ਰਾਣਾ ਤੇ ਖਹਿਰਾ ਨੇ ਵਿਧਾਨ ਸਭਾ ’ਚ ੲਿਕ-ਦੂਜੇ ਨੂੰ ਕੱਢੀਆਂ ਗਾਲ੍ਹਾਂ


ਚੰਡੀਗਡ਼੍ਹ - ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਅਖੀਰਲੇ ਦਿਨ ਅੱਜ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਅਤੇ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਸਦਨ ਦੀ ਪਵਿੱਤਰਤਾ ’ਤੇ ਗਾਲ੍ਹਾਂ ਦਾ ਧੱਬਾ ਵੀ ਲਾ ਦਿੱਤਾ। ਇਨ੍ਹਾਂ ਰਵਾਇਤੀ ਵਿਰੋਧੀਆਂ ਨੇ ਅੱਜ ਸਦਨ ਵਿਚ ਇਕ-ਦੂਜੇ ਵਿਰੁੱਧ ਖ਼ੂਬ ਚਿੱਕਡ਼-ਉਛਾਲੀ ਕਰਦਿਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਅਤੇ ਸਿੱਧੀਆਂ ਗਾਲ੍ਹਾਂ ਕੱਢਣ ’ਤੇ ਆ ਗਏ।
ਆਪੇ ਤੋਂ ਬਾਹਰ ਹੋੲੇ ਸ੍ਰੀ ਖਹਿਰਾ ਬਾਹਾਂ ਉਲਾਰ ਕੇ ਸ੍ਰੀ ਰਾਣਾ ਨੂੰ ਸਦਨ ਵਿਚੋਂ ਬਾਹਰ ਆਉਣ ਲਈ ਵੰਗਾਰਦਿਆਂ ਕਈ ਕੁਝ ਕਹਿ ਗਏ। ਉਹ ਰਾਣਾ ਨੂੰ ਵੰਗਾਰਦਿਆਂ ਕਾਹਲੀ ਨਾਲ  ਸਦਨ ਵਿਚੋਂ ਬਾਹਰ ਜਾਣ ਲੱਗੇ ਪਰ ‘ਆਪ’ ਦੇ ਵਿਧਾਇਕਾਂ ਨੇ ਉਨ੍ਹਾਂ ਨੂੰ ਫਡ਼ ਕੇ ਬੈਂਚ ਉਪਰ ਬਿਠਾਇਆ। ਸਦਨ ਵਿੱਚ ਹੁਕਮਰਾਨ ਅਤੇ ਵਿਰੋਧੀ ਧਿਰ ਨਾਲ ਸਬੰਧਤ ਮਹਿਲਾ ਵਿਧਾਇਕਾਂ ਦੀ ਮੌਜੂਦਗੀ ਦੇ ਬਾਵਜੂਦ ਗਾਲੀ-ਗਲੋਚ ਚਲਦਾ ਰਿਹਾ। ਸਪੀਕਰ ਰਾਣਾ ਕੇ.ਪੀ. ਸਿੰਘ ਨੇ ਦੋਵਾਂ ਵੱਲੋਂ ਕੱਢੀਆਂ ਗਾਲ੍ਹਾਂ ਤੇ ਹੋਰ ਬੋਲ-ਕੁਬੋਲ ਕਾਰਵਾਈ ਵਿਚੋਂ ਹਟਾਉਣ ਦੇ ਆਦੇਸ਼ ਦਿੱਤੇ ਹਨ।
ਸਿਫ਼ਰ ਕਾਲ ਦੌਰਾਨ ਸ੍ਰੀ ਰਾਣਾ ਨੇ ਆਪਣੀ ਗੱਲ ਸ਼ੁਰੂ ਕਰਦਿਆਂ ਕਿਹਾ ਕਿ ਵਿਰੋਧੀ ਧਿਰ ਦੇ ਆਗੂ ਸ੍ਰੀ ਖਹਿਰਾ ਨੇ ਉਨ੍ਹਾਂ ਉਪਰ ਕਈ ਦੋਸ਼ ਲਾਏ ਹਨ। ਉਨ੍ਹਾਂ ਸ੍ਰੀ ਖਹਿਰਾ ਨੂੰ ਆਪਣੇ ਨਾਲ ਅੱਖ ਮਿਲਾਉਣ ਦੀ ਚੋਭ ਮਾਰਦਿਆਂ ਕਿਹਾ ਕਿ ਸ੍ਰੀ ਖਹਿਰਾ ਹੋਰਨਾਂ ਉਪਰ ਭੌਂ ਮਾਫੀਆ  ਹੋਣ ਦੇ ਦੋਸ਼ ਲਾਉਂਦੇ ਹਨ। ਉਨ੍ਹਾਂ ਸ੍ਰੀ ਖਹਿਰਾ ਉਪਰ ਵੀ ਅਜਿਹਾ ਦੋਸ਼ ਲਾਉਂਦਿਆਂ ਉਨ੍ਹਾਂ ਦੇ ਪਿਤਾ ਉਪਰ ਵੀ ਚਿਕਡ਼ ਉਛਾਲੀ ਕੀਤੀ। ਇਸ ਤੋਂ ਸ੍ਰੀ ਖਹਿਰਾ ਆਪੇ ਤੋਂ ਬਾਹਰ ਹੋ ਗਏ। ਇਕ ਪਾਸੇ ਸ੍ਰੀ ਰਾਣਾ ਨਾਲ ਸਮੂਹ ਕਾਂਗਰਸੀ ਵਿਧਾਇਕ ਤੇ ਮੰਤਰੀ ਅਤੇ ਦੂਜੇ ਪਾਸੇ ਸ੍ਰੀ ਖਹਿਰਾ ਨਾਲ ‘ਆਪ’ ਦੇ ਵਿਧਾਇਕ ਖਡ਼੍ਹੇ ਹੋ ਗਏ। ਦੋਵਾਂ ਧਿਰਾਂ ਨੇ ਇਕ-ਦੂਜੇ ਵਿਰੁੱਧ ਜੋ ਬੋਲ ਸਕਦੇ ਸਨ, ਬੋਲਿਆ। ਪਿਛਲੀ ਬਾਦਲ ਸਰਕਾਰ ਵੇਲੇ ਵੀ ਵਿਧਾਨ ਸਭਾ ਵਿਚ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਅਤੇ ਰਾਣਾ ਗੁਰਜੀਤ ਵਿਚਾਲੇ ਗਾਲੀ ਗਲੋਚ ਹੋਇਆ ਸੀ। ਪਿਛਲੇ ਤਿੰਨ ਦਿਨ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਸ੍ਰੀ ਮਜੀਠੀਆ ਵਿਚਕਾਰ ਵੀ ਕੁਬੋਲਾਂ ਦੀਆਂ ਝਡ਼ੀਆਂ ਲੱਗਦੀਆਂ ਰਹੀਆਂ ਹਨ।  ਵਿਧਾਇਕ ਐਚ.ਐਸ. ਫੂਲਕਾ ਨੇ ਸਪੀਕਰ ਨੂੰ ਕਿਹਾ ਕਿ ਕੁਝ ਮੈਂਬਰ ਇਥੇ ਲੋਕ ਮੁੱਦਿਆਂ ਦੀ ਥਾਂ ਨਿੱਜੀ ਰੰਜਿਸ਼ਾਂ ਕੱਢਣ ਨੂੰ ਤਰਜੀਹ ਦਿੰਦੇ ਹਨ, ਜਿਸ ਨਾਲ ਜਨਤਕ ਹਿੱਤਾਂ ਨੂੰ ਠੇਸ ਲੱਗ ਰਹੀ ਹੈ। ਪਹਿਲੀ ਵਾਰ ਬਣੇ ਕਈ ਵਿਧਾਇਕਾਂ ਨੇ ਗਾਲੀ ਗਲੋਚ ਉਪਰ ਰੋਸ ਪ੍ਰਗਟਾਉਂਦਿਆਂ ਕਿਹਾ ਕਿ ਉਨ੍ਹਾਂ ਨੂੰ ਤਾਂ ਇੰਜ ਜਾਪ ਰਿਹਾ ਹੈ, ਜਿਵੇਂ ਉਹ ਦੋ-ਚਾਰ ਵਿਧਾਇਕਾਂ ਦਾ ਰੌਲਾ ਸੁਣਨ ਹੀ ਆਏ ਹਨ।
ਵਿਧਾਇਕ ਲਖਬੀਰ ਸਿੰਘ ਲੋਧੀਨੰਗਲ ਨੇ ਕਿਹਾ ਕਿ ਉਨ੍ਹਾਂ ਦਾ ਹਲਕਾ ਕਈ ਮੁਸ਼ਕਲਾਂ ਵਿਚ ਘਿਰਿਆ ਹੈ ਪਰ ਇਥੇ 2-4 ਵਿਧਾਇਕਾਂ ਦੇ ਰੌਲੇ ਹੀ ਖਤਮ ਨਹੀਂ ਹੁੰਦੇ। ਵਿਧਾਇਕ ਬਲਵਿੰਦਰ ਸਿੰਘ ਲਾਡੀ ਨੇ ਕਿਹਾ ਕਿ ਇਥੇ ਤਾਂ ਬੋਲਣ ਦਾ ਮੌਕਾ ਹੀ ਨਹੀਂ ਮਿਲਦਾ ਅਤੇ ਸੀਨੀਅਰ ਆਗੂ ਨਿੱਜੀ ਦੁਸ਼ਮਣੀਆਂ ਕੱਢ ਕੇ ਸਮਾਂ ਬਰਬਾਦ ਕਰ ਰਹੇ ਹਨ। ਇਸ ਦੌਰਾਨ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਨੂੰ ਮਸਾਂ ਸਦਨ ਵਿਚ ਪਹਿਲੀ ਵਾਰ ਬੋਲਣ ਦਾ ਮੌਕਾ ਮਿਲਿਆ। ਕਈ ਹੋਰ ਵਿਧਾਇਕ ਵੀ ਸਦਨ ਵਿਚ ਰੋਜ਼ਾਨਾ ਪੈਂਦੇ ਅਜਿਹੇ ਘਡ਼ਮੱਸ ਤੋਂ ਅੌਖੇ ਸਨ। ਸ੍ਰੀ ਖਹਿਰਾ ਨੇ ਬਾਅਦ ਵਿਚ ਪੱਤਰਕਾਰਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਸ੍ਰੀ ਰਾਣਾ ਨੇ ਉਨ੍ਹਾਂ ਦੇ ਸਵਰਗੀ ਪਿਤਾ ਵਿਰੁੱਧ ਬੋਲ ਕੇ ਮਾਹੌਲ ਖਰਾਬ ਕੀਤਾ ਹੈ।
ਬਲਬੀਰ ਸਿੱਧੂ ਤੇ ਅੈਨ.ਕੇ. ਸ਼ਰਮਾ ’ਚ ਬੋਲ-ਕੁਬੋਲ
ਮੁਹਾਲੀ ਦੇ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਜਦੋਂ ਪਿੰਡ ਪਾਪਡ਼ੀ ਦੀ ਸ਼ਾਮਲਾਤ ਜ਼ਮੀਨ ਕਿਸੇ ਕੰਪਨੀ ਨੂੰ ਵੇਚਣ ਦਾ ਮੁੱਦਾ ਉਠਾਇਆ ਤਾਂ ਇਸ ਵਿਚ ਦਖਲ ਦਿੰਦਿਆਂ ਡੇਰਾਬੱਸੀ ਦੇ ਵਿਧਾਇਕ ਐਨ.ਕੇ. ਸ਼ਰਮਾ ਨੇ ਵੀ ਕੋਈ ਨੁਕਤਾ ਉਠਾਉਣ ਦਾ ਯਤਨ ਕੀਤਾ। ਇਸ ’ਤੇ ਸ੍ਰੀ ਸਿੱਧੂ ਉਨ੍ਹਾਂ ਨੂੰ ਬਡ਼ੀ ਤਿੱਖੀ ਸ਼ਬਦਾਵਲੀ ’ਚ ਬੋਲੇ, ਜਿਸ ਤੋਂ ਬਾਅਦ ਦੋਵਾਂ ਨੇ ਇਕ-ਦੂਜੇ ਵਿਰੁੱਧ ਬੋਲ-ਕੁਬੋਲ ਬੋਲਣ ’ਚ ਕੋਈ ਕਸਰ ਨਹੀਂ ਛੱਡੀ।
ਮਨਪ੍ਰੀਤ ‘ਮਰਦਾਨਗੀ’ ਦਾ ਟੈਸਟ ਕਰਨ ਲੱਗ ਪਿਐ: ਮਜੀਠੀਆ
ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਉਪਰ ਵਾਰ ਕਰਦਿਆਂ ਕਿਹਾ ਕਿ ਇਹ ਮੰਤਰੀ ਤਾਂ ਖਜ਼ਾਨੇ ਦਾ ਖਿਆਲ ਰੱਖਣ ਦੀ ਥਾਂ ਸਿਹਤ ਵਿਭਾਗ ਖੋਹਣ ਦੀ ਤਾਕ ਵਿਚ ਹੈ ਅਤੇ ਮਰਦਾਨਗੀ ਦੇ ਟੈਸਟ ਕਰਨ ਲੱਗ ਪਿਆ ਹੈ। ਦਰਅਸਲ ਜਦੋਂ ਮਨਪ੍ਰੀਤ ਬੋਲ ਰਹੇ ਸਨ ਤਾਂ ਅਕਾਲੀ ਦਲ ਤੇ ਭਾਜਪਾ ਦੇ ਵਿਧਾਇਕ ਨਾਅਰੇਬਾਜ਼ੀ ਕਰ ਕੇ ਬਾਹਰ ਨੂੰ ਤੁਰ ਪਏ। ਇਸ ’ਤੇ ਮਨਪ੍ਰੀਤ ਨੇ ਉਨ੍ਹਾਂ ਨੂੰ ਕਿਹਾ ਸੀ, ‘‘ਜੇ ਮਰਦ ਦੇ ਪੁੱਤਰ ਹੋ ਤਾਂ ਮੇਰੀ ਗੱਲ ਸੁਣ ਕੇ ਬਾਹਰ ਜਾਇਓ।’’

 

 

fbbg-image

Latest News
Magazine Archive