ਅਫ਼ਗਾਨ ਬੰਧਕ ਨੇ ਦਿਖਾੲੀ ਬਹਾਦਰੀ, 7 ਤਾਲਿਬਾਨ ਮਾਰੇ


ਕਾਬੁਲ - ਬੰਧਕ ਬਣਾਏ ਗਏ ਅਫ਼ਗਾਨੀ ਵਿਅਕਤੀ ਅੱਵਲ ਖ਼ਾਨ (36) ਨੇ ਬਹਾਦਰੀ ਦਿਖਾਉਂਦਿਆਂ ਸੱਤ ਤਾਲਿਬਾਨ ਨੂੰ ਹਲਾਕ ਅਤੇ 18 ਹੋਰ ਨੂੰ ਜ਼ਖ਼ਮੀ ਕਰ ਦਿੱਤਾ। ਅਵਲ ਖ਼ਾਨ ਨੇ ਨਮਾਜ਼ ਪਡ਼੍ਹ ਰਹੇ ਅਗਵਾਕਾਰਾਂ ਦੀ ਬੰਦੂਕ ਚੋਰੀ ਕਰਕੇ ਉਨ੍ਹਾਂ ’ਤੇ ਅੰਨ੍ਹੇਵਾਹ ਗੋਲੀਆਂ ਵਰ੍ਹਾ ਦਿੱਤੀਆਂ। ਸੂਬਾਈ ਉਪ ਸੁਰੱਖਿਆ ਮੁਖੀ ਅਬਦੁਲ ਰਾੳੂਫ਼ ਮਸੂਦ ਨੇ ਦੱਸਿਆ ਕਿ ਅੱਵਲ ਖ਼ਾਨ ਅਤੇ ਸਥਾਨਕ ਪੁਲੀਸ ਅਧਿਕਾਰੀ ਨੂੰ ਬੁੱਧਵਾਰ ਨੂੰ ਅਗਵਾ ਕੀਤਾ ਗਿਆ ਸੀ। ਉਹ ਪਾਕਟਿਕਾ ਵੱਲ ਜਾ ਰਹੇ ਸਨ ਜਦੋਂ ਅਗਵਾਕਾਰਾਂ ਨੇ ਉਨ੍ਹਾਂ ਨੂੰ ਬੰਦੀ ਬਣਾ ਲਿਆ ਸੀ। ਇਹ ਇਲਾਕਾ ਪਾਕਿਸਤਾਨ ਨਾਲ ਲਗਦੀ ਸਰਹੱਦ ’ਤੇ ਹੈ ਜੋ ਤਾਲਿਬਾਨ ਦਾ ਮਜ਼ਬੂਤ ਗਡ਼੍ਹ ਹੈ। ਪੁਲੀਸ ਅਧਿਕਾਰੀ ਦੀ ਹੱਤਿਆ ਕਰ ਦਿੱਤੀ ਗਈ ਸੀ ਜਦਕਿ ਅੱਵਲ ਖ਼ਾਨ ਨੂੰ ਗੋਮਾਲ ਜ਼ਿਲ੍ਹੇ ’ਚ ਤਾਲਿਬਾਨ ਦੇ ਇਕ ਟਿਕਾਣੇ ’ਤੇ ਕਈ ਘੰਟਿਆਂ ਤੱਕ ਬੰਦੀ ਬਣਾ ਕੇ ਰੱਖਿਆ ਗਿਆ ਸੀ। ਮਸੂਦ ਨੇ ਦੱਸਿਆ ਕਿ ਦੁਪਹਿਰ ਵੇਲੇ ਦੀ ਨਮਾਜ਼ ਵੇਲੇ ਅੱਵਲ, ਜਿਸ ਦੇ ਹੱਥ ਬੰਨ੍ਹੇ ਹੋਏ ਸਨ, ਨੇ ਇਕ ਅਗਵਾਕਾਰ ਦੀ ਬੰਦੂਕ ਖੋਹ ਲਈ ਅਤੇ ਗੋਲੀਬਾਰੀ ਕਰ ਦਿੱਤੀ। ਸੂਬਾਈ ਗਵਰਨਰ ਦੇ ਤਰਜਮਾਨ ਮੁਹੰਮਦ ਰਹਿਮਾਨ ਅਯਾਜ਼ ਨੇ ਦੱਸਿਆ,‘‘ਅੱਵਲ ਖ਼ਾਨ ਨੇ ਚਾਰੇ ਪਾਸੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ ਜਿਸ ਨਾਲ ਸੱਤ ਤਾਲਿਬਾਨ ਹਲਾਕ ਅਤੇ 18 ਹੋਰ ਜ਼ਖ਼ਮੀ ਹੋ ਗਏ।’’ ਤਾਲਿਬਾਨ ਤਰਜਮਾਨ ਜ਼ਬੀਉੱਲ੍ਹਾ ਮੁਜਾਹਿਦ ਨੇ ਇਸ ਘਟਨਾ ਦੀ ਤਸਦੀਕ ਕੀਤੀ ਹੈ। ਅਯਾਜ਼ ਨੇ ਕਿਹਾ ਕਿ ਅੱਵਲ ਅਗਵਾਕਾਰਾਂ ਦੇ ਪਿਕਅੱਪ ਟਰੱਕ ਨੂੰ ਲੈ ਕੇ ਮੌਕੇ ਤੋਂ ਫ਼ਰਾਰ ਹੋ ਗਿਆ। ਇਸ ਮਗਰੋਂ ਉਸ ਦੇ ਭਰਾ, ਜੋ ਸਥਾਨਕ ਪੁਲੀਸ ਕਮਾਂਡਰ ਹੈ, ਨੇ ਅਧਿਕਾਰੀਆਂ ਨਾਲ ਘਟਨਾ ਸਾਂਝੀ ਕੀਤੀ।

 

 

fbbg-image

Latest News
Magazine Archive