ਐਮਐਸਪੀ ਵਧਾੳੁਣ ਲਈ ਸੂਬਿਆਂ ਨਾਲ ਮਿਲ ਕੇ

ਕੰਮ ਕਰ ਰਿਹੈ ਕੇਂਦਰ: ਮੋਦੀ


ਨਵੀਂ ਦਿੱਲੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਫ਼ਸਲਾਂ ’ਤੇ ਆਉਣ ਵਾਲੀ ਉਤਪਾਦਨ ਲਾਗਤ ਦਾ ਡੇਢ ਗੁਣਾ ਘੱਟੋ ਘੱਟ ਸਮਰਥਨ ਮੁੱਲ (ਐਮਐਸਪੀ) ਦਿਵਾਉਣ ਲਈ ਕੰਮ ਕਰ ਰਹੀ ਹੈ ਤਾਂ ਜੋ ਕਿਸਾਨਾਂ ਦੀ ਆਮਦਨ ਵਧਾਈ ਜਾ ਸਕੇ। ਕਿਸਾਨਾਂ ਨੂੰ ਵਧੇ ਹੋਏ ਘੱਟੋ ਘੱਟ ਸਮਰਥਨ ਮੁੱਲ ਦਾ ਲਾਭ ਦਿਵਾਉਣਾ ਯਕੀਨੀ ਬਣਾਉਣ ਲਈ ਕੇਂਦਰ ਸਰਕਾਰ ਸੂਬਿਆਂ ਨਾਲ ਮਿਲ ਕੇ ਕੰਮ ਕਰ ਰਹੀ ਹੈ। ਉਹ ਅੱਜ ਇੱਥੇ ਭਾਰਤੀ ਖੇਤੀਬਾਡ਼ੀ ਖੋਜ ਸੰਸਥਾ ਦੇ ਕ੍ਰਿਸ਼ੀ ਉੱਨਤੀ ਮੇਲੇ-2018 ਨੂੰ ਸੰਬੋਧਨ ਕਰ ਰਹੇ ਸਨ।
ਸ੍ਰੀ ਮੋਦੀ ਨੇ ਕਿਹਾ ਕਿ ਫ਼ਸਲਾਂ ਦਾ ਘੱਟੋ ਘੱਟ ਸਮਰਥਨ ਮੁੱਲ ਤੈਅ ਕਰਨ ਸਬੰਧੀ ਬਜਟ ਸੈਸ਼ਨ ’ਚ ਲਏ ਗਏ ਫ਼ੈਸਲੇ ਬਾਰੇ ਵਿਰੋਧੀ ਪਾਰਟੀਆਂ ਭਰਮ ਪੈਦਾ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਫ਼ਸਲਾਂ ਦੀ ਲਾਗਤ ਵਿੱਚ ਦਿਹਾਡ਼ੀਦਾਰਾਂ, ਮਸ਼ੀਨਾਂ ਦਾ ਕਿਰਾਇਆ, ਬੀਜਾਂ ਤੇ ਖਾਦ ਦਾ ਮੁੱਲ, ਸੂਬਾ ਸਰਕਾਰਾਂ ਨੂੰ ਦਿੱਤੇ ਜਾਣ ਵਾਲੇ ਟੈਕਸ, ਲੲੀ ਰਕਮ ’ਤੇ ਲੱਗਣ ਵਾਲਾ ਵਿਆਜ ਅਤੇ ਠੇਕੇ ’ਤੇ ਲਈ ਗਈ ਜ਼ਮੀਨ ਦਾ ਕਿਰਾਇਆ ਆਦਿ ਸ਼ਾਮਲ ਹੋਵੇਗਾ ਤੇ ੲਿਹ ਫ਼ੈਸਲਾ ਕਿਸਾਨਾਂ ਦੀ ਆਮਦਨ 2022 ਤੱਕ ਦੁੱਗਣੀ ਕਰਨ ਵਿੱਚ ਸਹਾਈ ਸਾਬਿਤ ਹੋਵੇਗਾ। ਉਨ੍ਹਾਂ ਖੁਰਾਕੀ ਤੇਲ ਦੇ ਮਾਮਲੇ ਵਿੱਚ ਦੇਸ਼ ਦੀ ਦਰਾਮਦ ’ਤੇ ਨਿਰਭਰਤਾ ਘਟਾਉਣ ਲਈ ਕਿਸਾਨਾਂ ਨੂੰ ਤੇਲ ਬੀਜਾਂ ਦੀ ਵੱਧ ਤੋਂ ਵੱਧ ਪੈਦਾਵਾਰ ਕਰਨ ਦਾ ਸੱਦਾ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਕਿਸਾਨਾਂ ਨੂੰ 2022 ਤੱਕ ਯੂਰੀਆ ਦੀ ਵਰਤੋਂ ਘਟਾ ਕੇ ਅੱਧੀ ਕਰਨ ਦੀ ਅਪੀਲ ਵੀ ਕੀਤੀ। ਸ੍ਰੀ ਮੋਦੀ ਨੇ ਕਿਸਾਨਾਂ ਨੂੰ ਫ਼ਸਲਾਂ ਦੀ ਰਹਿੰਦ-ਖੂੰਹਦ ਨਾ ਸਾਡ਼ਨ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਨਾਲ ਜਿੱਥੇ ਹਵਾ ਪ੍ਰਦੂਸ਼ਣ ਫੈਲਦਾ ਹੈ ਉੱਥੇ ਹੀ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਘਟਦੀ ਹੈ। ਉਨ੍ਹਾਂ ਕਿਹਾ ਕਿ ਖੇਤੀਬਾਡ਼ੀ ਖੇਤਰ ਦੀਆਂ ਚੁਣੌਤੀਆਂ ਦੇ ਟਾਕਰੇ ਲਈ ਸਰਕਾਰ ਪੂਰੀ ਤਰ੍ਹਾਂ ਯਤਨਸ਼ੀਲ ਹੈ।  ਪ੍ਰਧਾਨ ਮੰਤਰੀ ਨੇ ਕਿਹਾ ਕਿ ਕਿਸਾਨਾਂ ਦੀ ਆਮਦਨ ਵਧਾਉਣ     ਲਈ ਸਰਕਾਰ ਮੰਡੀਕਰਨ ਵਿੱਚ ਵੀ ਸੁਧਾਰ ਕਰ ਰਹੀ ਹੈ। ਕਿਸਾਨਾਂ ਨੂੰ ਵਧੀਆ ਤੇ ਆਧੁਨਿਕ ਬੀਜ ਅਤੇ ਲੋਡ਼ੀਂਦੀ ਬਿਜਲੀ ਮੁਹੱਈਆ ਕਰਵਾਉਣ ਤੋਂ ਇਲਾਵਾ ਕਿਸਾਨਾਂ ਨੂੰ ਮੰਡੀਆਂ ਵਿੱਚ ਦਾਖ਼ਲੇ ’ਤੇ ਕੋਈ ਸਮੱਸਿਆ ਪੇਸ਼ ਨਾ ਆਵੇ ਅਤੇ ਉਨ੍ਹਾਂ ਨੂੰ ਫ਼ਸਲਾਂ ਦਾ ਸਹੀ ਮੁੱਲ ਮਿਲੇ, ਇਸ ਸਭ ਲਈ ਸਰਕਾਰ ਦਿਨ-ਰਾਤ ਕੰਮ ਕਰ ਰਹੀ ਹੈ।
ਇਸ ਮੌਕੇ ਸ੍ਰੀ ਮੋਦੀ ਨੇ ਜੈਵਿਕ ੳੁਤਪਾਦਾਂ ਲਈ ਈ-ਮਾਰਕੀਟਿੰਗ ਪੋਰਟਲ ਦੀ ਸ਼ੁਰੂਆਤ ਕੀਤੀ ਅਤੇ 25 ਕ੍ਰਿਸ਼ੀ ਵਿਗਿਆਨ ਕੇਂਦਰਾਂ ਦੇ ਉਦਘਾਟਨ ਵੀ ਕੀਤੇ। ਉਨ੍ਹਾਂ ਕ੍ਰਿਸ਼ੀ ਕਰਮਨ ਪੁਰਸਕਾਰ ਤੇ ਪੰਡਿਤ ਦੀਨ ਦਿਆਲ ਉਪਾਧਿਆਏ ਕ੍ਰਿਸ਼ੀ ਵਿਗਿਆਨ ਪ੍ਰੋਤਸਾਹਨ ਪੁਰਸਕਾਰ ਵੀ ਵੰਡੇ।

 

Latest News
Magazine Archive