ਅੱਵਲ ਨੰਬਰ ਬਣਨ ਨਾਲੋਂ ਰਾਸ਼ਟਰਮੰਡਲ ਖੇਡਾਂ

ਦਾ ਤਗ਼ਮਾ ਅਹਿਮ: ਸ੍ਰੀਕਾਂਤ


ਨਵੀਂ ਦਿੱਲੀ - ਚਾਰ ਸਾਲ ਪਹਿਲਾਂ ਦਿਮਾਗੀ ਬੁਖ਼ਾਰ ਕਰਕੇ ਕਿਦਾਂਬੀ ਸ੍ਰੀਕਾਂਤ ਦਾ ਰਾਸ਼ਟਰਮੰਡਲ ਖੇਡਾਂ ਵਿੱਚ ਪਲੇਠਾ ਮੁਕਾਬਲਾ ਚੰਗਾ ਨਹੀਂ ਰਿਹਾ, ਪਰ ਹੁਣ ਜਦੋਂ ਬੈਡਮਿੰਟਨ ਖਿਡਾਰੀ ਚੰਗੀ ਲੈਅ ਵਿੱਚ ਹੈ ਤਾਂ ੳੁਹਦੀ ਨਿਗ੍ਹਾ ਗੋਲਡ ਕੋਸਟ ਵਿੱਚ ਅਗਲੇ ਮਹੀਨੇ ਹੋਣ ਵਾਲੀਆਂ ਖੇਡਾਂ ਵਿੱਚ ਤਗ਼ਮਾ ਜਿੱਤਣ ’ਤੇ ਲੱਗੀਆਂ ਹਨ। ਗਲਾਸਗੋ ਰਾਸ਼ਟਰਮੰਡਲ ਖੇਡਾਂ ਤੋਂ ਕੁਝ ਹਫ਼ਤੇ ਪਹਿਲਾਂ ਸ੍ਰੀਕਾਂਤ ਬੀਮਾਰ ਪੈ ਗਿਆ ਸੀ। ਉਹ ਗੋਪੀਚੰਦ ਅਕਾਦਮੀ ਦੇ ਇਸ਼ਨਾਨਘਰ ਵਿੱਚ ਫ਼ਰਸ਼ ’ਤੇ ਬੇਸੁਰਤ ਪਿਆ ਮਿਲਿਆ ਸੀ। ਮਗਰੋਂ ਪਤਾ ਲੱਗਾ ਸੀ ਕਿ ਉਸ ਨੂੰ ਦਿਮਾਗੀ ਬੁਖਾਰ ਹੈ। ਉਸ ਨੂੰ ਇਕ ਹਫ਼ਤੇ ਅਾਈਸੀਯੂ ਵਿੱਚ ਰਹਿਣਾ ਪਿਆ ਸੀ। ਪਰ ਹੁਣ ਉਹ ਬੀਤੇ ਦੀ ਗੱਲ ਹੈ ਤੇ ਅੱਜ ਸ੍ਰੀਕਾਤ ਮੁਲਕ ਦੇ ਸਰਵੋਤਮ ਖਿਡਾਰੀਆਂ ’ਚੋਂ ਇਕ ਹੈ। ਉਸ ਦੇ ਨਾਂ ਚਾਰ ਖ਼ਿਤਾਬ ਹਨ ਤੇ ਉਸ ਨੇ ਪਦਮਸ੍ਰੀ ਸਮੇਤ ਕਈ ਨਾਮੀ ਪੁਰਸਕਾਰ ਹਾਸਲ ਕੀਤੇ ਹਨ। ਉਸ ਨੂੰ ਗੋਲਡ ਕੋਸਟ ਵਿੱਚ ਸੋਨ ਤਗ਼ਮੇ ਦਾ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹੈ।
ਸ੍ਰੀਕਾਂਤ ਨੇ 2014 ਦੀ ਘਟਨਾ ਨੂੰ ਯਾਦ ਕਰਦਿਆਂ ਕਿਹਾ, ‘ਉਹ ਕਿਸੇ ਵਾਇਰਸ ਦੀ ਵਜ੍ਹਾ ਕਰਕੇ ਹੋੲਿਆ ਸੀ, ਜਿਸ ਦਾ ਮੈਨੂੰ ਨਾਂ ਵੀ ਯਾਦ ਨਹੀਂ। ਕੋਈ ਵੀ ਮੈਨੂੰ ਉਸ ਘਟਨਾ ਬਾਰੇ ਨਹੀਂ ਦੱਸਣਾ ਚਾਹੁੰਦਾ ਤੇ ਮੈਨੂੰ ਵੀ ਕੁਝ ਯਾਦ ਨਹੀਂ।’ ਸ੍ਰੀਕਾਂਤ ਨੇ ਕਿਹਾ, ‘ਪਿਛਲੇ ਇਕ ਸਾਲ ਵਿੱਚ ਮੈਂ ਜੋ ਤਜਰਬਾ ਹਾਸਲ ਕੀਤਾ ਹੈ, ੳੁਸ ਨਾਲ ਮੈਂ ਆਤਮ ਵਿਸ਼ਵਾਸ ਨਾਲ ਲਬਰੇਜ ਹਾਂ, ਲਿਹਾਜ਼ਾ ਇਹ ਵੱਖਰੇ ਤਰ੍ਹਾਂ ਦਾ ਤਜਰਬਾ ਹੋਵੇਗਾ। ਯਕੀਨੀ ਤੌਰ ’ਤੇ ਰਾਸ਼ਟਰਮੰਡਲ ਖੇਡਾਂ ’ਚ ਤਗ਼ਮਾ ਜਿੱਤਣਾ ਮੇਰੀ ਤਰਜੀਹ ਹੈ। ਵਿਸ਼ਵ ਦਾ ਨੰਬਰ ਇਕ ਖਿਡਾਰੀ ਬਣਨ ਨਾਲੋਂ ਵੱਧ ਅਹਿਮ ਤਗ਼ਮਾ ਜਿੱਤਣਾ ਹੈ। ਇਹੀ ਮੇਰਾ ਇਸ ਸਾਲ ਦਾ ਟੀਚਾ ਹੈ।’ ਪਾਰੂਪੱਲੀ ਕਸ਼ਯਪ ਨੇ ਗਲਾਸਗੋ ਰਾਸ਼ਟਰਮੰਡਲ ਖੇਡਾਂ ਦਾ ਸੋਨ ਤਗ਼ਮਾ ਜਿੱਤ ਕੇ ਭਾਰਤ ਨੂੰ 32 ਸਾਲਾਂ ਬਾਅਦ ਪੁਰਸ਼ ਸਿੰਗਲਜ਼ ਵਿੱਚ ਖਿਤਾਬ ਦਿਵਾਇਆ ਸੀ। 

 

 

fbbg-image

Latest News
Magazine Archive