਕ ਰੰਕੀਰੈਡੀ ਅਤੇ ਅਸ਼ਵਨੀ ਪੋਨੱਪਾ ਨੇ ਮਿਕਸਡ ਡਬਲਜ਼ ਮੈਚ ਵਿੱਚ ਪੇਂਗ ਸੂਨ ਚਾਨ ਅਤੇ ਲਿਯੂ ਯੌਂਗ ਗੋਹ ਨੂੰ ਹਰਾ ਕੇ ਭਾਰਤ ਨੂੰ ਚੰਗੀ ਸ਼ੁਰੂਆਤ ਦਿਵਾਈ।
ਟੇਬਲ ਟੈਨਿਸ: ਭਾਰਤੀ ਪੁਰਸ਼ ਟੀਮ ਨੇ ਜਿੱਤਿਆ ਸੋਨਾ
ਭਾਰਤੀ ਮਹਿਲਾਵਾਂ ਦੇ ਇਤਿਹਾਸਕ ਸੋਨ ਤਗ਼ਮੇ ਮਗਰੋਂ ਪੁਰਸ਼ ਟੀਮ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਨਾਈਜੀਰੀਆ ਨੂੰ 3-0 ਨਾਲ ਹਰਾ ਕੇ ਟੇਬਲ ਟੈਨਿਸ ਮੁਕਾਬਲੇ ਵਿੱਚ ਸੋਨ ਤਗ਼ਮਾ ਜਿੱਤ ਲਿਆ ਹੈ। ਭਾਰਤ ਦੀਆਂ ਪੁਰਸ਼ ਅਤੇ ਮਹਿਲਾ ਟੀਮਾਂ ਨੇ ਇਸ ਤਰ੍ਹਾਂ ਪਹਿਲੀ ਵਾਰ ਰਾਸ਼ਟਰਮੰਡਲ ਖੇਡਾਂ ਵਿੱਚ ਦੋ ਸੋਨ ਤਗ਼ਮੇ ਹਾਸਲ ਕੀਤੇ ਹਨ। ਮਹਿਲਾ ਟੀਮ ਨੇ ਬੀਤੇ ਦਿਨੀਂ ਸਿੰਗਾਪੁਰ ਨੂੰ 3-1 ਨਾਲ ਹਰਾ ਕੇ ਸੋਨ ਤਗ਼ਮਾ ਜਿੱਤਿਆ ਸੀ। ਪੁਰਸ਼ ਟੀਮ ਨੇ ਇੱਕ ਰੋਜ਼ਾ ਵਿੱਚ ਹੀ ਖੇਡੇ ਗਏ ਸੈਮੀ ਫਾਈਨਲ ਅਤੇ ਫਾਈਨਲ ਵਿੱਚ ਜਿੱਤਾਂ ਦਰਜ ਕੀਤੀਆਂ। ਭਾਰਤ ਨੇ ਇਸ ਤੋਂ ਪਹਿਲਾਂ ਸੈਮੀ ਫਾਈਨਲ ਵਿੱਚ ਸਿੰਗਾਪੁਰ ਨੂੰ ਨਜ਼ਦੀਕੀ ਮੁਕਾਬਲੇ ਵਿੱਚ 3-2 ਨਾਲ ਹਰਾਇਆ ਸੀ। ਫਾਈਨਲ ਵਿੱਚ ਦੇਸ਼ ਦੇ ਸੀਨੀਅਰ ਖਿਡਾਰੀ ਅਚੰਤ ਸ਼ਰਤ ਕਮਲ ਨੇ ਲਾਜਵਾਬ ਪ੍ਰਦਰਸ਼ਨ ਕੀਤਾ। ਨਾਈਜੀਰੀਆ ਨੂੰ ਚਾਂਦੀ ਮਿਲੀ, ਜਦਕਿ ਇਸ ਤੋਂ ਪਹਿਲਾਂ ਇੰਗਲੈਂਡ ਨੇ ਸਿੰਗਾਪੁਰ ਨੂੰ 3-0 ਨਾਲ ਹਰਾ ਕੇ ਕਾਂਸੀ ਦਾ ਤਗ਼ਮਾ ਜਿੱਤਿਆ।
ਨਿਸ਼ਾਨੇਬਾਜ਼ੀ: ਜੀਤੂ ਨੂੰ ਸੋਨਾ ਅਤੇ ਮੇਹੁਲੀ ਨੂੰ ਚਾਂਦੀ ਮਿਲੀ
ਭਾਰਤ ਦੇ ਨਿਸ਼ਾਨੇਬਾਜ਼ ਜੀਤੂ ਰਾਏ ਨੇ ਉਮੀਦਾਂ ’ਤੇ ਖਰਾ ਉਤਰਦਿਆਂ ਰਾਸ਼ਟਰਮੰਡਲ ਖੇਡਾਂ ਦੇ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿੱਚ ਨਵੇਂ ਰਿਕਾਰਡ ਨਾਲ ਸੋਨ ਤਗ਼ਮਾ ਅਤੇ ਓਮ ਪ੍ਰਕਾਸ਼ ਮਿਠਾਰਵਾਲ, ਜਦਕਿ ਮਹਿਲਾਵਾਂ ਦੇ ਇਸੇ ਮੁਕਾਬਲੇ ਵਿੱਚ ਮੇਹੁਲੀ ਘੋਸ਼ ਨੂੰ ਚਾਂਦੀ ਅਤੇ ਅਪੂਰਵੀ ਚੰਦੇਲਾ ਨੂੰ ਕਾਂਸੀ ਦਾ ਤਗ਼ਮਾ ਮਿਲਿਆ।  ਪੁਰਸ਼ਾਂ ਦੇ ਸਕੀਟ ਫਾਈਨਲ ਵਿੱਚ ਸਮੀਤ ਸਿੰਘ ਨਮੋਸ਼ੀਜਨਕ ਪ੍ਰਦਰਸ਼ਨ ਕਰਦਿਆਂ ਛੇਵੇਂ ਸਥਾਨ ’ਤੇ ਰਿਹਾ। ਇੱਥੇ ਬੇਲਮੋਂਟ ਸ਼ੂਟਿੰਗ ਸੈਂਟਰ ਵਿੱਚ ਵਿਸ਼ਵ ਚੈਂਪੀਅਨਸ਼ਿਪ ਚਾਂਦੀ ਦਾ ਤਗ਼ਮਾ ਜੇਤੂ ਜੀਤੂ ਰਾਏ ਨੇ ਪੁਰਸ਼ਾਂ ਦੇ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿੱਚ ਸਭ ਤੋਂ ਵੱਧ 235.1 ਅੰਕਾਂ ਨਾਲ ਚੋਟੀ ਦਾ ਸਥਾਨ ਹਾਸਲ ਕੀਤਾ ਅਤੇ ਸੋਨ ਤਗ਼ਮਾ ਜਿੱਤਿਆ, ਜਦੋਂਕਿ ਮਿਠਾਰਵਾਲ 214.3 ਦੇ ਸਕੋਰ ਨਾਲ ਤੀਜੇ ਸਥਾਨ ’ਤੇ ਰਿਹਾ।
ਵੇਟਲਿਫਟਿੰਗ ਵਿੱਚ ਭਾਰਤ ਨੂੰ ਇੱਕ ਹੋਰ ਤਗ਼ਮਾ
ਭਾਰਤੀ ਵੇਟਲਿਫਟਰਾਂ ਦੀ ਮੁਹਿੰਮ ਨੂੰ ਅੱਗੇ ਵਧਾਉਂਦਿਆਂ ਪ੍ਰਦੀਪ ਸਿੰਘ ਨੇ ਅੱਜ ਪੁਰਸ਼ਾਂ ਦੇ 105 ਕਿਲੋ ਭਾਰ ਵਰਗ ਵਿੱਚ ਚਾਂਦੀ ਜਿੱਤ ਲਈ ਹੈ, ਜਦਕਿ ਪੂਰਨਿਮਾ ਪਾਂਡੇ ਮਹਿਲਾਵਾਂ ਦੇ 90 ਕਿਲੋਗ੍ਰਾਮ ਤੋਂ ਵੱਧ ਵਰਗ ਵਿੱਚ ਛੇਵੇਂ ਅਤੇ ਲਾਲਛੇਨਿਮੀ 90 ਕਿਲੋ ਵਰਗ ਵਿੱਚ ਅੱਠਵੇਂ ਸਥਾਨ ’ਤੇ ਰਹੀਆਂ। ਪ੍ਰਦੀਪ ਨੇ ਆਪਣੇ ਭਾਰ ਵਰਗ ਵਿੱਚ ਕੁੱਲ 352 ਕਿਲੋ ਵਜ਼ਨ ਚੁੱਕਿਆ। ਉਸ ਨੇ ਸਨੈਚ ਵਿੱਚ 152 ਕਿਲੋ ਅਤੇ ਕਲੀਨ ਐਂਡ ਜ਼ਰਕ ਵਿੱਚ 200 ਕਿਲੋ ਭਾਰ ਚੁੱਕ ਕੇ ਚਾਂਦੀ ਦਾ ਤਗ਼ਮਾ ਆਪਣੇ ਨਾਮ ਕੀਤਾ।
ਮਿਲਖਾ ਸਿੰਘ ਮਗਰੋਂ ਅਨਸ ਨੇ ਰਚਿਆ ਇਤਿਹਾਸ
ਗੋਲਡ ਕੋਸਟ - ਭਾਰਤ ਦਾ ਤੇਜਿੰਦਰ ਸਿੰਘ ਰਾਸ਼ਟਰਮੰਡਲ ਖੇਡਾਂ ਦੇ ਸ਼ਾਟ-ਪੁੱਟ ਮੁਕਾਬਲੇ ਵਿੱਚ ਅੱਜ ਅੱਠਵੇਂ ਸਥਾਨ ’ਤੇ ਰਿਹਾ, ਜਦੋਂਕਿ ਮੁਹੰਮਦ ਅਨਸ ਯਾਹੀਆ ਨੇ ਪੁਰਸ਼ 400 ਮੀਟਰ ਅਤੇ ਤੇਜਸਵਿਨ ਸ਼ੰਕਰ ਨੇ ਉੱਚੀ ਛਾਲ ਮੁਕਾਬਲੇ ਦੇ ਫਾਈਨਲ ਲਈ ਕੁਆਲੀਫਾਈ ਕਰ ਲਿਆ। ਉਡਨਾ ਸਿੱਖ ਮਿਲਖਾ ਸਿੰਘ ਮਗਰੋਂ ਅਨਸ 400 ਮੀਟਰ ਦੇ ਫਾਈਨਲ ਵਿੱਚ ਪਹੁੰਚਣ ਵਾਲਾ ਪਹਿਲਾ ਭਾਰਤੀ ਬਣ ਗਿਆ ਹੈ। ਅਨਸ ਨੇ 45.44 ਸੈਕਿੰਡ ਦਾ ਸਮਾਂ ਕੱਢ ਕੇ ਆਪਣੀ ਸੈਮੀ ਫਾਈਨਲ ਹੀਟ ਜਿੱਤੀ। ਹਾਲਾਂਕਿ ਉਹ 45.32 (ਦਿੱਲੀ, 2017) ਦੇ ਆਪਣੇ ਕੌਮੀ ਰਿਕਾਰਡ ਤੋਂ ਹੌਲੀ ਰਿਹਾ।

 

 

fbbg-image

Latest News
Magazine Archive