ਸ਼੍ਰੋਮਣੀ ਕਮੇਟੀ ਨੇ ਕਾਂਟਾ ਬਦਲਿਆ; ਹੁਣ

‘ਨਾਨਕ ਸ਼ਾਹ ਫ਼ਕੀਰ’ ’ਤੇ ਮੰਗੀ ਰੋਕ


ਅੰਮ੍ਰਿਤਸਰ - ਫਿਲਮ ‘ਨਾਨਕ ਸ਼ਾਹ ਫ਼ਕੀਰ’ ਦੀ ਰਿਲੀਜ਼ ਮਿਤੀ ਨੇੜੇ ਆਉਣ ’ਤੇ ਇਸ ਖ਼ਿਲਾਫ਼ ਰੋਹ ਵੀ ਤੇਜ਼ ਹੋਣ ਲੱਗ ਪਿਆ ਹੈ। ਅੱਜ ਇਥੇ ਸਿੱਖ ਭਾਈਚਾਰੇ ਵੱਲੋਂ ਫਿਲਮ ਖ਼ਿਲਾਫ਼ ਰੋਸ ਵਿਖਾਵਾ ਕੀਤਾ ਅਤੇ ਧਰਨਾ ਦਿੱਤਾ ਗਿਆ। ਇਸ ਦੌਰਾਨ ਸ਼੍ਰੋਮਣੀ ਕਮੇਟੀ ਵਲੋਂ ਫਿਲਮ ਨੂੰ ਵਾਚਣ ਲਈ ਬਣਾਈ ਗਈ ਸਬ ਕਮੇਟੀ ਵਲੋਂ ਫਿਲਮ ਦੇ ਨਿਰਦੇਸ਼ਕ ਹਰਿੰਦਰ ਸਿੰਘ ਸਿੱਕਾ ਨੂੰ ਇਥੇ ਸੱਦਿਆ ਗਿਆ ਸੀ ਪਰ ਉਨ੍ਹਾਂ ਦੇ ਨਾ ਆਉਣ ਮਗਰੋਂ ਸਿੱਖ ਸੰਸਥਾ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਇਸ ਫਿਲਮ ’ਤੇ ਰੋਕ ਲਾਈ ਜਾਵੇ।
ਫਿਲਮ ਦੇ ਨਿਰਦੇਸ਼ਕ ਵਲੋਂ ਇਸ ਫਿਲਮ ਨੂੰ 13 ਅਪਰੈਲ ਨੂੰ ਰਿਲੀਜ਼ ਕਰਨ ਦਾ ਐਲਾਨ ਕੀਤਾ ਗਿਆ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵਲੋਂ ਅੱਜ ਇਸ ਮਾਮਲੇ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਅਤੇ ਕੇਂਦਰੀ ਸੂਚਨਾ ਤੇ ਪ੍ਰਸਾਰਨ ਮੰਤਰੀ ਸਮ੍ਰਿਤੀ ਇਰਾਨੀ ਸਮੇਤ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਗਈ ਹੈ ਕਿ ਇਸ ਫਿਲਮ ’ਤੇ ਰੋਕ ਲਾਈ ਜਾਵੇ। ਸ਼੍ਰੋਮਣੀ ਕਮੇਟੀ ਵਲੋਂ ਇਸ ਸਬੰਧੀ ਕੇਂਦਰ ਅਤੇ ਸੂਬਾ ਸਰਕਾਰ ਦੇ ਵੱਖ ਵੱਖ ਮੰਤਰੀਆਂ ਨੂੰ ਇਸ ਸਬੰਧੀ ਪੱਤਰ ਵੀ ਭੇਜੇ ਗਏ ਹਨ। ਸਿੱਖ ਸੰਸਥਾ ਨੇ ਆਖਿਆ ਕਿ ਸਿੱਖ ਭਾਵਨਾਵਾਂ ਨੂੰ ਧਿਆਨ ਵਿਚ ਰੱਖਦਿਆਂ ਫਿਲਮ ਨੂੰ ਜਾਰੀ ਨਾ ਹੋਣ ਦਿੱਤਾ ਜਾਵੇ।
ਇਸ ਤੋਂ ਪਹਿਲਾਂ ਅੱਜ ਫਿਲਮ ਨੂੰ ਮੁੜ ਘੋਖਣ ਲਈ ਸਬ ਕਮੇਟੀ ਵਲੋਂ ਮੀਟਿੰਗ ਸੱਦੀ ਗਈ ਸੀ। ਸਬ ਕਮੇਟੀ ਵਲੋਂ ਇਸ ਸਬੰਧੀ ਫਿਲਮ ਦੇ ਨਿਰਦੇਸ਼ਕ ਨੂੰ ਵੀ ਸੱਦਿਆ ਗਿਆ ਸੀ। ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਨਿਰਦੇਸ਼ਕ ਫਿਲਮ ਨੂੰ 13 ਅਪਰੈਲ ਨੂੰ ਰਿਲੀਜ਼ ਕਰਨ ਲਈ ਬਜ਼ਿੱਦ ਹੈ ਅਤੇ ਜੇ ਫਿਲਮ ਰਿਲੀਜ਼ ਹੁੰਦੀ ਹੈ ਤਾਂ ਸਿੱਖਾਂ ਵਿਚ ਰੋਹ ਵਧ ਸਕਦਾ ਹੈ। ਉਨ੍ਹਾਂ ਕੇਂਦਰ ਤੇ ਸੂਬਾ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਸ ਫਿਲਮ ਨੂੰ ਰਿਲੀਜ਼ ਹੋਣ ਤੋਂ ਰੋਕਿਆ ਜਾਵੇ।
ਇਥੇ ਦੱਸਣਯੋਗ ਹੈ ਕਿ ਇਹ ਫਿਲਮ ਪਹਿਲਾਂ 2015 ਵਿਚ ਵੀ ਰਿਲੀਜ਼ ਕੀਤੀ ਜਾਣੀ ਸੀ ਪਰ ਉਸ ਵੇਲੇ ਵੀ ਫਿਲਮ ਖ਼ਿਲਾਫ਼ ਰੋਸ ਕਾਰਨ ਇਹ ਜਾਰੀ ਨਹੀਂ ਹੋ ਸਕੀ ਸੀ। ਅੱਜ ਇਥੇ ਧਰਮ ਸਿੰਘ ਮਾਰਕੀਟ ਨੇੜੇ ਸਿੱਖ ਸੰਗਤ ਵਲੋਂ ਰੋਸ ਵਿਖਾਵਾ ਕੀਤਾ ਗਿਆ। ਰੋਸ ਵਿਖਾਵੇ ਵਿਚ ਬੀਬੀਆਂ ਅਤੇ ਮਰਦ ਵੀ ਸ਼ਾਮਲ ਸਨ। ਧਰਨੇ ਵਿਚ ਸ਼ਾਮਲ ਪਰਮਜੀਤ ਸਿੰਘ ਨੇ ਆਖਿਆ ਕਿ ਇਹ ਧਰਨਾ ਕਿਸੇ ਸਿੱਖ ਜਥੇਬੰਦੀ ਵਲੋਂ  ਨਹੀਂ ਸਗੋਂ ਸਿੱਖ ਸੰਗਤ ਵਲੋਂ ਹੈ। ਇਸ ਫਿਲਮ ਵਿਚ ਸਿੱਖ ਸਿਧਾਂਤ ਦੀ ਉਲੰਘਣਾ ਕਰ ਕੇ ਸਿੱਖ ਗੁਰੂਆਂ ਨੂੰ ਮਨੁੱਖੀ ਰੂਪ ਵਿਚ ਦਿਖਾਉਣ ਦਾ ਯਤਨ ਕੀਤਾ ਗਿਆ ਹੈ। ਸਿੱਖ ਕਾਰਕੁਨਾਂ ਵਲੋਂ ਫਿਲਮ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਇਸ ਦੌਰਾਨ, ਸ਼੍ਰੋਮਣੀ ਕਮੇਟੀ ਦੇ ਸਾਬਕਾ ਜਨਰਲ  ਸਕੱਤਰ ਸੁਖਦੇਵ ਸਿੰਘ ਭੌਰ ਨੇ ਫਿਲਮ ਦਾ ਵਿਰੋਧ ਕਰਦਿਆਂ ਆਖਿਆ ਕਿ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਜਿਨ੍ਹਾਂ ਵਲੋਂ ਪਹਿਲਾਂ ਫਿਲਮ ਦੀ ਪ੍ਰਸ਼ੰਸਾ ਕੀਤੀ ਗਈ ਸੀ, ਵਾਸਤੇ ਇਕ ਚੰਗਾ ਮੌਕਾ ਹੈ ਕਿ ਉਹ ਫਿਲਮ ’ਤੇ ਰੋਕ ਲਵਾਉਣ ਲਈ  ਅੱਗੇ ਆਉਣ। ਉਨ੍ਹਾਂ ਆਖਿਆ ਕਿ ਪ੍ਰਮੁੱਖ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਫਿਲਮ ਨੂੰ ਰੁਕਵਾਉਣ ਲਈ ਆਪਣਾ ਅਸਰ ਰਸੂਖ ਵਰਤਣ। ਉਨ੍ਹਾਂ ਆਖਿਆ ਕਿ ਸਿੱਖ ਇਸ ਬਾਰੇ ਡਿਪਟੀ ਕਮਿਸ਼ਨਰਾਂ ਰਾਹੀਂ ਮੁਖ ਮੰਤਰੀ ਨੂੰ ਮੰਗ ਪੱਤਰ ਭੇਜਣ ਅਤੇ ਪੰਜਾਬ ਦਾ ਮਾਹੌਲ ਸ਼ਾਂਤ ਰੱਖਣ ਲਈ ਫਿਲਮ ਦੀ ਰਿਲੀਜ਼ ’ਤੇ ਰੋਕ ਲਾਉਣ ਦੀ ਮੰਗ ਕਰਨ। ਸ਼੍ਰੋਮਣੀ ਕਮੇਟੀ ਵੀ ਸੈਂਸਰ ਬੋਰਡ ਕੋਲ ਪਹੁੰਚ ਕਰ ਕੇ ਫਿਲਮ ਨੂੰ ਰੁਕਵਾਉਣ ਲਈ ਪੰਥਕ ਫਰਜ਼ ਅਦਾ ਕਰੇ। ਇਥੇ ਦੱਸਣਯੋਗ ਹੈ ਕਿ ਸ਼੍ਰੋਮਣੀ ਕਮੇਟੀ ਵਲੋਂ ਫਿਲਮ ਦੇ ਨਿਰਦੇਸ਼ਕ ਨੂੰ ਦਿੱਤਾ ਪ੍ਰਵਾਨਗੀ ਪੱਤਰ ਪਹਿਲਾਂ ਹੀ ਰੱਦ ਕੀਤਾ ਜਾ ਚੁੱਕਾ ਹੈ।

 

 

fbbg-image

Latest News
Magazine Archive