ਲੋਕ ਸਭਾ ਵਿੱਚ ਬੇਵਿਸਾਹੀ ਮਤੇ ਦਾ ਨੋਟਿਸ ਨਾ ਲਿਆ ਜਾ ਸਕਿਆ


ਨਵੀਂ ਦਿੱਲੀ - ਭਾਰੀ ਸ਼ੋਰ ਸ਼ਰਾਬੇ ਕਾਰਨ ਕੌਮੀ ਜਮਹੂਰੀ ਮੋਰਚੇ ਦੀ ਸਰਕਾਰ ਵਿਰੁੱਧ ਬੇਵਿਸ਼ਵਾਸੀ ਮਤਾ ਅੱਜ ਲੋਕ ਸਭਾ ਵਿੱਚ ਨਾ ਲਿਆ ਜਾ ਸਕਿਆ। ਲੋਕ ਸਭਾ ਦੀ ਸਪੀਕਰ ਸੁਮਿੱਤਰਾ ਮਹਾਜਨ ਨੇ ਕਿਹਾ ਕਿ ਉਹ ਬੇਵਿਸ਼ਵਾਸੀ ਮਤੇ ਨੂੰ ਲੈਣ ਲਈ ਪੂਰੀ ਤਰ੍ਹਾਂ ਪਾਬੰਦ ਹਨ ਪਰ ਇਸ ਦੇ ਲਈ ਸਦਨ ਦਾ ਕੰਮਕਾਜ਼ੀ ਹਾਲਤ ਵਿੱਚ ਹੋਣਾ ਜ਼ਰੂਰੀ ਹੈ। ਲੋਕ ਸਭਾ ਵਿੱਚ ਅੱਜ ਵੀ ਵਿਰੋਧੀਆਂ ਦੇ ਵੱਲੋਂ ਪਾਏ ਰੌਲੇ ਰੱਪੇ ਕਾਰਨ ਸਦਨ ਦੀ ਕਾਰਵਾਈ ਨਹੀ ਚੱਲ ਸਕੀ। ਇਸ ਦੌਰਾਨ ਹੀ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਉਹ ਬੇਵਿਸ਼ਵਾਸੀ ਮਤੇ ਸਮੇਤ ਕਿਸੇ ਵੀ ਮਤੇ ਉੱਤੇ ਬਹਿਸ ਲਈ ਤਿਆਰ ਹਨ। ਸੰਸਦ ਦੇ ਦੋਵੇਂ ਸਦਨਾਂ ਦੀ ਕਾਰਵਾਈ ਅੱਜ ਵੀ ਰੌਲੇ ਰੱਪੇ ਦੀ ਭੇਟ ਚੜ੍ਹ ਗਈ ਅਤੇ ਇਹ ਲਗਾਤਾਰ 11ਵਾਂ ਦਿਨ ਹੈ ਜਦੋਂ ਸਦਨ ਵਿੱਚ ਕੋਈ ਕੰਮਕਾਜ਼ ਨਹੀ ਹੋ ਸਕਿਆ।
ਅੱਜ ਸਵੇਰੇ ਜਿਉਂ ਹੀ ਰਾਜ ਸਭਾ ਜੁੜੀ ਤਾਂ ਦਸ ਮਿੰਟ ਦੇ ਵਿੱਚ ਹੀ ਦਿਨ ਭਰ ਦੇ ਲਈ ਉਠਾ ਦਿੱਤੀ ਗਈ। ਲੋਕ ਸਭਾ ਵਿੱਚ ਪਹਿਲਾਂ ਕਾਰਵਾਈ ਦੁਪਿਹਰ ਤੱਕ ਮੁਲਤਵੀ ਕੀਤੀ ਗਈ ਤੇ ਫਿਰ ਸੂਚੀ ਵਿੱਚ ਦਰਜ ਪੇਪਰ ਰੱਖਣ ਬਾਅਦ ਪਏ ਰੌਲੇ ਰੱਪੇ ਦੌਰਾਨ ਸਦਨ ਦਿਨ ਭਰ ਲਈ ਉਠਾ ਦਿੱਤਾ ਗਿਆ। ਲੋਕ ਸਭਾ ਵਿੱਚ ਬੇਵਿਸ਼ਵਾਸੀ ਮਤੇ ਲਈ ਵਾਈਐਸਆਰ, ਕਾਂਗਰਸ ਮੈਂਬਰ ਵਾਈ ਵੀ ਸੂਬਾ ਰੈਡੀ ਅਤੇ ਟੀਡੀਪੀ ਦੇ ਦੋ ਹੋਰ ਮੈਂਬਰਾਂ ਵੱਲੋਂ ਨੋਟਿਸ ਪੇਸ਼ ਦਿੱਤੇ ਗਏ ਹਨ। ਦੋਵੇਂ ਪਾਰਟੀਆਂ ਆਂਧਰਾ ਪ੍ਰਦੇਸ਼ ਦੇ ਲਈ ਵਿਸ਼ੇਸ਼ ਪੈਕੇਜ ਦੀ ਮੰਗ ਕਰ ਰਹੀਆਂ ਹਨ। ਇਸ ਮਾਮਲੇ ਉੱਤੇ ਹੀ ਟੀਡੀਪੀ ਸੱਤਾਧਾਰੀ ਗੱਠਜੋੜ ਛੱਡ ਗਈ ਹੈ। ਇਹ ਖਾਸ ਹੈ ਕਿ 5 ਮਾਰਚ ਨੂੰ ਸੰਸਦ ਦਾ ਇਜਲਾਸ ਸ਼ੁਰੂ ਹੋਇਆ ਹੈ ਸੀ ਪਰ ਹਰ ਰੋਜ਼ ਦੋਵੇਂ ਸਦਨ ਰੌਲੇ ਰੱਪੇ ਦੇ ਚੱਲਦਿਆਂ ਉਠਾ ਦਿੱਤੇ ਜਾਂਦੇ ਹਨ। ਮੈਂਬਰਾਂ ਵੱਲੋਂ ਪਾਏ ਜਾ ਰਹੇ ਰੌਲੇ ਰੱਪੇ ਤੋਂ ਖਫ਼ਾ ਹੋਏ ਰਾਜ ਸਭਾ ਦੇ ਚੇਅਰਮੈਨ ਵੈਂਕਈਆ ਨਾਇਡੂ ਨੇ ਕਿਹਾ ਕਿ ਸੰਸਦ ਮਜ਼ਾਕ ਦੀ ਪਾਤਰ ਬਣ ਕੇ ਰਹਿ ਗਈ ਹੈ। ਇਸ ਤਰ੍ਹਾਂ ਦਾ ਵਰਤਾਅ ਨਾ ਸੰਸਦ ਅਤੇ ਨਾ ਹੀ ਦੇਸ਼ ਹਿੱਤ ਵਿੱਚ ਹੈ। ਉਨ੍ਹਾਂ ਕਿਹਾ ਕਿ ਉਹ ਹਰ ਮਸਲੇ ਉੱਤੇ ਬਹਿਸ ਕਰਵਾਉਣ ਨੂੰ ਤਿਆਰ ਹਨ।

 

 

fbbg-image

Latest News
Magazine Archive