ਭਾਰਤ ਤੇ ਨੇਪਾਲ ਆਪਸੀ ਸਬੰਧਾਂ ਨੂੰ ਦੇਣਗੇ ਨਵੀਂ ਬੁਲੰਦੀ


ਨਵੀਂ ਦਿੱਲੀ - ਭਾਰਤ ਤੇ ਨੇਪਾਲ ਦੇ ਰਿਸ਼ਤਿਆਂ ਨੂੰ ਮੁੜ ਥਾਂ-ਸਿਰ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਨੇਪਾਲੀ ਹਮਰੁਤਬਾ ਕੇ.ਪੀ. ਸ਼ਰਮਾ ਓਲੀ ਨੇ ਅੱਜ ਇਥੇ ਵਿਆਪਕ ਗੱਲਬਾਤ ਕੀਤੀ। ਇਸ ਸਬੰਧੀ ਜਾਰੀ ਇਕ ਸਾਂਝੇ ਬਿਆਨ ਮੁਤਾਬਕ ਦੋਵਾਂ ਮੁਲਕਾਂ ਨੇ ਸਮੁੱਚੇ ਤੌਰ ’ਤੇ ਆਪਸੀ ਮੇਲਜੋਲ ਵਧਾਉਣ ਅਤੇ ‘ਬਰਾਬਰੀ, ਆਪਸੀ ਭਰੋਸੇ ਅਤੇ ਸਤਿਕਾਰ’ ਦੇ ਆਧਾਰ ’ਤੇ ਆਪਣੇ ਸਬੰਧਾਂ ਨੂੰ ਨਵੀਆਂ ਬੁਲੰਦੀਆਂ ’ਤੇ ਪਹੁੰਚਾਉਣ ਦਾ ਅਹਿਦ ਲਿਆ ਹੈ।
ਇਸ ਵਫ਼ਦ ਪੱਧਰੀ ਗੱਲਬਾਤ ਤੋਂ ਬਾਅਦ ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਹਮੇਸ਼ਾ ਨੇਪਾਲ ਦੀ ਸਰਬਪੱਖੀ ਤਰੱਕੀ ਲਈ ਆਪਣੇ ਇਸ ਗੁਆਂਢੀ ਦੇ ਨਾਲ ਖੜ੍ਹੇਗਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਨ੍ਹਾਂ ਦੋਵਾਂ ਰਵਾਇਤੀ ਰਿਸ਼ਤਿਆਂ ਵਾਲੇ ਮੁਲਕਾਂ ਦੇ ਗੂੜ੍ਹੇ ਸਬੰਧ ਨੇਪਾਲ ਵਿੱਚ ਜਮਹੂਰੀਅਤ ਦੀਆਂ ਜੜ੍ਹਾਂ ਮਜ਼ਬੂਤ ਕਰਨਗੇ।  ਦੂਜੇ ਪਾਸੇ ਸ੍ਰੀ ਓਲੀ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੋਵਾਂ ਮੁਲਕਾਂ     ਦਰਮਿਆਨ ‘ਭਰੋਸਾ ਆਧਾਰਿਤ’ ਮਜ਼ਬੂਤ ਰਿਸ਼ਤੇ ਕਾਇਮ ਕਰਨ ਦੀ ਹਾਮੀ ਹੈ। ਗ਼ੌਰਤਲਬ ਹੈ ਕਿ ਸ੍ਰੀ ਓਲੀ ਨੂੰ ਨੇਪਾਲ ਦੇ ਭਾਰਤ ਨਾਲੋਂ ਚੀਨ ਨਾਲ ਵਧੇਰੇ ਨਜ਼ਦੀਕੀ ਰਿਸ਼ਤੇ ਬਣਾਉਣ ਦੇ ਚਾਹਵਾਨ ਵਜੋਂ ਦੇਖਿਆ ਜਾਂਦਾ ਹੈ। ਸ੍ਰੀ ਮੋਦੀ ਦੀ ਹਾਜ਼ਰੀ ਵਿੱਚ ਆਪਣੇ ਬਿਆਨ ’ਚ ਸ੍ਰੀ ਓਲੀ ਨੇ ਕਿਹਾ, ‘‘ਗੁਆਂਢੀਆਂ ਦੇ ਰਿਸ਼ਤੇ ਹੋਰਨਾਂ ਨਾਲੋਂ ਨਿਵੇਕਲੇ ਹੁੰਦੇ ਹਨ। ਗੁਆਂਢ ਵਿੱਚ ਬਰਾਬਰੀ, ਨਿਆਂ, ਆਪਸੀ ਸਤਿਕਾਰ ਤੇ ਲਾਭ ਦੇ ਸਿਧਾਂਤਾਂ ਵਾਲੇ ਜ਼ਰੂਰੀ ਪੱਖਾਂ ’ਤੇ ਆਧਾਰਿਤ ਪੁਰਅਮਨ ਸਹਿਹੋਂਦ ਦੀ ਲੋੜ ਹੁੰਦੀ ਹੈ।’’ ਇਸ ਮੌਕੇ ਵਿਦੇਸ਼ ਸਕੱਤਰ ਵਿਜੇ ਗੋਖਲੇ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਦੋਵੇਂ ਪ੍ਰਧਾਨ ਮੰਤਰੀਆਂ ਨੇ ਗੱਲਬਾਤ ਨੂੰ ‘ਬਹੁਤ ਤਸੱਲੀਬਖ਼ਸ਼’ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਮੌਕੇ ਰੱਖਿਆ ਤੇ ਸੁਰੱਖਿਆ, ਖੇਤੀਬਾੜੀ ਅਤੇ ਵਪਾਰ ਵਿੱਚ ਆਪਸੀ ਸਹਿਯੋਗ ਵਧਾਉਣ ਅਤੇ ਰੇਲਵੇ ਨੈਟਵਰਕ ਤੇ ਜਲ ਮਾਰਗਾਂ ਰਾਹੀਂ ਆਪਸੀ ਸੰਪਰਕ ਵਧਾਉਣ ਨੂੰ ਵਧੇਰੇ ਤਵੱਜੋ ਦਿੱਤੀ ਗਈ।
ਸ੍ਰੀ ਓਲੀ ਨੇ ਕਿਹਾ, ‘‘ਇਸ ਵਾਰ ਮੈਂ ਆਪਸੀ ਰਿਸ਼ਤਿਆਂ ਨੂੰ ਨਵੀਆਂ ਬੁਲੰਦੀਆਂ ’ਤੇ ਲਿਜਾਣ ਦੇ ਰਸਤੇ ਤਲਾਸ਼ਣ ਦੇ ਮਿਸ਼ਨ ਤਹਿਤ ਭਾਰਤ ਆਇਆ ਹਾਂ, ਜੋ 21ਵੀਂ ਸਦੀ ਦੀਆਂ ਹਕੀਕਤਾਂ ਨਾਲ ਇਕਸੁਰ ਹੋਣ। ਅਸੀਂ ਬਹੁਤ ਹੀ ਕਰੀਬੀ ਗੁਆਂਢੀ ਹੋਣ ਦੇ ਨਾਤੇ ਭਰੋਸਾ ਆਧਾਰਿਤ ਰਿਸ਼ਤਿਆਂ ਦਾ ਇਕ ਮਜ਼ਬੂਤ ਗੜ੍ਹ ਕਾਇਮ ਕਰਾਂਗੇ। ਅਸੀਂ ਇਕ ਨਮੂਨੇ ਦੇ ਰਿਸ਼ਤੇ ਸਿਰਜਣ ਦੇ ਚਾਹਵਾਨ ਹਾਂ।’’
ਗ਼ੌਰਤਲਬ ਹੈ ਕਿ ਨੇਪਾਲ ਵਿੱਚ ਖੱਬੇ ਪੱਖੀ ਗੱਠਜੋੜ ਦੇ ਚੋਣਾਂ ਜਿੱਤਣ ਤੋਂ ਬਾਅਦ ਸੰਕੇਤ ਸਨ ਕਿ ਨੇਪਾਲ ਵਿੱਚ ਭਾਰਤ ਪ੍ਰਤੀ ਬੇਗ਼ਾਨਗੀ ਵਧੇਗੀ। ਦੱਸਣਯੋਗ ਹੈ ਕਿ 2016 ਵਿੱਚ ਸ੍ਰੀ ਓਲੀ ਨੇ ਸ਼ਰ੍ਹੇਆਮ ਭਾਰਤ ਦੀ ਨੁਕਤਾਚੀਨੀ ਕਰਦਿਆਂ ਇਸ ’ਤੇ ਆਪਣੀ ਸਰਕਾਰ ਨੂੰ ਡੇਗਣ ਲਈ ਨੇਪਾਲ ਦੇ ਅੰਦਰੂਨੀ ਮਾਮਲਿਆਂ ਵਿੱਚ ਦਖ਼ਲ ਦੇਣ ਦੇ ਦੋਸ਼ ਲਾਏ ਸਨ।
ਅੱਜ ਸ੍ਰੀ ਓਲੀ ਨੇ ਕਿਹਾ, ‘‘ਕਰੀਬੀ ਰਿਸ਼ਤਿਆਂ ਵਾਲੇ ਗੁਆਂਢੀ ਹੋਣ ਦੇ ਨਾਤੇ ਸਾਡੀ ਹੋਣੀ ਆਪਸ ਵਿੱਚ ਜੁੜੀ ਹੋਈ ਹੈ। ਖ਼ੁਸ਼ਹਾਲੀ ਹੀ ਸਾਡਾ ਸਾਂਝਾ ਟੀਚਾ ਹੈ।’’
ਸ੍ਰੀ ਗੋਖਲੇ ਨੇ ਕਿਹਾ ਕਿ ਸ੍ਰੀ ਮੋਦੀ ਨੇ ਸ੍ਰੀ ਓਲੀ ਨੂੰ ਇਹੋ ਸੁਨੇਹਾ ਦਿੱਤਾ ਹੈ ਕਿ ਭਾਰਤ ਹਮੇਸ਼ਾ ਨੇਪਾਲ ਦਾ ਭਰੋਸੇਮੰਦ ਭਾਈਵਾਲ ਬਣਿਆ ਰਹੇਗਾ ਅਤੇ ਇਹ ਕਾਠਮੰਡੂ ਨਾਲ ਆਪਣੇ ਰਿਸ਼ਤੇ ਮਜ਼ਬੂਤ ਕਰਨ ਲਈ ਵਚਨਬੱਧ ਹੈ।
ਇਸ ਮੌਕੇ ਦੋਵਾਂ ਪ੍ਰਧਾਨ ਮੰਤਰੀਆਂ ਨੇ ਦੋਵਾਂ ਮੁਲਕਾਂ ਦੇ ਕਿਸਾਨਾਂ ਦੇ ਭਲੇ ਲਈ ਖੇਤੀ ਖੇਤਰ ਵਿੱਚ ਵੀ ਆਪਣੇ ਸਬੰਧਾਂ ਨੂੰ ਨਵਾਂ ਹੁਲਾਰਾ ਦੇਣ ਦੀ ਗੱਲ ਕਹੀ ਹੈ।
ਸਾਂਝੇ ਬਿਆਨ ਵਿੱਚ ਕਿਹਾ ਗਿਆ ਹੈ, ‘‘ਭਾਰਤ ਤੇ ਨੇਪਾਲ ਦੇ ਪ੍ਰਧਾਨ ਮੰਤਰੀਆਂ ਨੇ ਖੇਤੀਬਾੜੀ ਸਾਇੰਸ ਤੇ ਤਕਨਾਲੋਜੀ, ਖੇਤੀ ਪੈਦਾਵਾਰ ਅਤੇ ਐਗਰੋ-ਪ੍ਰਾਸੈਸਿੰਗ ਦੇ ਖੇਤਰਾਂ ਵਿੱਚ ਵੀ ਆਪਸੀ ਸਹਿਯੋਗ ਵਧਾਉਣ ਦਾ ਅਹਿਦ ਲਿਆ ਹੈ।’’
 

 

 

fbbg-image

Latest News
Magazine Archive