ਸੀਬੀਐਸਈ ਪੇਪਰ ਲੀਕ ਕੇਸ ਵਿੱਚ ਊਨਾ ਤੋਂ ਤਿੰਨ ਗ੍ਰਿਫ਼ਤਾਰ


ਊਨਾ - ਸੀਬੀਐਸਈ ਪੇਪਰ ਲੀਕ ਮਾਮਲੇ ਦੀਆਂ ਤਾਰਾਂ ਹਿਮਾਚਲ ਪ੍ਰਦੇਸ਼ ਦੇ ਸ਼ਹਿਰ ਊਨਾ ਨਾਲ ਵੀ ਜੁੜ ਗਈਆਂ ਹਨ। ਦਿੱਲੀ ਪੁਲੀਸ ਦੀ ਕਰਾਈਮ ਬਰਾਂਚ ਨੇ ਹਿਮਾਚਲ ਪ੍ਰਦੇਸ਼ ਦੇ ਸ਼ਹਿਰ ਊਨਾ ਵਿੱਚ ਪੁੱਜ ਕੇ ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਸ਼ਹਿਰ ਦੇ ਇੱਕ ਪ੍ਰਾਈਵੇਟ ਸਕੂਲ ਤੋਂ ਉਨ੍ਹਾਂ ਬਾਰੇ ਅਹਿਮ ਜਾਣਕਾਰੀ ਇਕੱਤਰ ਕੀਤੀ ਹੈ। ਸਕੂਲ ਦੇ ਪ੍ਰਿੰਸੀਪਲ ਤੋਂ ਵੀ ਕਰਾਈਮ ਬਰਾਂਚ ਨੇ ਲੱਗਪਗ ਢਾਈ ਘੰਟੇ ਤੱਕ ਪੁੱਛਗਿਛ ਕੀਤੀ ਪਰ ਪ੍ਰਿੰਸੀਪਲ ਨੂੰ ਗ੍ਰਿਫ਼ਤਾਰ ਨਹੀਂ ਕੀਤਾ। ਗ੍ਰਿਫ਼ਤਾਰ ਮੁਲਜ਼ਮਾਂ ਵਿੱਚ ਸੈਂਟਰ ਸੁਪਰਡੈਂਟ ਰਾਕੇਸ਼ ਕੁਮਾਰ (ਪੀਜੀਟੀ ਕਾਮਰਸ), ਅਮਿਤ ਕੁਮਾਰ ਕਲਰਕ ਅਤੇ ਸਕੂਲ ਦਾ ਚਪੜਾਸੀ ਅਸ਼ੋਕ ਕੁਮਾਰ ਸ਼ਾਮਲ ਹਨ। ਇਹ ਡੀਏਵੀ ਸਕੂਲ ਊਨਾ ਦੇ ਨਾਲ ਸਬੰਧਤ ਹਨ। ਇਨ੍ਹਾਂ ਉੱਤੇ ਦੋਸ਼ ਹੈ ਕਿ ਇਨ੍ਹਾਂ ਨੇ ਬਾਰ੍ਹਵੀਂ  ਜਮਾਤ ਦਾ ਪੇਪਰ ਲੀਕ ਕੀਤਾ ਸੀ। 28 ਮਾਰਚ ਨੂੰ ਬਾਰ੍ਹਵੀਂ ਦਾ ਇਕਨੌਮਿਕਸ ਦਾ ਪੇਪਰ ਹੱਥ ਨਾਲ ਲਿਖ ਕੇ ਲੀਕ ਕੀਤਾ ਗਿਆ ਸੀ। ਪੁਲੀਸ ਅਧਿਕਰੀਆਂ ਨੇ ਦੱਸਿਆ ਹੈ ਕਿ ਇਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਦਿੱਲੀ ਲਿਜਾਇਆ ਗਿਆ ਹੈ ਅਤੇ ਇਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਸਕੂਲ ਦੇ ਪ੍ਰਿੰਸੀਪਲ ਨੇ ਦੱਸਿਆ ਕਿ ਕਰਾਈਮ ਬਰਾਂਚ ਟੀਮ ਨੂੰ ਮੁਲਜ਼ਮਾਂ ਦੇ ਨਾਲ ਸਬੰਧਤ ਸਾਰੀ ਜ਼ਰੂਰੀ ਜਾਣਕਾਰੀ ਉਪਲੱਬਧ ਕਰਾ ਦਿੱਤੀ ਗਈ ਹੈ।ਪ੍ਰਿੰਸੀਪਲ ਨੇ ਇਨ੍ਹਾਂ ਤਿੰਨਾਂ ਮੁਲਾਜ਼ਮਾਂ ਦੀ ਗ੍ਰਿਫਤਾਰੀ ਤੋਂ ਅਣਜਾਣਤਾ ਪ੍ਰਗਟਾਈ ਹੈ।
ਨਵੀਂ ਦਿੱਲੀ: ਦਿੱਲੀ ਪੁਲੀਸ ਦੀ ਕਰਾਈਮ ਸ਼ਾਖਾ ਦੇ ਵਿਸ਼ੇਸ਼ ਕਮਿਸ਼ਨਰ ਆਰ ਪੀ ਉਪਾਧਿਆਏ ਨੇ ਅੱਜ ਜਾਣਕਾਰੀ ਦਿੱਤੀ ਹੈ ਕਿ ਬਾਰ੍ਹਵੀਂ ਦਾ ਇਕਨੌਮਿਕਸ ਦਾ ਪੇਪਰ ਨਿਰਧਾਰਤ ਤਰੀਕ ਤੋਂ ਤਿੰਨ ਦਿਨ ਪਹਿਲਾਂ 23 ਮਾਰਚ ਨੂੰ ਊਨਾ ਤੋਂ ਲੀਕ ਹੋਇਆ ਸੀ। ਇਸ ਨੂੰ ਵਟਸਐਪ ਦੇ 40 ਗਰੁੱਪਾਂ ਉੱਤੇ ਸ਼ੇਅਰ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਰਾਕੇਸ਼ ਕੁਮਾਰ ਊਨਾ ਦੇ ਡੀਏਵੀ ਸਕੂਲ ਵਿੱਚ ਪਿਛਲੇ ਅੱਠ ਸਾਲ ਤੋਂ ਇਕਨੌਮਿਕਸ ਦਾ ਲੈਕਚਰਰ ਸੀ ਅਤੇ ਉਹ ਊਨਾ ਦੇ ਜਵਾਹਰ ਨਵੋਦਿਆ ਵਿਦਿਆਲਿਆ ਵਿੱਚ ਸੈਂਟਰ ਸੁਪਰਡੈਂਟ ਸੀ, ਜਿੱਥੇ ਸੀਬੀਐਸਈ ਦੀ ਪ੍ਰੀਖਿਆ ਚੱਲ ਰਹੀ ਸੀ।
ਪੁਲੀਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ 23 ਮਾਰਚ ਨੂੰ ਰਾਕੇਸ਼ ਕੁਮਾਰ ਨੇ ਯੂਨੀਅਨ ਬੈਂਕ ਦੇ ਸਟਰਾਂਗ ਰੂਮ ਤੋਂ ਕੰੰਪਿਊਟਰ ਸਾਇੰਸ ਦੇ ਪ੍ਰਸ਼ਨ ਪੱਤਰ ਹਾਸਲ ਹਾਸਲ ਕੀਤੇ ਤੇ ਇਹ ਪੇਪਰ ਉਸ ਦਿਨ ਹੀ ਸੀ ਪਰ ਉਸਨੇ ਇਸ ਦੌਰਾਨ ਹੀ ਇਕਨੌਮਿਕਸ ਦੇ ਪੇਪਰ ਦਾ ਇੱਕ ਬੰਡਲ ਵੀ ਚੁੱਕ ਲਿਆ ਸੀ। ਜਦੋਂ ਉਹ ਜਵਾਹਰ ਨਵੋਦਿਆ ਵਿੱਚ ਕੰਪਿਊਟਰ ਸਾਇੰਸ ਦਾ ਪੇਪਰ ਲੈ ਕੇ ਗਿਆ ਤਾਂ ਉਸ ਨੇ ਆਪਣੇ ਸਾਥੀਆਂ ਅਮਿਤ ਅਤੇ ਅਸ਼ੋਕ ਨੂੰ ਇਕਨੌਮਿਕਸ ਦਾ ਪੇਪਰ ਵੀ ਸੌਂਪ ਦਿੱਤਾ। ਦੋਵਾਂ ਨੇ ਪੇਪਰ ਦੀ ਇੱਕ ਕਾਪੀ ਕੱਢ ਲਈ ਅਤੇ ਇਸ ਨੂੰ ਵਟਸ ਐਪ ਰਾਹੀਂ ਰਕੇਸ਼ ਕੁਮਾਰ ਨੂੰ ਭੇਜ ਦਿੱਤਾ। ਰਕੇਸ਼ ਕੁਮਾਰ ਨੇ ਇਸ ਦੀ ਹੱਥਲਿਖਤ ਆਪਣੇ ਇੱਕ ਵਿਦਿਆਰਥੀ ਜਿਸ ਨੂੰ ਉਹ ਟਿਊਸ਼ਨ ਪੜ੍ਹਾਉਂਦਾ ਸੀ, ਤੋਂ ਹਾਸਲ ਕਰ ਲਈ। ਪੁਲੀਸ ਅਨੁਸਾਰ ਪੇਪਰ ਲੀਕ ਮਾਮਲੇ ਵਿੱਚ ਪੈਸੇ ਦਾ ਲੈਣ ਦੇਣ ਸਾਹਮਣੇ ਨਹੀ ਆਇਆ, ਰਾਕੇਸ਼ ਕੁਮਾਰ ਆਪਣੇ ਕਮਜ਼ੋਰ ਵਿਦਿਆਰਥੀ ਦੀ ਸਹਾਇਤਾ ਕਰਨੀ ਚਾਹੁੰਦਾ ਸੀ।
ਚੰਡੀਗੜ੍ਹ ਨਾਲ ਵੀ ਜੁੜੀ ਤਾਰ
ਰਾਕੇਸ਼ ਕੁਮਾਰ ਨੇ ਇਕਨੌਮਿਕਸ ਦੇ ਪੇਪਰ ਦੀ ਹੱਥ ਲਿਖਤ ਕਾਪੀ ਚੰਡੀਗੜ੍ਹ ਵਿੱਚ ਆਪਣੇ ਰਿਸ਼ਤੇਦਾਰ ਨੂੰ ਵੀ ਭੇਜ ਦਿੱਤੀ, ਜਿਸ ਦਾ ਪੁੱਤਰ 12ਵੀਂ ਜਮਾਤ ਦੀ ਪ੍ਰੀਖਿਆ ਦੇ ਰਿਹਾ ਸੀ। ਇਸ ਤਰ੍ਹਾਂ ਪੇਪਰ ਦੀ ਹੱਥ ਲਿਖਤ ਕਾਪੀ ਵੱਟਸਐਪ ਗਰੁੱਪਾਂ ਵਿੱਚ ਲੀਕ ਹੋ ਗਈ।

 

 

fbbg-image

Latest News
Magazine Archive