ਕਬਾੜ ਦੇ ਸਾਮਾਨ ਦੀ ਤੋੜ-ਭੰਨ ਦੌਰਾਨ ਧਮਾਕਾ; ਬੱਚੇ ਸਮੇਤ ਦੋ ਹਲਾਕ


ਪਟਿਆਲਾ - ਇਥੇ ਲੱਕੜ ਮੰਡੀ ਨਾਲ ਲੱਗਦੀ ਬਾਬਾ ਬੀਰ ਸਿੰਘ-ਧੀਰ ਸਿੰਘ ਕਲੋਨੀ ਵਿੱਚ ਸਥਿਤ ਪਰਵਾਸੀ ਮਜ਼ਦੂਰਾਂ ਦੀਆਂ ਝੁੱਗੀਆਂ ਵਿੱਚ ਕਬਾੜ ਦੇ ਸਾਮਾਨ ਦੀ ਤੋੜ-ਭੰਨ ਮੌਕੇ ਜ਼ਬਰਦਸਤ ਧਮਾਕੇ ਕਾਰਨ ਦੋ ਸਾਲਾਂ ਦੇ ਇੱਕ ਬੱਚੇ ਸਮੇਤ ਕਬਾੜੀਏ ਦੀ ਮੌਤ ਹੋ ਗਈ। ਘਟਨਾ ਵਿੱਚ ਚਾਰ ਬੱਚੇ ਜ਼ਖਮੀ ਹੋ ਗਏ। ਧਮਾਕੇ  ਦਾ ਪਤਾ ਲੱਗਣ ਪਿੱਛੋਂ ਮੌਕੇ ’ਤੇ ਪੁੱਜੀਆਂ ਪੁਲੀਸ ਅਤੇ ਫੋਰੈਂਸਿਕ ਮਾਹਰਾਂ ਦੀਆਂ ਟੀਮਾਂ ਵੱਲੋਂ ਧਮਾਕੇ ਦਾ ਕਾਰਨ ਬਣੀ ਸਮੱਗਰੀ ਬਾਰੇ ਪਤਾ ਲਾਇਆ ਜਾ ਰਿਹਾ ਹੈ। ਮੁਢਲੇ ਰੂਪ ਵਿੱਚ ਇਹ ਧਮਾਕਾਖ਼ੇਜ਼ ਵਸਤੂ ਕਬਾੜ ਵਿੱਚ ਹੀ ਇਕੱਠੀ ਹੋਈ ਦੱਸੀ ਜਾ ਰਹੀ ਹੈ, ਪਰ ਅਸਲੀ ਤੱਥ ਮੁਕੰਮਲ ਜਾਂਚ ਉਪਰੰਤ ਹੀ ਸਾਹਮਣੇ ਆਉਣਗੇ। ਜਾਣਕਾਰੀ ਅਨੁਸਾਰ ਇਸ ਖੇਤਰ ਵਿਚਲੀਆਂ ਝੁੱਗੀਆਂ ਵਿੱਚ ਰਹਿੰਦੇ ਬਹੁਤੇ ਵਿਅਕਤੀ ਕਬਾੜ ਦਾ ਕੰਮ ਕਰਦੇ ਹਨ।
ਇਸ ਦੌਰਾਨ ਮੁਰਾਦਾਬਾਦ (ਯੂਪੀ) ਦੇ ਪਿੰਡ ਸੰਬਲ ਦਾ ਮੂਲ ਵਾਸੀ 25 ਸਾਲਾ ਮੁਮਤਿਆਜ਼ ਅਲੀ ਪੁੱਤਰ ਸੂਰਜ ਖਾਨ ਅੱਜ ਸਵੇਰੇ ਕਬਾੜ ਵਿੱਚ ਲਿਆਂਦੀਆਂ ਵਸਤਾਂ ਦੀ ਤੋੜ-ਭੰਨ ਕਰ ਰਿਹਾ ਸੀ, ਇਹ ਘਟਨਾ ਵਾਪਰ ਗਈ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਇਹ ਦੂਰ ਦੂਰ ਤੱਕ ਸੁਣਾਈ ਦਿੱਤਾ। ਇਸ ਕਾਰਨ ਮੁਮਤਿਆਜ਼ ਅਲੀ ਤੇ ਨਜ਼ਦੀਕ ਖੇਡ ਰਹੇ ਦੋ ਸਾਲਾ ਮੁਹੰਮਦ ਸ਼ਮੀਰ ਪੁੱਤਰ ਇਸਰਾਤ ਖ਼ਾਨ, ਮੂਲ ਵਾਸੀ ਪਿੰਡ ਸਮਿਓਣਾ, ਮੁਰਾਦਾਬਾਦ (ਯੂਪੀ) ਦੀ ਮੌਕੇ ’ਤੇ ਹੀ ਮੌਤ ਹੋ ਗਈ। ਚਾਰ ਹੋਰ ਬੱਚੇ ਨੂਰ ਹਸਨ (10), ਬੱਬੂ ਹਸਨ (8) ਤੇ ਡੇਢ ਸਾਲਾ ਸੱਬੂ ਹਸਨ ਪੁੱਤਰਾਨ ਫਿਰਾਸਤ ਅਤੇ ਬੱਚੀ ਆਫ਼ਰੀਨ (6) ਪੁੱਤਰੀ ਮੁਸਰਤ ਜ਼ਖਮੀ ਹੋ ਗਏ। ਜ਼ਖ਼ਮੀਆਂ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ।
ਘਟਨਾ ਦਾ ਪਤਾ ਲੱਗਣ ’ਤੇ ਐਸਐਸਪੀ ਡਾ. ਐਸ. ਭੂਪਤੀ ਸਮੇਤ ਐਸਪੀਜ਼ ਕੇਸਰ ਸਿੰਘ ਧਾਲ਼ੀਵਾਲ਼ ਤੇ ਹਰਵਿੰਦਰ  ਵਿਰਕ, ਡੀਐਸਪੀ ਸੌਰਵ ਜਿੰਦਲ, ਸੀਆਈਏ ਸਟਾਫ਼ ਦੇ ਇੰਚਾਰਜ ਦਲਬੀਰ ਗਰੇਵਾਲ ਸਮੇਤ ਫੋਰੈਂਸਿਕ ਮਾਹਰਾਂ ਦੀ ਟੀਮ ਨੇ ਘਟਨਾ ਸਥਾਨ ਦਾ ਦੌਰਾ ਕੀਤਾ। ਐਸਐਸਪੀ ਡਾ. ਭੂਪਤੀ ਨੇ ਪੀੜਤ ਪਰਿਵਾਰ ਦੇ ਹਵਾਲੇ ਨਾਲ਼ ਹੀ ਦੱਸਿਆ ਕਿ ਮੁਮਤਿਆਜ਼ ਹੋਰਨਾਂ ਖੇਤਰਾਂ ਸਮੇਤ ਮਿਲਟਰੀ ਏਰੀਏ ਦੇ ਆਲ਼ੇ-ਦੁਆਲ਼ਿਉਂ ਵੀ ਕਬਾੜ ਦਾ ਸਾਮਾਨ ਲੈ ਕੇ ਆਉਂਦਾ ਸੀ।
ਮ੍ਰਿਤਕਾਂ ਦੇ ਵਾਰਸਾਂ ਨੂੰ ਇਕ-ਇਕ ਲੱਖ ਰੁਪਏ ਦੀ ਇਮਦਾਦ
ਪਟਿਆਲਾ ਦੇ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਧਮਾਕੇ ਵਿੱਚ ਮਰਨ ਵਾਲਿਆਂ ਦੇ ਵਾਰਸਾਂ ਨੂੰ ਇੱਕ-ਇੱਕ ਲੱਖ ਅਤੇ ਜ਼ਖ਼ਮੀਆਂ ਲਈ 25-25 ਹਜ਼ਾਰ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ। ਹਸਪਤਾਲ ਵਿੱਚ ਜ਼ਖ਼ਮੀਆਂ ਦਾ ਇਲਾਜ ਮੁਫ਼ਤ ਹੋਵੇਗਾ। ਐਸਡੀਐਮ ਅਨਮੋਲ ਸਿੰਘ ਧਾਲੀਵਾਲ ਮਾਮਲੇ ਦੀ ਮੈਜਿਸਟਰੇਟੀ ਜਾਂਚ ਕਰਨਗੇ। ਡੀਸੀ ਸਮੇਤ ਮੁੱਖ ਮੰਤਰੀ ਦੇ ਓਐਸਡੀ ਹਨੀ ਸੇਖੋਂ, ਮੇਅਰ ਸੰਜੀਵ ਬਿੱਟੂ, ਸੀਨੀਅਰ ਡਿਪਟੀ ਮੇਅਰ ਯੋਗਿੰਦਰ ਯੋਗੀ ਤੇ ਹੋਰਨਾਂ ਨੇ ਘਟਨਾ ਸਥਾਨ ਦਾ ਦੌਰਾ ਕਰ ਕੇ ਪੀੜਤ ਪਰਿਵਾਰਾਂ ਨਾਲ਼ ਹਮਦਰਦੀ ਦਾ ਇਜ਼ਹਾਰ ਕੀਤਾ। ਇਸੇ ਦੌਰਾਨ ਥਾਣਾ ਕੋਤਵਾਲੀ ਦੇ ਮੁਖੀ ਰਾਹੁਲ ਕੌਸ਼ਲ ਨੇ ਦੱਸਿਆ ਕਿ ਇਸ ਮਾਮਲੇ ਵਿੱਚ  ਝੁੱਗੀ ਵਾਲ਼ੀ ਇਹ ਥਾਂ ਕਬਾੜੀਏ ਮੁਮਤਿਆਜ਼ ਅਲੀ ਨੂੰ ਕਿਰਾਏ ’ਤੇ ਦੇਣ ਵਾਲ਼ੇ ਜੱਸਾ ਸਿੰਘ ਸਮੇਤ ਇੱਕ ਹੋਰ ਅਣਪਛਾਤੇ ਵਿਅਕਤੀ ਖਿਲਾਫ਼ ਧਾਰਾ 304-ਏ ਅਤੇ 337 ਤਹਿਤ ਕੇਸ ਦਰਜ ਕੀਤਾ ਹੈ। ਇਹ ਕਾਰਵਾਈ ਕੌਂਸਲਰ ਹਰਸ਼ਾ ਕਪੂਰ ਦੇ ਪਤੀ ਹਰੀਸ਼ ਕਪੂਰ ਦੇ ਬਿਆਨਾਂ ’ਤੇ ਕੀਤੀ ਗਈ ਹੈ।

 

 

fbbg-image

Latest News
Magazine Archive