ਭਾਰਤ ਨੂੰ ਝਟਕਾ, ਫੀਫਾ ਵਿਸ਼ਵ ਕੱਪ ਦੀ ਮੇਜ਼ਬਾਨੀ ਪੋਲੈਂਡ ਨੂੰ ਮਿਲੀ


ਨਵੀਂ ਦਿੱਲੀ - ਭਾਰਤ ਨੂੰ ਉਸ ਸਮੇਂ ਝਟਕਾ ਲੱਗਿਆ, ਜਦੋਂ ਉਸ ਦੀ ਅੰਡਰ-20 ਫੀਫਾ ਵਿਸ਼ਵ ਕੱਪ ਦੀ ਮੇਜ਼ਬਾਨੀ ਕਰਨ ਦੀ ਉਮੀਦ ਟੁੱਟ ਗਈ। ਕੌਮਾਂਤਰੀ ਫੁਟਬਾਲ ਸੰਸਥਾ ਫੀਫਾ ਨੇ ਪੋਲੈਂਡ ਨੂੰ ਮੇਜ਼ਬਾਨੀ ਸੌਂਪੀ ਹੈ। ਹੁਣ ਯੂਰਪੀ ਦੇਸ਼ 2019 ਵਿੱਚ ਹੋਣ ਵਾਲੇ ਟੂਰਨਾਮੈਂਟ ਦੀ ਮੇਜ਼ਬਾਨੀ ਕਰੇਗਾ। ਇਹ ਫ਼ੈਸਲਾ ਫੀਫਾ ਕੌਂਸਲ ਦੀ ਕੋਲੰਬੀਆ ਦੇ ਬੋਗੋਟਾ ਵਿੱਚ ਹੋਈ ਮੀਟਿੰਗ ਦੌਰਾਨ ਲਿਆ ਗਿਆ। ਬੀਤੇ ਸਾਲ ਅਕਤੂਬਰ ਮਹੀਨੇ ਭਾਰਤ ਵਿੱਚ ਅੰਡਰ-17 ਵਿਸ਼ਵ ਕੱਪ ਹੋਇਆ ਸੀ। ਇਸ ਟੂਰਨਾਮੈਂਟ ਦੀ ਸਫਲਤਾ ਮੇਜ਼ਬਾਨੀ ਮਗਰੋਂ ਭਾਰਤ ਨੇ ਅੰਡਰ-20 ਵਿਸ਼ਵ ਕੱਪ ਦੀ ਮੇਜ਼ਬਾਨੀ ਦਾ ਦਾਅਵਾ ਪੇਸ਼ ਕੀਤਾ ਸੀ। ਅੰਡਰ-17 ਵਿਸ਼ਵ ਕੱਪ ਦੀ ਸਫਲਤਾ ਨੇ ਭਾਰਤੀ ਫੁਟਬਾਲ ਸੰਘ (ਏਆਈਐਫਐਫ) ਨੂੰ ਦੋ ਸਾਲਾਂ ਵਿੱਚ ਫੀਫਾ ਦਾ ਇੱਕ ਹੋਰ ਟੂਰਨਾਮੈਂਟ ਦੀ ਦਾਅਵੇਦਾਰੀ ਕਰਨ ਦਾ ਹੌਸਲਾ ਦਿੱਤਾ। ਭਾਰਤ ਅਤੇ ਪੋਲੈਂਡ ਇਸ ਦੀ ਮੇਜ਼ਬਾਨੀ ਲਈ ਲਾਜ਼ਮੀ ਸ਼ਰਤ ‘ਤਿਆਰ ਸਟੇਡੀਅਮ’ ’ਤੇ ਖਰੇ ਉਤਰੇ। ਇਹ ਆਲਮੀ ਟੂਰਨਾਮੈਂਟ ਮਈ ਤੋਂ ਜੂਨ ਮਹੀਨੇ ਹੋਣਾ ਹੈ। ਇਸ ਮੌਕੇ ਭਾਰਤ ਵਿੱਚ ਗਰਮੀ ਜ਼ੋਰਾਂ ’ਤੇ ਹੁੰਦੀ ਹੈ। ਤੇਜ਼ ਗਰਮੀ ਕਾਰਨ ਖਿਡਾਰੀਆਂ ਨੂੰ ਖੇਡਣ ਵਿੱਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇਗਾ। ਮੰਨਿਆ ਜਾ ਰਿਹਾ ਹੈ ਕਿ ਗਰਮੀ ਕਾਰਨ ਹੀ ਫੀਫਾ ਨੇ ਪੋਲੈਂਡ ਨੂੰ ਮੇਜ਼ਬਾਨੀ ਦੇਣ ਦਾ ਫ਼ੈਸਲਾ ਕੀਤਾ ਹੈ। ਅੰਡਰ-20 ਵਿਸ਼ਵ ਕੱਪ ਵਿੱਚੋਂ ਡਿਐਗੋ ਮੈਰਾਡੋਨਾ ਅਤੇ ਲਾਇਨਲ ਮੈਸੀ ਵਰਗੇ ਖਿਡਾਰੀ ਨਿਕਲੇ ਹਨ। ਮਾਰਾਡੋਨਾ 1979 ਦੌਰਾਨ ਜਾਪਾਨ ਵਿੱਚ ਖੇਡਿਆ ਸੀ, ਜਦੋਂਕਿ ਮੈਸੀ 2005 ਦੌਰਾਨ ਨੀਦਰਲੈਂਡਜ਼ ਵਿੱਚ ਖੇਡਿਆ ਸੀ। ਵਿਸ਼ਵ ਕੱਪ ਦਾ ਆਖ਼ਰੀ ਸੈਸ਼ਨ ਪਿਛਲੇ ਸਾਲ ਦੱਖਣੀ ਕੋਰੀਆਂ ਵਿੱਚ ਹੋਇਆ ਸੀ। ਇਸ ਟੂਰਨਾਮੈਂਟ ਨੂੰ ਅਰਜਨਟੀਨਾ ਨੇ ਛੇ ਵਾਰ ਆਪਣੇ ਨਾਮ ਕੀਤਾ ਹੈ ਜਦੋਂਕਿ ਬ੍ਰਾਜ਼ੀਲ ਨੇ ਇਸ ਨੂੰ ਪੰਜ ਵਾਰ ਜਿੱਤਿਆ ਹੈ।    -ਪੀਟੀਆਈ
ਫੀਫਾ ਨੇ ਤਿੰਨ ਦਹਾਕਿਆਂ ਮਗਰੋਂ ਇਰਾਕ ਤੋਂ ਪਾਬੰਦੀ ਹਟਾਈ
ਬੋਗੋਟਾ: ਫੀਫਾ ਨੇ ਇਰਾਕ ’ਤੇ ਕੌਮਾਂਤਰੀ ਫੁਟਬਾਲ ਮੈਚਾਂ ਦੀ ਮੇਜ਼ਬਾਨੀ ਸਬੰਧੀ ਤਿੰਨ ਦਹਾਕੇ ਪੁਰਾਣੀ ਪਾਬੰਦੀ ਹਟਾ ਲਈ ਹੈ। ਫੀਫਾ ਨੇ ਇਰਾਕੀ ਸ਼ਹਿਰ ਆਰਬਿਲ, ਬਸਰਾ ਅਤੇ ਕਰਬਲਾ ਵਿੱਚ ਕੌਮਾਂਤਰੀ ਮੈਚ ਕਰਵਾਉਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਫੀਫਾ ਪ੍ਰਧਾਨ ਜਿਆਨੀ ਇੰਫੈਨਟਿਨੋ ਨੇ ਇੱਥੇ ਫੀਫਾ ਕੌਂਸਲ ਦੀ ਮੀਟਿੰਗ ਮਗਰੋਂ ਪੱਤਰਕਾਰਾਂ ਨੂੰ ਕਿਹਾ, ‘‘ਅਸੀਂ ਆਰਬਿਲ, ਬਸਰਾ ਅਤੇ ਕਰਬਲਾ ਸ਼ਹਿਰਾਂ ਵਿੱਚ ਕੌਮਾਂਤਰੀ ਮੈਚ ਕਰਵਾਉਣ ਦੀ ਇਜਾਜ਼ਤ ਦੇ ਰਹੇ ਹਾਂ।’’ ਇਸ ਤੋਂ ਇਲਾਵਾ ਫੁਟਬਾਲ ਦੇ ਅੰਦਰ ਅਤੇ ਬਾਹਰ ਹੋ ਰਹੇ ਵਿਰੋਧ ਦੇ ਬਾਵਜੂਦ ਰੂਸ ਵਿੱਚ ਇਸ ਸਾਲ ਹੋਣ ਵਾਲੇ ਵਿਸ਼ਵ ਕੱਪ ਵਿੱਚ ਵੀਡੀਓ ਸਹਾਇਕ ਰੈਫਰੀ ਤਕਨੀਕ (ਵਾਰ) ਦੀ ਵਰਤੋਂ ਕੀਤੀ ਜਾਵੇਗੀ। ਫੁਟਬਾਲ ਦੇ ਨਿਯਮਾਂ ਨਾਲ ਜੁਡ਼ੇ ਕੌਮਾਂਤਰੀ ਫੁਟਬਾਲ ਸੰਘ ਬੋਰਡ (ਆਈਐਫਏਬੀ) ਨੇ ਦੋ ਹਫ਼ਤੇ ਪਹਿਲਾਂ ਹੀ ਜਿੳੂਰਿਖ ਵਿੱਚ ਇਸ ਤਕਨੀਕ ਨੂੰ ਹਰੀ ਝੰਡੀ ਦਿੱਤੀ ਸੀ ਅਤੇ ਫੀਫਾ ਕੌਂਸਲ ਨੇ ਉਸ ਨੂੰ ਅੰਤਿਮ ਮਨਜ਼ੂਰੀ ਦਿੱਤੀ। ਵਿਸ਼ਵ ਕੱਪ 14 ਜੂਨ ਤੋਂ 15 ਜੁਲਾਈ ਦੌਰਾਨ ਰੂਸ ਵਿੱਚ ਹੋਵੇਗਾ। 

 

 

fbbg-image

Latest News
Magazine Archive