ਦੇਸ਼ ਵਿੱਚ ਭਾਜਪਾ ਦਾ ਪਤਨ ਸ਼ੁਰੂ: ਮਾਇਆਵਤੀ


ਚੰਡੀਗਡ਼੍ਹ - ਬਹੁਜਨ ਸਮਾਜ ਪਾਰਟੀ (ਬਸਪਾ) ਦੀ ਕੌਮੀ ਪ੍ਰਧਾਨ ਅਤੇ ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਬੀਬੀ ਮਾਇਆਵਤੀ ਨੇ ਪਾਰਟੀ ਦੇ ਪੰਜਾਬ ਦੇ ਸਾਬਕਾ ਪ੍ਰਧਾਨ ਤੇ ਸੰਸਦ ਮੈਂਬਰ ਅਵਤਾਰ ਸਿੰਘ ਕਰੀਮਪੁਰੀ ਦਾ ਸੂਬੇ ਦੀ ਸਿਆਸਤ ਵਿੱਚੋਂ ਪੂਰੀ ਤਰਾਂ ਸਫਾਇਆ ਕਰਨ ਦਾ ਐਲਾਨ ਕਰਕੇ ਸਾਰਿਆਂ ਨੂੰ ਦੰਗ ਕਰ ਦਿੱਤਾ। ਉਨ੍ਹਾਂ ਅੱਜ ਇਥੇ ਸੈਕਟਰ 25 ਵਿੱਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ ਤੇ ਕਸ਼ਮੀਰ ਅਤੇ ਚੰਡੀਗਡ਼੍ਹ ਦੇ ਬਸਪਾ ਵਰਕਰਾਂ ਨੂੰ ਸੰਬੋਧਨ ਕਰਦਿਆਂ ਸਭ ਤੋਂ ਪਹਿਲਾਂ ਸਟੇਜ ’ਤੇ ਹੀ ਬੈਠੇ ਸ੍ਰੀ ਕਰੀਮਪੁਰੀ ਉਪਰ ਗੁੱਸਾ ਝਾਡ਼ਦਿਆਂ ਕਿਹਾ ਕਿ ਪੰਜਾਬ ਵਿੱਚ ਪਾਰਟੀ ਨੂੰ ਮਜ਼ਬੂਤ ਕਰਨ ਲਈ ਉਨ੍ਹਾਂ (ਕਰੀਮਪੁਰੀ) ਨੂੰ ਉੱਤਰ ਪ੍ਰਦੇਸ਼ ਤੋਂ ਰਾਜ ਸਭਾ ਦਾ ਮੈਂਬਰ ਬਣਾਇਆ ਗਿਆ ਸੀ ਪਰ ਇਸ ਆਗੂ ਨੇ ਉਨ੍ਹਾਂ ਨੂੰ ਨਿਰਾਸ਼ ਕੀਤਾ ਹੈ। ਮਾਇਆਵਤੀ ਨੇ ਕਿਹਾ ਬਾਅਦ ਵਿਚ ਸ੍ਰੀ ਕਰੀਮਪੁਰੀ ਨੂੰ ਹਿਮਾਚਲ ਪ੍ਰਦੇਸ਼ ਦਾ ਇੰਚਾਰਜ ਨਿਯੁਕਤ ਕੀਤਾ ਸੀ ਪਰ ਵਿਧਾਨ ਸਭਾ ਚੋਣਾਂ ਦੌਰਾਨ ਇਥੋਂ ਵੀ ਪਾਰਟੀ ਦੀ ਮਾਡ਼ੀ ਹਾਰ ਹੋਈ ਜਿਸ ਕਾਰਨ ਹੁਣ ਸ੍ਰੀ ਕਰੀਮਪੁਰੀ ਨੂੰ ਪੰਜਾਬ ਵਿੱਚ ਨਾ ਤਾਂ ਕੋਈ ਅਹੁਦਾ ਦਿੱਤਾ ਜਾਵੇਗਾ ਅਤੇ ਨਾ ਹੀ ਕੋਈ ਚੋਣ ਲਡ਼ਾਈ ਜਾਵੇਗੀ।
ਮਾਇਆਵਤੀ ਨੇ ਇਥੇ ਕਾਂਸ਼ੀ ਰਾਮ ਦੇ ਜਨਮ ਦਿਨ ਮੌਕੇ ਕੀਤੀ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੱਲ੍ਹ ਉੱਤਰ ਪ੍ਰਦੇਸ਼ ਦੇ ਦੋ ਸੰਸਦੀ ਹਲਕਿਆਂ ਵਿੱਚ ਸਮਾਜਵਾਦੀ ਪਾਰਟੀ ਵੱਲੋਂ ਬਸਪਾ ਦੇ ਸਹਿਯੋਗ ਨਾਲ ਭਾਜਪਾ ਨੂੰ ਕਰਾਰੀ ਹਾਰ ਦੇ ਕੇ ਪ੍ਰਾਪਤ ਕੀਤੀ ਜਿੱਤ ਤੋਂ ਬਾਅਦ ਅਜਿਹੀ ਸੰਭਾਵਨਾ ਬਣੀ ਹੈ ਕਿ ਸਾਲ 2019 ਵਿਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਭਾਜਪਾ ਸਰਕਾਰ ਡਰਦੀ ਮਾਰੀ ਪਹਿਲਾਂ ਕਰਵਾ ਸਕਦੀ ਹੈ ਕਿਉਂਕਿ ਇਨ੍ਹਾਂ ਨਤੀਜਿਆਂ ਨੇ ਸਾਬਤ ਕਰ ਦਿੱਤਾ ਹੈ ਕਿ ਮੋਦੀ ਸਰਕਾਰ ਦਾ ਪਤਨ ਸ਼ੁਰੂ ਹੋ ਗਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਸਾਲ 2014 ਤੋਂ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈਵੀਐਮ) ਵਿਚ ਗਡ਼ਬਡ਼ ਕਰਕੇ ਕੇਂਦਰ ਅਤੇ ਸੂਬਾਈ ਚੋਣਾਂ ਜਿੱਤਦੀ ਆ ਰਹੀ ਹੈ।
ਰੈਲੀ ਵਿਚ ਵੱਡੀ ਗਿਣਤੀ ’ਚ ਪੁੱਜੇ ਵਰਕਰਾਂ ਨੂੰ ਦੇਖ ਕੇ ਬਾਗੋਬਾਗ ਹੋਈ ਮਾਇਆਵਤੀ ਨੇ ਪੰਜ ਰਾਜਾਂ ਦੇ ਆਗੂਆਂ ਨੂੰ ਸਾਲ 2019 ਦੀਆਂ ਚੋਣਾਂ ਦੌਰਾਨ ਭਾਜਪਾ ਦਾ ਸਫਾਇਆ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਸਰਕਾਰ ਰਾਖਵੇਂਕਰਨ ਨੂੰ ਖੋਰਾ ਲਾ ਰਹੀ ਹੈ ਅਤੇ ਦਲਿਤਾਂ ਤੇ ਹੋਰ ਘੱਟ ਗਿਣਤੀਆਂ ਨੂੰ ਹਿੰਦੂਵਾਦ ਦੇ ਏਜੰਡੇ ਹੇਠ ਦਰਡ਼ਿਆ ਜਾ ਰਿਹਾ ਹੈ। ਉਨ੍ਹਾਂ ਵਰਕਰਾਂ ਨੂੰ ਭਾਜਪਾ ਅਤੇ ਆਰਐਸਐਸ ਦੇ ਏਜੰਡਿਆਂ ਤੋਂ ਸਾਵਧਾਨ ਰਹਿਣ ਦਾ ਸੱਦਾ ਦਿੱਤਾ।  ਇਸ ਤੋਂ ਪਹਿਲਾਂ ਪੰਜਾਬ ਦੇ ਪ੍ਰਧਾਨ ਰਸ਼ਪਾਲ ਸਿੰਘ ਰਾਜੂ, ਹਰਿਆਣਾ ਦੇ ਪ੍ਰਧਾਨ ਪ੍ਰਕਾਸ਼ ਭਾਰਤੀ, ਪੰਜਾਬ, ਹਰਿਆਣਾ ਤੇ ਚੰਡੀਗਡ਼੍ਹ ਦੇ ਇੰਚਾਰਜ ਡਾ. ਮੇਘ ਰਾਜ, ਚੰਡੀਗਡ਼੍ਹ ਦੇ ਪ੍ਰਧਾਨ ਵਰਿਆਮ ਸਿੰਘ, ਹਿਮਾਚਲ ਦੇ ਇੰਚਾਰਜ ਅਵਤਾਰ ਸਿੰਘ ਕਰੀਮਪੁਰੀ, ਸੰਸਦ ਮੈਂਬਰ ਸਤੀਸ਼ ਮਿਸ਼ਰਾ ਤੇ ਰਾਜਾ ਰਾਮ ਆਦਿ ਨੇ ਮਾਇਆਵਤੀ ਨੂੰ   ਤਾਜ ਭੇਟ ਕੀਤਾ।

 

 

fbbg-image

Latest News
Magazine Archive