ਹਰਿਮੰਦਰ ਸਾਹਿਬ ਤੇ ਦੁਰਗਿਆਣਾ ਮੰਦਰ ਦੇ ਲੰਗਰ ਨੂੰ ਜੀਐਸਟੀ ਤੋਂ ਛੋਟ


ਚੰਡੀਗੜ੍ਹ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਹਰਿਮੰਦਿਰ ਸਾਹਿਬ ਅਤੇ ਦੁਰਗਿਆਣਾ ਮੰਦਿਰ ਸਮੇਤ 5 ਧਾਰਮਿਕ ਅਸਥਾਨਾਂ ਦੀ ‘ਰਸਦ’ ਤੋਂ ਸੂਬਾਈ ਹਿੱਸੇ ਦੇ ਜੀਐਸਟੀ ਦੀ ਵਸੂਲੀ ਮੁਆਫ਼ ਕਰਨ ਦਾ ਐਲਾਨ ਕੀਤਾ ਹੈ। ਬੁੱਧਵਾਰ ਨੂੰ ਪੰਜਾਬ ਵਿਧਾਨ ਸਭਾ ’ਚ ਰਾਜਪਾਲ ਦੇ ਭਾਸ਼ਨ ’ਤੇ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਪੇਸ਼ ਕੀਤੇ ਧੰਨਵਾਦ ਦੇ ਮਤੇ ’ਤੇ ਚੱਲਦੀ ਬਹਿਸ ’ਚ ਦਖ਼ਲ ਦਿੰਦਿਆਂ ਮੁੱਖ ਮੰਤਰੀ ਨੇ ਇਹ ਐਲਾਨ ਕੀਤਾ। ਇਸ ਮੁੱਦੇ ’ਤੇ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਘੇਰਿਆ ਤੇ ਚੁਣੌਤੀ ਦਿੱਤੀ ਕਿ ਜੇ ਕੇਂਦਰ ਸਰਕਾਰ ਨੇ ਆਪਣੇ ਹਿੱਸੇ ਦਾ ਟੈਕਸ ਮੁਆਫ਼ ਨਾ ਕੀਤਾ ਤਾਂ ਕੀ ਹਰਸਿਮਰਤ ਕੌਰ ਬਾਦਲ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਵੇਗੀ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਕਾਲੀਆਂ ਨੇ ਕਦੇ ਵੀ ਜੀਐਸਟੀ ਕੌਂਸਲ ਅੱਗੇ ਲੰਗਰ ਵਸਤਾਂ ’ਤੇ ਟੈਕਸ ਲਾਉਣ ਦਾ ਵਿਰੋਧ ਨਹੀਂ ਕੀਤਾ ਤੇ ਨਾ ਹੀ ਉਨ੍ਹਾਂ ਲੰਗਰ ’ਤੇ ਜੀਐਸਟੀ ਮੁਆਫ਼ ਕਰਵਾਉਣ ਲਈ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ’ਤੇ ਦਬਾਅ ਬਣਾਉਣ ਲਈ ਕੋਈ ਚਾਰਾਜੋਈ ਕੀਤੀ। ਵਿਰੋਧੀ ਧਿਰ ਦੇ ਨੇਤਾ ਅਤੇ ਆਪ ਵਿਧਾਇਕ ਸੁਖਪਾਲ ਸਿੰਘ ਖਹਿਰਾ, ਭਾਜਪਾ ਵਿਧਾਇਕ ਸੋਮ ਪ੍ਰਕਾਸ਼ ਅਤੇ ਅਕਾਲੀ ਵਿਧਾਕਿ ਪਰਮਿੰਦਰ ਸਿੰਘ ਢੀਂਡਸਾ ਨੇ ਵੀ ਇਸ ਫ਼ੈਸਲੇ ਦੀ ਸ਼ਲਾਘਾ ਕੀਤੀ। ਇਸ ਦੌਰਾਨ ਸਦਨ ਵਿੱਚ ਸਰਬਸੰਮਤੀ ਨਾਲ ਮਤਾ ਪਾਸ ਕਰ ਕੇ ਕੇਂਦਰ ਸਰਕਾਰ ਤੋਂ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਦੁਰਗਿਆਣਾ ਮੰਦਰ ਵਿਖੇ ਲੰਗਰ ਵਸਤਾਂ ’ਤੇ ਆਪਣੇ ਹਿੱਸੇ ਦਾ ਜੀ.ਐਸ.ਟੀ. ਤੁਰੰਤ ਮੁਆਫ਼ ਕਰਨ ਦੀ ਮੰਗ ਕੀਤੀ ਗਈ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਇਸ ਸਬੰਧੀ ਮਤਾ ਪੇਸ਼ ਕੀਤਾ ਜਿਸ ਨੂੰ ਜ਼ੁਬਾਨੀ ਵੋਟਾਂ ਨਾਲ ਪਾਸ ਕਰ ਦਿੱਤਾ ਗਿਆ। ਧੰਨਵਾਦ ਮਤਾ ਪੇਸ਼ ਕਰਦਿਆਂ ਸ੍ਰੀ ਰੰਧਾਵਾ ਨੇ ਕਿਹਾ ਕਿ ਅਕਾਲੀਆਂ ਦੇ ਸ਼ਾਸਨ ਦੌਰਾਨ ਗੁਰੂ ਗਰੰਥ ਸਾਹਿਬ ਸਮੇਤ ਹੋਰਨਾਂ ਪਵਿੱਤਰ ਗਰੰਥਾਂ ਦੀਆਂ ਬੇਅਦਬੀਆਂ ਹੋਈਆਂ। ੲਿਸ ਮੁੱਦੇ ’ਤੇ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਜਸਟਿਸ ਨਾਰੰਗ ਕਮਿਸ਼ਨ ਦੀ ਰਿਪੋਰਟ ਬਜਟ ਇਜਲਾਸ ਵਿੱਚ ਹੀ ਸਦਨ ’ਚ ਪੇਸ਼ ਕਰਨ ਲਈ ਤਿਆਰ ਹੈ ਜਦਕਿ ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਕਮਿਸ਼ਨ ਅਤੇ ਜਸਟਿਸ (ਸੇਵਾਮੁਕਤ) ਮਹਿਤਾਬ ਸਿੰਘ ਕਮਿਸ਼ਨ ਦੀਆਂ ਰਿਪੋਰਟਾਂ ਨੂੰ ਅੰਤਮ ਰੂਪ ਦਿੱਤੇ ਜਾਣ ਤੋਂ ਬਾਅਦ ਸਦਨ ਵਿੱਚ ਪੇਸ਼ ਕੀਤਾ ਜਾਵੇਗਾ।
‘ਆਪ’ ਦੇ ਕੰਵਰ ਸਿੰਘ ਸੰਧੂ ਨੇ ਕਿਹਾ ਕਿ ਕਾਂਗਰਸ ਸਰਕਾਰ ਲੋਕਾਂ ਨਾਲ ਕੀਤੇ ਵਾਅਦਿਆਂ ਤੋਂ ਇਸ ਕਦਰ ਭੱਜ ਗਈ ਹੈ ਕਿ ਰਾਜਪਾਲ ਦੇ ਭਾਸ਼ਨ ਤੋਂ ਸਪੱਸ਼ਟ  ਹੈ ਕਿ ਘਰ-ਘਰ ਨੌਕਰੀ ਨੂੰ ਘਰ-ਘਰ ਰੁਜ਼ਗਾਰ ’ਚ ਬਦਲ ਦਿੱਤਾ ਹੈ। ਬਹਿਸ ਵਿੱਚ ਪ੍ਰੋ. ਬਲਜਿੰਦਰ ਕੌਰ, ਪਰਮਿੰਦਰ ਸਿੰਘ ਢੀਂਡਸਾ, ਹਰਪ੍ਰਤਾਪ ਸਿੰਘ ਅਜਨਾਲਾ, ਸਿਮਰਜੀਤ ਸਿੰਘ ਬੈਂਸ, ਸੁਖਬਿੰਦਰ ਸਿੰਘ ਡੈਨੀ, ਐਨ.ਕੇ. ਸ਼ਰਮਾ, ਮਾਸਟਰ ਬਲਦੇਵ ਸਿੰਘ, ਜੈ ਕਿਸ਼ਨ ਰੋੜੀ, ਪਿਰਮਲ ਸਿੰਘ ਧੌਲਾ, ਗੁਰਮੀਤ ਸਿੰਘ ਮੀਤ ਹੇਅਰ, ਗੁਰਪ੍ਰਤਾਪ ਸਿੰਘ ਵਡਾਲਾ ਆਦਿ ਨੇ ਵੀ ਹਿੱਸਾ ਲਿਆ।
ਅਕਾਲੀਆਂ ਦੇ ਹੰਗਾਮੇ ਕਾਰਨ ਸਦਨ ਉਠਾਇਆ
ਪੰਜਾਬ ਵਿਧਾਨ ਸਭਾ ਵਿੱਚ ਅੱਜ ਪ੍ਰਸ਼ਨ ਕਾਲ ਖ਼ਤਮ ਹੋਣ ਤੋਂ ਬਾਅਦ ਅਕਾਲੀ ਦਲ ਤੇ ਭਾਜਪਾ ਮੈਂਬਰਾਂ ਦੇ ਹੰਗਾਮੇ ਕਾਰਨ ਸਪੀਕਰ ਰਾਣਾ ਕੇਪੀ ਸਿੰਘ ਨੂੰ ਸਦਨ ਦੀ ਕਾਰਵਾਈ ਅੱਧੇ ਘੰਟੇ ਲਈ ਮੁਲਤਵੀ ਕਰਨੀ ਪਈ। ਇਸੇ ਦੌਰਾਨ ਆਮ ਆਦਮੀ ਪਾਰਟੀ ਤੇ ਲੋਕ ਇਨਸਾਫ਼ ਪਾਰਟੀਆਂ ਦੇ ਮੈਂਬਰਾਂ ਨੇ ਸਦਨ ਵਿੱਚੋਂ ਵਾਕਆਊਟ ਕੀਤਾ। ਲੋਕ ਇਨਸਾਫ਼ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਵੱਲੋਂ ਸਪੀਕਰ ’ਤੇ ਦੋਸ਼ ਲਾਉਣ ਦੇ ਮਾਮਲੇ ’ਤੇ ਹਾਕਮ ਧਿਰ ਦੇ ਮੈਂਬਰਾਂ ਨੇ ਬੈਂਸ ’ਤੇ ਜਵਾਬੀ ਹਮਲੇ ਕੀਤੇ।

 

 

fbbg-image

Latest News
Magazine Archive