ਮਹਿੰਗਾਈ ਦੇ ਡਰੋਂ ਰਿਜ਼ਰਵ ਬੈਂਕ ਨੇ ਨਾ ਛੇੜੀਆਂ ਨੀਤੀਗਤ ਦਰਾਂ


ਮੁੰਬਈ - ਰਿਜ਼ਰਵ ਬੈਂਕ ਨੇ ਮਹਿੰਗਾਈ ਦਰ ਬਾਰੇ ਬਣੀ ਚਿੰਤੇ ਨੂੰ ਧਿਆਨ ’ਚ ਰੱਖਦਿਆਂ ਅੱਜ ਮੁੱਖ ਵਿਆਜ ਦਰਾਂ 6 ਫ਼ੀਸਦ ਬਰਕਰਾਰ ਰੱਖੀਆਂ ਹਨ। ਪਿਛਲੇ ਸਾਲ ਅਗਸਤ ਤੋਂ ਬਾਅਦ ਲਗਾਤਾਰ ਚੌਥੀ ਵਾਰ ਦਰਾਂ ਜਿਉਂ ਦੀ ਤਿਉਂ ਬਣੀਆਂ ਹੋਈਆਂ ਹਨ। ਆਰਬੀਆਈ ਦੇ ਗਵਰਨਰ ਉੂਰਜਿਤ ਪਟੇਲ ਦੀ ਅਗਵਾਈ ਹੇਠਲੀ ਮਾਲੀ ਨੀਤੀ ਕਮੇਟੀ (ਐਮਪੀਸੀ) ਨੇ ਪਿਛਲੀ ਵਾਰ ਲੰਘੇ ਵਰ੍ਹੇ ਅਗਸਤ ਵਿੱਚ ਬੁਨਿਆਦੀ ਵਿਆਜ ਦਰਾਂ ਵਿੱਚ .25 ਫ਼ੀਸਦ ਕਟੌਤੀ ਕਰ ਕੇ ਇਸ ਨੂੰ 6 ਫ਼ੀਸਦ ’ਤੇ ਲਿਆਂਦਾ ਸੀ। 2018-19 ਦੀ ਪਹਿਲੀ ਦੋ-ਮਾਸਿਕ ਮਾਲੀ ਨੀਤੀ ਜਾਰੀ ਕਰਦਿਆਂ ਉਨ੍ਹਾਂ ਕਿਹਾ ‘‘ ਐਮਪੀਸੀ ਨੇ ਪਾਲਿਸੀ ਰੈਪੋ ਦਰ ਬਰਕਰਾਰ ਰੱਖਣ ਤੇ ਨਿਰਪੱਖ ਪੈਂਤੜਾ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ। ਐਮਪੀਸੀ ਨੇ ਦਰਮਿਆਨੇ ਅਰਸੇ ਲਈ ਮਹਿੰਗਾਈ ਦਰ 4 ਫ਼ੀਸਦ ਰੱਖਣ ਦਾ ਟੀਚਾ ਰੱਖਿਆ ਹੈ।’’ ਬੈਂਕਾਂ ਤੋਂ ਪੂੰਜੀ ਲੈਣ ਦੀ ਰਿਵਰਸ ਰੈਪੋ ਦਰ 5.75 ਫੀਸਦ ਬਣੀ ਰਹੇਗੀ।
ਮਹਿੰਗਾਈ ਦਰ ਪਿਛਲੇ ਦਸੰਬਰ ਮਹੀਨੇ 5.2 ਫ਼ੀਸਦ ਸੀ ਤੇ ਜਨਵਰੀ ’ਚ 5.07 ਫੀਸਦ ਤੇ ਫਰਵਰੀ ਵਿੱਚ 4.4 ਫੀਸਦ ਰਹਿ ਗਈ ਸੀ। ਸਰਕਾਰ ਨੇ ਆਰਬੀਆਈ ਨੂੰ ਮਹਿੰਗਾਈ ਦਰ 4 ਫ਼ੀਸਦ ਦੇ ਆਸ-ਪਾਸ ਰੱਖਣ ਲਈ ਕਿਹਾ ਸੀ ਜਿਸ ਵਿੱਚ 2 ਫੀਸਦ ਘਾਟ-ਵਾਧ ਹੋ ਸਕਦੀ ਹੈ।
ਸ਼ੇਅਰ ਬਾਜ਼ਾਰ ਨੇ ਮਾਰੀ 577 ਅੰਕਾਂ ਦੀ ਛਾਲ
ਮੁੰਬਈ - ਆਰਬੀਆਈ ਵੱਲੋਂ ਨੀਤੀਗਤ ਦਰਾਂ ਵਿੱਚ ਕੋਈ ਤਬਦੀਲੀ ਨਾ ਕਰਨ ’ਤੇ ਸ਼ੇਅਰ ਬਾਜ਼ਾਰ ਨੇ 577 ਅੰਕਾਂ ਦੀ ਛਲਾਂਗ ਮਾਰੀ ਹੈ। ਉਧਰ ਅਮਰੀਕਾ ਦੀ ਤਰਫੋਂ ਚੀਨ ਨਾਲ ਮਹਿਸੂਲ ਦਰਾਂ ਨੂੰ ਲੈ ਕੇ ਬਣੇ ਟਕਰਾਅ ਬਾਰੇ ਗੱਲਬਾਤ ਕਰਨ ਦਾ ਬਿਆਨ ਆਉਣ ਨਾਲ ਵੀ ਬਾਜ਼ਾਰ ’ਤੇ ਸੁਖਾਂਵਾ ਅਸਰ ਪਿਆ ਹੈ। ਮੌਨਸੂਨ ਆਮ ਵਾਂਗ ਰਹਿਣ ਤੇ ਸੇਵਾ ਖੇਤਰ ਦੀ ਚੰਗੀ ਕਾਰਕਰਦਗੀ ਜਿਹੇ ਘਰੇਲੂ ਸੰਕੇਤਾਂ ਸਦਕਾ ਵੀ ਖਰੀਦਦਾਰੀ ਨੂੰ ਹੁਲਾਰਾ ਮਿਲਿਆ ਹੈ। ਬੀਐਸਈ ਅੱਜ ਸਵੇਰੇ 33289.96 ਅੰਕਾਂ ’ਤੇ ਖੁੱਲ੍ਹਿਆ ਸੀ ਜੋ ਆਰਬੀਆਈ ਦੀ ਮਾਲੀ ਨੀਤੀ ਜਾਰੀ ਹੋਣ ਤੋਂ ਬਾਅਦ 33637.46 ਅੰਕਾਂ ਦੀ ਬੁਲੰਦੀ ਛੁੂਹ ਗਿਆ ਤੇ ਅੰਤ ਨੂੰ 33596.80 ਅੰਕਾਂ ’ਤੇ ਬੰਦ ਹੋਇਆ। ਇਸ ਤਰ੍ਹਾਂ ਨਿਫਟੀ 196.75 ਅੰਕਾਂ ਦੇ ਵਾਧੇ ਨਾਲ 10325.15 ਉੱਤੇ ਬੰਦ ਹੋਇਆ।
ਵਿਕਾਸ ਦਰ ਬਾਰੇ ਪੁਰਾਣੀ ਵਿਧੀ ਮੁੜ ਅਪਣਾਈ
ਮੁੰਬਈ - ਰਿਜ਼ਰਵ ਬੈਂਕ ਨੇ ਅੱਜ  ਵਿਕਾਸ ਬਾਰੇ ਆਪਣੇ ਅਨੁਮਾਨ ਲਈ ਕੁੱਲ ਘਰੇਲੂ ਪੈਦਾਵਾਰ ਜੀਡੀਪੀ ਅਧਾਰਤ ਵਿਵਸਥਾ ਮੁੜ  ਅਪਣਾ ਲਈ ਹੈ। ਸਰਕਾਰ ਨੇ ਜਨਵਰੀ 2015 ਤੋਂ ਵਿਕਾਸ ਬਾਰੇ  ਆਪਣੇ ਤਖਮੀਨਿਆਂ ਦੀ ਜੀਵੀਏ  ਵਿਧੀ ਅਪਣਾਈ ਸੀ ਤੇ ਆਧਾਰ ਵਰ੍ਹਾ ਜਨਵਰੀ ਤੋਂ 2018 ਤਬਦੀਲ ਕੀਤਾ ਗਿਆ ਸੀ। ਡਿਪਟੀ  ਗਵਰਨਰ ਵਿਰਾਲ ਅਚਾਰੀਆ ਨੇ ਕਿਹਾ ਕਿ ਜੀਡੀਪੀ ਦੀ ਇਹ ਤਬਦੀਲੀ ਕੌਮਾਂਤਰੀ ਮਿਆਰਾਂ ਨਾਲ  ਮੇਲ ਖਾਂਦੀ ਹੈ।

 

 

fbbg-image

Latest News
Magazine Archive