ਰੂਸ ਦੇ ਸ਼ਾਪਿੰਗ ਮਾਲ ’ਚ ਅੱਗ, 64 ਹਲਾਕ


ਮਾਸਕੋ - ਸਾਇਬੇਰੀਆ ਦੇ ਸ਼ਹਿਰ ਕੇਮੇਰੋਵੋ ਦੇ ਵਿੰਟਰ ਚੈਰੀ ਮਾਲ ’ਚ ਐਤਵਾਰ ਨੂੰ ਅੱਗ ਲੱਗਣ ਕਾਰਨ 64 ਵਿਅਕਤੀ ਮਾਰੇ ਗਏ। ਮਾਲ ’ਚ ਅੱਗ ਦੀ ਜਾਣਕਾਰੀ ਦੇਣ ਵਾਲੇ ਅਲਾਰਮ ਨਹੀਂ ਵੱਜੇ ਅਤੇ ਹੰਗਾਮੀ ਹਾਲਾਤ ਵੇਲੇ ਉਥੋਂ ਦਾ ਅਮਲਾ ਵੀ ਕਿਤੇ ਦਿਖਾਈ ਨਹੀਂ ਦਿੱਤਾ। ਸਕੂਲਾਂ ਦੀਆਂ ਛੁੱਟੀਆਂ ਹੋਣ ਅਤੇ ਹਫ਼ਤੇ ਦਾ ਅਖੀਰਲਾ ਦਿਨ ਹੋਣ ਕਰਕੇ ਸ਼ਾਪਿੰਗ ਮਾਲ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨਾਲ ਭਰਿਆ ਹੋਇਆ ਸੀ। ਅੱਗ ਬੁਝਾੳੂ ਅਮਲੇ ਵੱਲੋਂ ਪੂਰੀ ਰਾਤ ਦੀ ਮਿਹਨਤ ਮਗਰੋਂ ਅੱਗ ’ਤੇ ਅੱਜ ਸਵੇਰੇ ਕਾਬੂ ਪਾਇਆ ਗਿਆ। ਇਮਾਰਤ ਅਜੇ ਵੀ ਸੁਲਗ ਰਹੀ ਹੈ ਅਤੇ ਕੁਝ ਲੋਕ ਸਿਨਮਾ ਹਾਲ ਅੰਦਰ ਮਰੇ ਹੋਏ ਮਿਲੇ। ਮਾਲ ਦੀਆਂ ਚਾਰ ਮੰਜ਼ਿਲਾਂ ਦੀ ਛਾਣ-ਬੀਣ ਕਰਨ ਮਗਰੋਂ 64 ਮੌਤਾਂ ਦੀ ਪੁਸ਼ਟੀ ਹੋਈ ਹੈ। ਐਮਰਜੈਂਸੀ ਹਾਲਾਤ ਬਾਰੇ ਮੰਤਰੀ ਵਲਾਦੀਮੀਰ ਪੁਚਕੋਵ ਨੇ ਮ੍ਰਿਤਕ ਬੱਚਿਆਂ ਦੀ ਗਿਣਤੀ ਨਹੀਂ ਦੱਸੀ। ਛੇ ਵਿਅਕਤੀਆਂ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਸਿਹਤ ਮੰਤਰੀ ਵੇਰੋਨਿਕਾ ਸਕਵੋਰਤਸੋਵਾ ਨੇ ਦੱਸਿਆ ਕਿ 11 ਵਰ੍ਹਿਆਂ ਦੇ ਬੱਚੇ ਨੇ ਚੌਥੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ ਸੀ ਅਤੇ ਉਹ ਗੰਭੀਰ ਰੂਪ ’ਚ ਜ਼ਖ਼ਮੀ ਹੈ ਜਦਕਿ ਉਸ ਦੇ ਮਾਪੇ ਅਤੇ ਛੋਟਾ ਭਰਾ ਅੱਗ ’ਚ ਮਾਰੇ ਗਏ ਹਨ। ਜਾਂਚ ਕਮੇਟੀ ਨੇ ਚਾਰ ਵਿਅਕਤੀਆਂ ਨੂੰ ਹਿਰਾਸਤ ’ਚ ਲਿਆ ਹੈ ਜਿਨ੍ਹਾਂ ਤੋਂ ਅੱਗ ਦੇ ਕਾਰਨਾਂ ਬਾਰੇ ਪੁੱਛ-ਗਿੱਛ ਕੀਤੀ ਜਾ ਰਹੀ ਹੈ।

 

Latest News
Magazine Archive