ਮਹਿਲਾ ਟੀ-20 ਲਡ਼ੀ: ਭਾਰਤ ਨੂੰ ਇਕ ਹੋਰ ਹਾਰ


ਮੁੰਬਈ - ਭਾਰਤੀ ਮਹਿਲਾ ਟੀਮ ਦਾ ਟੀ-20 ਤਿਕੋਣੀ ਲਡ਼ੀ ਵਿੱਚ ਨਮੋਸ਼ੀਜਨਕ ਪ੍ਰਦਰਸ਼ਨ ਜਾਰੀ ਹੈ। ਮੇਜ਼ਬਾਨ ਟੀਮ ਅੱਜ ਆਸਟਰੇਲੀਆ ਹੱਥੋਂ 36 ਦੌਡ਼ਾਂ ਨਾਲ ਹਾਰ ਕੇ ਫਾਈਨਲ ਮੁਕਾਬਲੇ ਦੀ ਦੌਡ਼ ਵਿੱਚੋਂ ਬਾਹਰ ਹੋ ਗਈ। ਆਸਟਰੇਲੀਆ ਨੇ 20 ਓਵਰਾਂ ਵਿੱਚ ਪੰਜ ਵਿਕਟਾਂ ’ਤੇ 186 ਦੌਡ਼ਾਂ ਬਣਾਈਆਂ, ਜਦਕਿ ਭਾਰਤੀ ਟੀਮ ਪੰਜ ਵਿਕਟਾਂ ’ਤੇ 150 ਦੌਡ਼ਾਂ ਹੀ ਬਣਾ ਸਕੀ। ਭਾਰਤ ਦੀ ਲਗਾਤਾਰ ਇਹ ਤੀਜੀ ਹਾਰ ਹੈ। ਮੇਜ਼ਬਾਨ ਦੀ ਹਾਰ ਦੇ ਨਾਲ ਹੀ ਆਸਟਰੇਲੀਆ ਅਤੇ ਇੰਗਲੈਂਡ ਨੇ ਟੂਰਨਾਮੈਂਟ ਦੇ 31 ਮਾਰਚ ਨੂੰ ਹੋਣ ਵਾਲੇ ਖ਼ਿਤਾਬੀ ਮੁਕਾਬਲੇ ਵਿੱਚ ਥਾਂ ਬਣਾ ਲਈ ਹੈ। ਭਾਰਤ ਦਾ ਆਖ਼ਰੀ ਮੁਕਾਬਲਾ ਇੰਗਲੈਂਡ ਨਾਲ 29 ਮਾਰਚ ਨੂੰ ਹੋਣਾ ਹੈ ਜਦਕਿ ਆਸਟਰੇਲਿਆਈ ਟੀਮ 28 ਮਾਰਚ ਨੂੰ ਇੰਗਲੈਂਡ ਨਾਲ ਖੇਡੇਗੀ। ਇੰਗਲੈਂਡ ਅਤੇ ਆਸਟਰੇਲੀਆ ਦੇ ਇਸ ਸਮੇਂ ਚਾਰ-ਚਾਰ ਅੰਕ ਹਨ, ਜਦਕਿ ਭਾਰਤ ਤੋਂ ਇੱਕ ਅੰਕ ਵੀ ਨਹੀਂ ਜੁਡ਼ਿਆ। ਭਾਰਤੀ ਮਹਿਲਾ ਟੀਮ ਆਪਣੀ ਧਰਤੀ ’ਤੇ ਇੱਕ ਮਗਰੋਂ ਇੱਕ ਮੈਚ ਹਾਰ ਰਹੀ ਹੈ। ਇਸ ਤੋਂ ਪਹਿਲਾਂ ਉਸ ਨੂੰ ਆਸਟਰੇਲੀਆ ਨੇ ਛੇ ਵਿਕਟਾਂ ਨਾਲ ਹਰਾਇਆ ਸੀ। ਭਾਰਤੀ ਟੀਮ ਇਸ ਤਿਕੋਣੀ ਲਡ਼ੀ ਤੋਂ ਪਹਿਲਾਂ ਆਸਟਰੇਲੀਆ ਤੋਂ ਤਿੰਨ ਇੱਕ ਰੋਜ਼ਾ ਮੈਚਾਂ ਦੀ ਲਡ਼ੀ 0-3 ਨਾਲ ਹਾਰੀ ਸੀ। ਮੈਚ ਵਿੱਚ ਆਸਟਰੇਲਿਆਈ ਗੇਂਦਬਾਜ਼ ਮੈਗਨ ਸ਼ੱਟ ਨੇ ਹੈਟ੍ਰਿਕ ਲੈ ਕੇ ਬ੍ਰੇਬੋਨ ਸਟੇਡੀਅਮ ਵਿੱਚ ਦਰਸ਼ਕਾਂ ਨੂੰ ਹੈਰਾਨ ਕਰ ਦਿੱਤਾ। ਉਸ ਨੇ ਬਿਹਤਰੀਨ ਫਾਰਮ ਵਿੱਚ ਚੱਲ ਰਹੀ ਸਮ੍ਰਿਤੀ ਮੰਧਾਨਾ (ਤਿੰਨ), ਅਨੁਭਵੀ ਮਿਤਾਲੀ ਰਾਜ (ਸਿਫ਼ਰ) ਅਤੇ ਦੀਪਤੀ ਸ਼ਰਮਾ (ਦੋ) ਦੀਆਂ ਵਿਕਟਾਂ ਲੈ ਕੇ ਭਾਰਤੀ ਸੀਨੀਅਰ ਕ੍ਰਮ ਦੀਆਂ ਚੂਲਾਂ ਹਿਲਾ ਦਿੱਤੀਆਂ। ਉਹ ਕ੍ਰਿਕਟ ਦੇ ਛੋਟੇ ਰੂਪ ਵਿੱਚ ਹੈਟ੍ਰਿਕ ਲੈਣ ਵਾਲੀ ਪਹਿਲੀ ਆਸਟਰੇਲਿਆਈ ਗੇਂਦਬਾਜ਼ ਹੈ। ਭਾਰਤ ਦਾ ਸਕੋਰ ਇੱਕ ਸਮੇਂ ਤਿੰਨ ਵਿਕਟਾਂ ’ਤੇ 26 ਦੌਡ਼ਾਂ ਸੀ। ਇਸ ਮਗਰੋਂ ਹਰਮਨਪ੍ਰੀਤ (33) ਅਤੇ ਬੱਲੇਬਾਜ਼ ਜੈਮਿਮਾ ਰੌਡ੍ਰਿਗਜ਼ (41 ਗੇਂਦਾਂ ’ਤੇ 50 ਦੌਡ਼ਾਂ) ਨੇ ਚੌਥੀ ਵਿਕਟ ਲਈ 54 ਦੌਡ਼ਾਂ ਬਣਾਈਆਂ। ਅਨੁਜਾ ਪਾਟਿਲ ਨੇ ਗੇਂਦਾਂ ’ਤੇ ਨਾਬਾਦ 38 ਅਤੇ ਪੂਜਾ ਵਸਤਰਾਕਰ ਨੇ ਨਾਬਾਦ 19 ਦੌਡ਼ਾਂ ਬਣਾਈਆਂ ਪਰ ਇਸ ਨਾਲ ਉਹ ਹਾਰ ਦਾ ਫਰਕ ਹੀ ਘਟਾ ਸਕੀਆਂ। ਵਸਤਰਾਕਰ ਨੇ ਇਸ ਤੋਂ ਪਹਿਲਾਂ 28 ਦੌਡ਼ਾਂ ਦੇ ਕੇ ਦੋ ਵਿਕਟਾਂ ਵੀ ਲਈਆਂ ਸਨ। ਅਲਿਸ ਵਿਲਾਨੀ (61 ਦੌਡ਼ਾਂ) ਅਤੇ ਬੈੱਥ ਮੂਨੇ ਵਿਚਕਾਰ (71 ਦੌਡ਼ਾਂ) 114 ਦੌਡ਼ਾਂ ਦੀ ਸਾਂਝੀਦਾਰੀ ਕਾਰਨ ਆਸਟਰੇਲੀਆ ਨੇ ਸ਼ਾਨਦਾਰ ਵਾਪਸੀ ਕੀਤੀ।

 

 

fbbg-image

Latest News
Magazine Archive