ਭਾਨਵਾਲਾ ਨੇ ਜੂਨੀਅਰ ਵਿਸ਼ਵ ਕੱਪ ਵਿੱਚ ਬਿਖੇਰੀ ‘ਸੁਨਹਿਰੀ ਮੁਸਕਾਨ’


ਸਿਡਨੀ - ਮੁਸਕਾਨ ਭਾਨਵਾਲਾ ਨੇ ਅੱਜ ਆਈਐਸਐਸਅੈਫ ਜੂਨੀਅਰ ਨਿਸ਼ਾਨੇਬਾਜ਼ੀ ਵਿਸ਼ਵ ਕੱਪ ਦੇ ਆਖ਼ਰੀ ਦਿਨ 25 ਮੀਟਰ ਪਿਸਟਲ ਮੁਕਾਬਲੇ ਵਿੱਚ ਸੋਨ ਤਗ਼ਮਾ ਜਿੱਤ ਲਿਆ। ਟੀਮ ਵਰਗ ਵਿੱਚ ਵੀ ਭਾਰਤ ਦੀ ਮੁਸਕਾਨ, ਮਨੂ ਭਾਕਰ ਅਤੇ ਦੇਵਾਂਸ਼ੀ ਰਾਣਾ ਨੇ ਸੋਨ ਤਗ਼ਮਾ ਜਿੱਤਿਆ ਜਦਕਿ ਚਾਂਦੀ ਦਾ ਤਗ਼ਮਾ ਵੀ ਭਾਰਤ ਦੀ ਅਰੁਣਿਮਾ ਗੌਡ਼, ਮਹਿਮਾ ਅਗਰਵਾਲ ਅਤੇ ਤਨੂ ਰਾਵਲ ਨੂੰ ਮਿਲਿਆ। ਨੌਜਵਾਨ ਨਿਸ਼ਾਨੇਬਾਜ਼ਾਂ ਦੇ ਯਾਦਗਾਰ ਪ੍ਰਦਰਸ਼ਨ ਨਾਲ ਭਾਰਤ ਟੂਰਨਾਮੈਂਟ ਵਿੱਚ ਨੌਂ ਸੋਨੇ, ਪੰਜ ਚਾਂਦੀ ਅਤੇ ਅੱਠ ਕਾਂਸੀ ਸਮੇਤ 22 ਤਗ਼ਮਿਆਂ ਨਾਲ ਦੂਜੇ ਸਥਾਨ ’ਤੇ ਰਿਹਾ। ਚੀਨ ਨੇ ਆਪਣੀ ਸਰਦਾਰੀ ਕਾਇਮ ਰੱਖੀ ਹੈ ਅਤੇ ਉਹ ਨੌਂ ਸੋਨੇ, ਅੱਠ ਚਾਂਦੀ ਅਤੇ ਅੱਠ ਕਾਂਸੀ ਸਣੇ ਕੁੱਲ 25 ਤਗ਼ਮਿਆਂ ਨਾਲ ਚੋਟੀ ’ਤੇ ਰਿਹਾ।  ਇਟਲੀ ਤਿੰਨ ਸੋਨ ਤਗ਼ਮੇ ਲੈ ਕੇ ਤੀਜੇ ਸਥਾਨ ’ਤੇ ਰਿਹਾ।  15 ਸਾਲਾ ਭਾਰਤੀ ਨਿਸ਼ਾਨੇਬਾਜ਼ ਮੁਸਕਾਨ ਨੇ ਆਪਣੇ ਭਰਾ ਅਤੇ ਦੋ ਦਿਨ ਪਹਿਲਾਂ ਟੂਰਨਾਮੈਂਟ ਵਿੱਚ ਤਗ਼ਮਾ ਜਿੱਤਣ ਵਾਲੇ ਨਿਸ਼ਾਨੇਬਾਜ਼ ਅਨੀਸ਼ ਵਾਂਗ ਹੀ ਆਪਣੀ ਬਿਹਤਰੀਨ ਖੇਡ ਵਿਖਾਈ। ਪਿਛਲੇ ਸਾਲ ਵਿਸ਼ਵ ਕੱਪ ਦੌਰਾਨ ਤਗ਼ਮੇ ਤੋਂ ਖੁੰਝੀ ਮੁਸਕਾਨ ਨੇ 25 ਮੀਟਰ ਪਿਸਟਲ ਮੁਕਾਬਲੇ ਵਿੱਚ ਚੀਨੀ ਖਿਡਾਰਨ ਦੇ ਨਾਲ-ਨਾਲ ਹਮਵਤਨ ਮਨੂ ਭਾਕਰ ਨੂੰ ਵੀ ਪਛਾਡ਼ਿਆ। ਹਰਿਆਣਾ ਦੀ ਮਨੂ ਇਸ ਮਹੀਨੇ ਆਈਐਸਐਸਐਫ ਟੂਰਨਾਮੈਂਟ ਵਿੱਚ ਛੇ ਸੋਨ ਤਗ਼ਮੇ ਜਿੱਤ ਚੁੱਕੀ ਹੈ। ਇਸ ਵਰਗ ਵਿੱਚ ਮਨੂ ਚੌਥੇ ਸਥਾਨ ’ਤੇ ਰਹੀ। ਥਾਈਲੈਂਡ ਦੀ ਕਾਨਿਆਕੋਮ ਹਿਰੂਫੋਮ ਨੇ ਕਾਂਸੀ ਅਤੇ ਚੀਨ ਦੀ ਸ਼ਿਹਾਂਗ ਕਿਨ ਨੇ ਇੱਕ ਸ਼ਾਟ ਮੁਸਕਾਨ ਤੋਂ ਪੱਛਡ਼ ਕੇ ਚਾਂਦੀ ਦਾ ਤਗ਼ਮਾ ਜਿੱਤਿਆ। ਇਸ ਤੋਂ ਪਹਿਲਾਂ ਮੁਸਕਾਨ ਅਤੇ ਮਨੂ ਦੋਵੇਂ ਵਿਅਕਤੀਗਤ ਮੁਕਾਬਲਿਆਂ ’ਚ ਚੌਥੇ ਸਥਾਨ ’ਤੇ ਰਹੀਆਂ ਅਤੇ ਦੇਵਾਂਸ਼ੀ ਰਾਣਾ ਨਾਲ ਭਾਰਤ ਲਈ ਟੀਮ ਮੁਕਾਬਲੇ ਦਾ ਸੋਨ ਤਗ਼ਮਾ ਜਿੱਤਿਆ। ਭਾਰਤੀ ਖਿਡਾਰਨਾਂ ਦੀ ਤਿੱਕਡ਼ੀ ਨੇ ਕੁੱਲ 1715 ਸਕੋਰ ਬਣਾਏ ਅਤੇ ਹਮਵਤਨ ਦੂਜੀ ਟੀਮ ਗੌਡ਼, ਮਹਿਮਾ ਤੁਰੀ ਅਗਰਵਾਲ ਅਤੇ ਰਾਵਲ ਨੂੰ ਦੂਜੇ ਸਥਾਨ ’ਤੇ ਪਛਾਡ਼ ਦਿੱਤਾ ਜਿਨ੍ਹਾਂ ਨੇ 1705 ਦੇ ਸਕੋਰ ਨਾਲ ਚਾਂਦੀ ਦਾ ਤਗ਼ਮਾ ਜਿੱਤਿਆ। ਥਾਇਲੈਂਡ ਦੀ ਟੀਮ ਨੂੰ ਇਸ ਮੁਕਾਬਲੇ ਵਿੱਚ ਕਾਂਸੀ ਦਾ ਤਗ਼ਮਾ ਮਿਲਿਆ।
 

 

 

fbbg-image

Latest News
Magazine Archive