ਇਰਾਕ ਕਾਂਡ: 38 ਭਾਰਤੀਆਂ ਦੀਆਂ ਦੇਹਾਂ ਵਾਰਸਾਂ ਨੂੰ ਸੌਂਪੀਆਂ


ਅੰਮ੍ਰਿਤਸਰ - ਇਰਾਕ ਵਿਚ ਮਾਰੇ ਗਏ 39 ਭਾਰਤੀਆਂ ਵਿਚੋਂ 38 ਦੀਆਂ ਅਸਥੀਆਂ (ਬਚੇ ਖੁਚੇ ਅੰਗ) ਵਾਲੇ ਤਾਬੂਤ ਲੈ ਕੇ ਵਿਦੇਸ਼ ਰਾਜ ਮੰਤਰੀ ਜਨਰਲ ਵੀ.ਕੇ. ਸਿੰਘ ਅੱਜ ਭਾਰਤੀ ਹਵਾਈ ਫੌਜ ਦੇ ਵਿਸ਼ੇਸ਼ ਜਹਾਜ਼ ਰਾਹੀਂ  ਇਥੇ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ’ਤੇ ਪੁਜੇ, ਜਿਥੇ ਅਸਥੀਆਂ ਵਾਰਸਾਂ ਨੂੰ ਸੌਂਪ ਦਿੱਤੀਆਂ ਗਈਆਂ। ਇਨ੍ਹਾਂ ਵਿਚ 27 ਅਸਥੀਆਂ ਪੰਜਾਬੀਆਂ ਦੀਆਂ, ਚਾਰ ਹਿਮਾਚਲ ਪ੍ਰਦੇਸ਼ ਅਤੇ ਸੱਤ ਪੱਛਮੀ ਬੰਗਾਲ ਤੇ ਬਿਹਾਰ ਨਾਲ ਸਬੰਧਤ ਵਿਅਕਤੀਆਂ ਦੀਆਂ ਸਨ।
ਹਵਾਈ ਅੱਡੇ ’ਤੇ ਅਸਥੀਆਂ ਲੈਣ ਲਈ ਪੰਜਾਬ ’ਚੋਂ ਵੱਖ-ਵੱਖ ਥਾਵਾਂ ਤੋਂ ਵਾਰਸ ਪੁੱਜੇ ਹੋਏ ਸਨ ਅਤੇ ਬਡ਼ਾ ਗ਼ਮਗੀਨ ਮਾਹੌਲ ਬਣਿਆ ਹੋਇਆ ਸੀ। ਇਸ ਮੌਕੇ 27 ਪੰਜਾਬੀਆਂ ਦੀਆਂ ਦੇਹਾਂ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਪ੍ਰਾਪਤ ਕੀਤੀਆਂ। ਹਿਮਾਚਲ ਦੇ ਚਾਰ ਮ੍ਰਿਤਕਾਂ ਦੀਆਂ ਅਸਥੀਆਂ ਉਥੋਂ ਦੇ ਖੁਰਾਕ ਸਪਲਾਈ ਤੇ ਖਪਤਕਾਰ ਮੰਤਰੀ ਕਿਸ਼ਨ ਕਪੂਰ ਨੇ ਲਈਆਂ। ਪੱਛਮੀ ਬੰਗਾਲ ਤੇ ਬਿਹਾਰ ਨਾਲ ਸਬੰਧਤ ਸੱਤ ਜਣਿਆਂ ਦੀਆਂ ਅਸਥੀਆਂ ਇਥੋਂ ਇਕ ਹੋਰ ਹਵਾਈ ਜਹਾਜ਼ ਲੈ ਕੇ ਕੇਂਦਰੀ ਮੰਤਰੀ ਕੋਲਕਾਤਾ ਲਈ ਰਵਾਨਾ ਹੋ ਗਏ। ਪੰਜਾਬੀਅਾਂ ਦੀਆਂ ਅਸਥੀਆਂ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਪ੍ਰਬੰਧਾਂ ਰਾਹੀਂ ਐਂਬੂਲੈਂਸਾਂ ਵਿੱਚ ਤੇ ਅਧਿਕਾਰੀਆਂ ਦੀ ਨਿਗਰਾਨੀ ਹੇਠ ਸਬੰਧਤ ਜ਼ਿਲ੍ਹਿਆਂ ਨੂੰ ਭੇਜੀਆਂ ਗਈਆਂ।
ਸ੍ਰੀ ਸਿੱਧੂ ਨੇ ਇਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹਵਾਲੇ ਨਾਲ ਹਰੇਕ ਮ੍ਰਿਤਕ ਦੇ ਪਰਿਵਾਰ ਨੂੰ ਪੰਜ-ਪੰਜ ਲੱਖ ਰੁਪਏ ਨਕਦ ਅਤੇ ਪਰਿਵਾਰ ਦੇ ਇਕ-ਇਕ ਜੀਅ ਨੂੰ ਯੋਗਤਾ ਮੁਤਾਬਕ ਨੌਕਰੀ ਦੇਣ ਦਾ ਐਲਾਨ ਕੀਤਾ। ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਵਲੋਂ ਪਹਿਲਾਂ ਵੀ ਇਨ੍ਹਾਂ ਪਰਿਵਾਰਾਂ ਨੂੰ ਪਿਛਲੇ ਤਿੰਨ ਸਾਲਾਂ ਤੋਂ ਲਗਪਗ 20 ਹਜ਼ਾਰ ਰੁਪਏ ਮਾਸਕ ਮਦਦ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਟਰੈਵਲ ਏਜੰਟਾਂ ਦੇ ਝਾਂਸੇ ’ਚ ਆ ਕੇ ਗਲਤ ਢੰਗ ਨਾਲ ਵਿਦੇਸ਼ ਜਾਣਾ ਚਿੰਤਨ ਦਾ ਮਾਮਲਾ ਹੈ ਅਤੇ ਇਸ ਨੂੰ ਵਿਧਾਨ ਸਭਾ ਵਿਚ ਗੰਭੀਰਤਾ ਨਾਲ ਵਿਚਾਰਿਆ ਜਾਵੇਗਾ। ਉਨ੍ਹਾਂ ਆਖਿਆ ਕਿ ਇਸ ਸਬੰਧੀ ਇਕ ਵਿਸ਼ੇਸ਼ ਨੀਤੀ ਤਿਆਰ ਕਰ ਕੇ ਟਰੈਵਲ ਏਜੰਟਾਂ ਨੂੰ ਜਵਾਬਦੇਹ ਬਣਾਇਆ ਜਾਵੇਗਾ।
ਇਸ ਮੌਕੇ ਜਨਰਲ ਵੀ.ਕੇ. ਸਿੰਘ ਨੇ ਵੀ ਪੀੜਤ ਪਰਿਵਾਰਾਂ ਨਾਲ ਦੁਖ ਸਾਂਝਾ ਕੀਤਾ, ਪਰ ਕੇਂਦਰ ਵਲੋਂ ਪੀੜਤਾਂ ਦੀ ਮਦਦ ਸਬੰਧੀ ਕੋਈ ਐਲਾਨ ਨਹੀਂ ਕੀਤਾ ਗਿਆ। ਉਨ੍ਹਾਂ ਆਖਿਆ ਕਿ ਕੇਂਦਰ ਸਰਕਾਰ ਵਲੋਂ ਪੀੜਤ ਪਰਿਵਾਰਾਂ ਦੇ ਜੀਆਂ ਦੇ ਵੇਰਵੇ ਮੰਗੇ ਗਏ ਹਨ ਅਤੇ ਉਨ੍ਹਾਂ ਨੂੰ ਯੋਗਤਾ ਦੇ ਆਧਾਰ ’ਤੇ ਮਦਦ ਕੀਤੀ ਜਾਵੇਗੀ। ਪਰਿਵਾਰਾਂ ਵਲੋਂ ਆਪਣੇ ਵਿਛੜੇ ਜੀਆਂ ਦੀਆਂ ਅਸਥੀਆਂ ਨੂੰ ਆਖਰੀ ਵਾਰ ਦੇਖਣ ਦੀ ਕੀਤੀ ਜਾ ਰਹੀ ਮੰਗ ਬਾਰੇ ਕੇਂਦਰੀ ਮੰਤਰੀ ਨੇ ਆਖਿਆ ਕਿ ਡੀਐਨਏ ਟੈਸਟ ਕਰਨ ਵਾਲੀ ਇਰਾਕ ਦੀ ਮੋਰਟਲ ਫਾੳੂਂਡੇਸ਼ਨ ਨੇ ਸਲਾਹ ਦਿੱਤੀ ਹੈ ਕਿ ਤਾਬੂਤ ਨਾ ਖੋਲ੍ਹੇ ਜਾਣ ਕਿਉਂਕਿ ਟੈਸਟ ਕਰਨ ਸਮੇਂ ਕਈ ਤਰ੍ਹਾਂ ਦੇ ਰਸਾਇਣਾਂ ਦੀ ਵਰਤੋਂ ਕੀਤੀ ਗਈ ਹੈ, ਜੋ ਹਾਨੀਕਾਰਕ ਹੋ ਸਕਦੇ ਹਨ। ਪਹਿਲਾਂ ਪੀਡ਼ਤਾਂ ਦੇ ਪਰਿਵਾਰਕ ਜੀਆਂ ਨੇ ਇਸ ਮੰਗ ਨੂੰ ਲੈ ਕੇ ਹਵਾਈ ਅੱਡੇ ਵਿਖੇ ਧਰਨਾ ਵੀ ਦਿਤਾ। ਪਿੰਡ ਭੋਏਵਾਲ ਦੀ ਗੁਰਪਿੰਦਰ ਕੌਰ, ਜਿਸ ਦਾ ਭਰਾ ਇਰਾਕ ਵਿਚ ਮਾਰਿਆ ਗਿਆ ਹੈ, ਨੇ ਆਖਿਆ ਕਿ ਪਰਿਵਾਰ ਆਪਣੇ ਜੀਆਂ ਦੇ ਅੰਤਿਮ ਦਰਸ਼ਨ ਕਰਨਾ ਚਾਹੁੰਦੇ ਹਨ। ਸੰਗਰੂਰ ਦੇ ਮਹਿੰਦਰਪਾਲ, ਜਿਸ ਦਾ ਛੋਟਾ ਭਰਾ ਪ੍ਰਿਤਪਾਲ ਇਰਾਕ ਵਿੱਚ ਮਾਰਿਆ ਗਿਆ, ਨੇ ਕਿਹਾ ਕਿ ਉਨ੍ਹਾਂ ਨੂੰ ਦੇਹਾਂ ਦੇਖਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ। ਪ੍ਰਿਤਪਾਲ ਦੇ ਦੋ ਬੱਚੇ ਹਨ ਅਤੇ ਉਸ ਦਾ ਬੇਟਾ ਨੀਰਜ ਵੀ ਪੁੱਜਾ ਹੋਇਆ ਸੀ। ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਪਰਿਵਾਰਾਂ ਨੂੰ ਭਰੋਸਾ ਦਿੱਤਾ ਕਿ ਜਦੋਂ ਤਾਬੂਤ ਉਨ੍ਹਾਂ ਨੂੰ ਸੌਂਪ ਦਿੱਤੇ ਜਾਣਗੇ ਤਾਂ ਉਹ ਇਨ੍ਹਾਂ ਨੂੰ ਖੋਲ੍ਹ ਸਕਣਗੇ। ਕੁਝ ਪਰਿਵਾਰਾਂ ਨੇ ਦੋਸ਼ ਲਾਇਆ ਕਿ ਹੁਣ ਤਕ ਸਰਕਾਰਾਂ ਵਲੋਂ ਕੋਈ ਮਦਦ ਨਹੀਂ ਮਿਲੀ। ਆਪਣੇ ਕਮਾਊ ਜੀਆਂ ਦੀ ਮੌਤ ਤੋਂ ਉਨ੍ਹਾਂ ਨੂੰ ਮੰਦਹਾਲੀ ਵਿਚੋਂ ਲੰਘਣਾ ਪੈ ਰਿਹਾ ਹੈ। ਇਸ ਮੌਕੇ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਤੇ ਕਈ ਵਿਧਾਇਕ ਤੇ ਹੋਰ ਪਤਵੰਤੇ ਪੁੱਜੇ ਹੋਏ ਸਨ।
ਚਾਰੋਂ ਹਿਮਾਚਲੀਆਂ ਦੀਆਂ ਅਸਥੀਆਂ ਕਾਂਗਡ਼ਾ ਪੁੱਜੀਆਂ
ਊਨਾ  - ਇਰਾਕ ਵਿੱਚ ਆਈਐਸ ਦਹਿਸ਼ਤਗਰਦਾਂ ਹੱਥੋਂ ਮਾਰੇ ਗਏ ਭਾਰਤੀਆਂ ਵਿੱਚ ਸ਼ਾਮਲ ਹਿਮਾਚਲ ਪ੍ਰਦੇਸ਼ ਨਾਲ ਸਬੰਧਤ ਚਾਰ ਜਣਿਆਂ ਦੀਆਂ ਅਸਥੀਆਂ ਅੱਜ ਅੰਮ੍ਰਿਤਸਰ ਤੋਂ ਬਰਾਸਤਾ ਪਠਾਨਕੋਟ, ਹਿਮਾਚਲ ਦੇ ਜ਼ਿਲ੍ਹਾ ਕਾਂਗੜਾ ’ਚ ਲਿਆਂਦੀਆਂ ਗਈਆਂ। ਅੰਮ੍ਰਿਤਸਰ ਹਵਾਈ ਅੱਡੇ ’ਤੇ ਸੂਬੇ ਦੇ ਖ਼ੁਰਾਕ ਸਪਲਾਈ ਮੰਤਰੀ ਕਿਸ਼ਨ ਕਪੂਰ, ਡੀਸੀ ਕਾਂਗੜਾ ਸੰਦੀਪ ਕੁਮਾਰ ਤੇ ਐਸਡੀਐਮ ਫਤਿਹਪੁਰ ਬਲਵਾਨ ਸਿੰਘ   ਨੇ ਤਾਬੂਤ ਵਿੱਚ ਬੰਦ ਅਸਥੀਆਂ ਪ੍ਰਾਪਤ ਕੀਤੀਆਂ ਤੇ ਇਨ੍ਹਾਂ ਨੂੰ ਲੈ ਕੇ  ਜਸੂਰ ਪੰਹੁਚੇ। ਉਥੇ ਲੋਡ਼ੀਂਦੀ ਕਾਰਵਾਈ ਪੂਰੀ ਕਰਨ ਮਗਰੋਂ ਇਨ੍ਹਾਂ ਨੂੰ ਵਿਸ਼ੇਸ਼ ਐਂਬੂਲੈਂਸ ਰਾਹੀਂ ਕਾਂਗੜਾ ਲਿਆਇਆ ਗਿਆ। ਇਨ੍ਹਾਂ ’ਚੋਂ ਇੱਕ ਜਣੇ ਦੀਆਂ ਅਸਥੀਆਂ ਨੂਰਪੁਰ ਅਤੇ ਤਿੰਨ ਦੀਆਂ ਟਾਂਡਾ ਦੇ ਮੁਰਦਾਖ਼ਾਨੇ ਰੱਖਿਆਂ ਗਈਆਂ ਹਨ। ਇਨ੍ਹਾਂ ਦਾ ਮੰਗਲਵਾਰ ਨੂੰ ਸਸਕਾਰ ਕੀਤਾ ਜਾਵੇਗਾ।
ਸਾਲ ਕੁ ਪਹਿਲਾਂ ਮਾਰ ਦਿੱਤੇ ਗਏ ਸਨ 39 ਭਾਰਤੀ: ਜਨਰਲ ਵੀ.ਕੇ. ਸਿੰਘ
ਅੰਮ੍ਰਿਤਸਰ - ਇਰਾਕ ਤੋਂ 38 ਭਾਰਤੀਆਂ ਦੀਆਂ ਅਸਥੀਆਂ ਲੈ ਕੇ ਪੁੱਜੇ ਵਿਦੇਸ਼ ਰਾਜ ਮੰਤਰੀ ਜਨਰਲ ਵੀ.ਕੇ. ਸਿੰਘ ਨੇ ਡੀਐਨਏ ਰਿਪੋਰਟ ਦੇ ਅਧਾਰ ’ਤੇ ਖੁਲਾਸਾ ਕੀਤਾ ਹੈ ਕਿ ਇਨ੍ਹਾਂ ਭਾਰਤੀਆਂ ਨੂੰ ਇਕ ਸਾਲ ਤੋਂ ਵੱਧ ਸਮਾਂ ਪਹਿਲਾਂ ਹਲਾਕ ਕਰ ਦਿੱਤਾ ਗਿਆ ਸੀ। ਉਨ੍ਹਾਂ ਮੁਤਾਬਕ ਕੁਝ ਦੀ ਜਾਨ ਗੋਲੀਆਂ ਮਾਰ ਕੇ ਲਈ ਗਈ।
ਗ਼ੌਰਤਲਬ ਹੈ ਕਿ 2014 ’ਚ ਲਾਪਤਾ ਹੋਏ 40 ਭਾਰਤੀਆਂ ਦੇ ਸਬੰਧ ’ਚ ਜਨਰਲ ਵੀ.ਕੇ. ਸਿੰਘ ਚਾਰ ਵਾਰ ਇਰਾਕ ਜਾ ਚੁੱਕੇ ਹਨ। ਇਥੇ ਮੀਡੀਆ ਨਾਲ ਗੱਲ ਕਰਦਿਆਂ ਉਨ੍ਹਾਂ ਖੁਲਾਸਾ ਕੀਤਾ ਕਿ ਭਾਰਤੀਆਂ ਦੀਆਂ ਅਸਥੀਆਂ ਇਰਾਕ ਦੇ ਸ਼ਹਿਰ ਮੌਸੂਲ ਨੇੜੇ ਬਦੋਸ਼ਾ ਇਲਾਕੇ ਵਿਚ ਇਕ ਟਿੱਲੇ ਹੇਠਾਂ ਦਬੀਆਂ ਹੋਈਆਂ ਸਨ, ਜਿਥੇ ਹੋਰ ਵੀ ਅਣਗਣਿਤ ਲਾਸ਼ਾਂ ਨੂੰ ਦਫਨਾਇਆ ਗਿਆ ਸੀ। ਟਿੱਲੇ ਦੀ ਗ਼ੈਰਕੁਦਰਤੀ ਦਿੱਖ ਕਾਰਨ ਇਸ ਬਾਰੇ ਸ਼ੱਕ ਹੋਇਆ ਅਤੇ ਇਰਾਕੀ ਫੌਜ ਨੇ ਰਾਡਾਰ ਰਾਹੀਂ ਇਸ ਦੀ ਘੋਖ ਕੀਤੀ ਤਾਂ ਪਤਾ ਲਗਾ ਕਿ ਇਥੇ ਅਣਗਿਣਤ ਲਾਸ਼ਾਂ ਦੱਬੀਆਂ ਹੋਈਆਂ ਹਨ। ਉਨ੍ਹਾਂ ਦੱਸਿਆ ਕਿ ਬਹੁਤੇ ਪੰਜਾਬੀਆਂ ਦੀ ਪਛਾਣ ਉਨ੍ਹਾਂ ਦੇ ਕੜਿਆਂ ਅਤੇ ਲੰਮੇ ਵਾਲਾਂ ਤੋਂ ਹੋਈ। ਇਹ ਕੜੇ ਅਤੇ ਲੰਮੇ ਵਾਲ ਦੇਖ ਕੇ ਹੀ ਇਸ ਬਾਰੇ ਭਾਰਤ ਸਰਕਾਰ ਨੂੰ ਸੂਚਿਤ ਕੀਤਾ ਤੇ ਭਾਰਤ ਸਰਕਾਰ ਨੇ ਸਬੰਧਤ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਦੇ ਡੀਐਨਏ ਦੇ ਨਮੂਨੇ ਲੈ ਕੇ ਅਸਥੀਆਂ ਨਾਲ ਮਿਲਾਉਣ ਵਾਸਤੇ ਇਰਾਕ ਭੇਜੇ। ਉਨ੍ਹਾਂ ਦਸਿਆ ਕਿ 38 ਭਾਰਤੀਆਂ ਦੇ ਡੀਐਨਏ ਮਿਲ ਗਏ ਹਨ ਜਦੋਂਕਿ ਇਕ ਰਾਜੂ ਯਾਦਵ ਦਾ ਡੀਐਨਏ ਸਿਰਫ 70 ਫੀਸਦੀ ਮਿਲਿਆ ਹੈ। ਇਸ ਲਈ ਉਸ ਦੀ ਲਾਸ਼ ਭਾਰਤ ਨਹੀਂ ਲਿਆਂਦੀ ਜਾ ਸਕੀ। ਟੈਸਟ ਕਰਨ ਵਾਲੀ ਇਰਾਕ ਦੀ ਮਕਬੂਲ ਮੋਰਟਲ ਫਾਊਂਡੇਸ਼ਨ ਨੇ ਹਰੇਕ ਦੇਹ ਨਾਲ ਡੀਐਨਏ ਰਿਪੋਰਟ ਸਬੰਧੀ ਦਸਤਾਵੇਜ਼ ਅਤੇ ਸਰਟੀਫਿਕੇਟ ਭੇਜੇ ਹਨ। ਉਨ੍ਹਾਂ ਕਿਹਾ ਕਿ ਫੋਰੈਂਸਿਕ ਜਾਂਚ ਦੌਰਾਨ ਪਤਾ ਲੱਗਾ ਕਿ ਕੁਝ ਭਾਰਤੀਆਂ ਨੂੰ ਗੋਲੀਆਂ ਮਾਰ ਕੇ ਹਲਾਕ ਕੀਤਾ ਗਿਆ ਤੇ ਬਾਕੀਆਂ ਦੀ ਮੌਤ ਦੇ ਕਾਰਨ ਦਾ ਪਤਾ ਨਹੀਂ ਲਗ ਸਕਿਆ। ਉਨ੍ਹਾਂ ਮੁਤਾਬਕ ਜਾਂਚ ਰਿਪੋਰਟ ਤੋਂ ਸਾਬਤ ਹੁੰਦਾ ਹੈ ਕਿ ਇਨ੍ਹਾਂ ਨੂੰ ਇਕ ਸਾਲ ਤੋਂ ਵੀ ਪਹਿਲਾਂ ਮਾਰ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇਹ ਵਿਅਕਤੀ ਗੈਰਕਾਨੂੰਨੀ ਢੰਗ ਨਾਲ ਏਜੰਟਾਂ ਰਾਹੀਂ ਇਰਾਕ ਗਏ ਸਨ, ਜਿਨ੍ਹਾਂ ਬਾਰੇ ਕੇਂਦਰ ਕੋਲ ਕੋਈ ਵੇਰਵੇ ਨਹੀਂ ਸਨ। ਜੇ ਵੇਰਵੇ ਹੁੰਦੇ ਅਤੇ ਸਮੇਂ ਸਿਰ ਜਾਣਕਾਰੀ ਮਿਲਦੀ ਤਾਂ ਇਨ੍ਹਾਂ ਨੂੰ ਬਚਾਉਣ ਦਾ ਯਤਨ ਕੀਤਾ ਜਾ ਸਕਦਾ ਸੀ। ਉਨ੍ਹਾਂ ਇਸ ਸਬੰਧੀ ਇਰਾਕ ਵਿਚੋਂ ਬਚਾਈਆਂ ਗਈਆਂ ਭਾਰਤੀ ਨਰਸਾਂ ਦਾ ਹਵਾਲਾ ਦਿੱਤਾ।
ਇਰਾਕ ਤੋਂ ਪੁੱਜੀਆਂ ਵਧੇਰੇ ਦੇਹਾਂ ਦਾ ਹੋਇਆ ਸਸਕਾਰ
ਅੰਮ੍ਰਿਤਸਰ - ਇਰਾਕ ਤੋਂ ਪੁੱਜੀਆਂ 38 ਦੇਹਾਂ ਵਿੱਚੋਂ ਇਥੇ ਅੰਮ੍ਰਿਤਸਰ ਅਤੇ ਗੁਰਦਾਸਪੁਰ ਜ਼ਿਲ੍ਹੇ ਨਾਲ ਸਬੰਧਤ ਦੇਹਾਂ ਦਾ ਅੱਜ ਸ਼ਾਮ ਨੂੰ ਪਰਿਵਾਰਾਂ ਵਲੋਂ ਰਹੁਰੀਤਾਂ ਨਾਲ ਸਸਕਾਰ ਕਰ ਦਿੱਤਾ ਗਿਆ ਹੈ। ਅੰਮ੍ਰਿਤਸਰ ਜ਼ਿਲ੍ਹੇ ਨਾਲ ਸਬੰਧਤ ਸੱਤ ਵਿਅਕਤੀਆਂ ਦੀਆਂ ਮ੍ਰਿਤਕ ਦੇਹਾਂ ਇਥੇ ਪੁੱਜੀਆਂ ਸਨ ਜਿਨ੍ਹਾਂ ਵਿੱਚ ਸੰਗੂਆਣਾ ਦਾ ਨਿਸ਼ਾਨ ਸਿੰਘ, ਭੋਏਵਾਲ ਦਾ ਮਨਜਿੰਦਰ ਸਿੰਘ, ਸਿਆਲਕਾ ਦਾ ਜਤਿੰਦਰ ਸਿੰਘ, ਚਵਿੰਡਾ ਦੇਵੀ ਦਾ ਸੋਨੂੰ, ਬਾਬੋਵਾਲ ਦਾ ਹਰਸਿਮਰਨਜੀਤ ਸਿੰਘ, ਜਲਾਲ ਉਸਮਾ ਦਾ ਗੁਰਚਰਨ ਸਿੰਘ ਅਤੇ ਹਰੀਸ਼ ਕੁਮਾਰ ਸ਼ਾਮਲ ਹਨ। ਗੁਰਦਾਸਪੁਰ ਜ਼ਿਲੇ ਨਾਲ ਸਬੰਧਤ ਤਲਵੰਡੀ ਝਊਰਾ ਤੋਂ ਧਰਮਿੰਦਰ ਕੁਮਾਰ, ਕਾਦੀਆਂ ਤੋਂ ਰਜੇਸ਼ ਵਿੱਕੀ, ਰੂਪੋਵਾਲੀ ਤੋਂ ਕੰਵਲਜੀਤ ਆਦਿ ਦੀਆਂ ਮ੍ਰਿਤਕ ਦੇਹਾਂ ਦਾ ਸਸਕਾਰ ਕਰ ਦਿੱਤਾ ਗਿਆ। ਅੰਮ੍ਰਿਤਸਰ ਸ਼ਹਿਰ ਵਿਚ ਹਰੀਸ਼ ਕੁਮਾਰ ਅਤੇ ਮਲਕੀਤ ਸਿੰਘ ਦਾ ਇਥੇ ਦੁਰਗਿਆਣਾ ਮੰਦਿਰ ਸ਼ਮਸ਼ਾਨਘਾਟ ਵਿੱਚ ਸਸਕਾਰ ਕੀਤਾ ਗਿਆ ਹੈ।

 

 

fbbg-image

Latest News
Magazine Archive