ਖਿੱਲਰੇ ਤੀਲੇ ਇਕੱਠੇ ਕਰਨ ਲਈ ‘ਆਪ’ ’ਚ ਵਧੀ ਸਰਗਰਮੀ


ਚੰਡੀਗੜ੍ਹ - ਆਮ ਆਦਮੀ ਪਾਰਟੀ (ਆਪ) ਵੱਲੋਂ ਪੰਜਾਬ ’ਚ ਪੈਰਾਂ ਸਿਰ ਹੋਣ ਲਈ ਕੋਰ ਕਮੇਟੀ ਬਣਾਉਣ ਅਤੇ ਸ਼ਾਹਕੋਟ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਲੜਨ ਦੇ ਫ਼ੈਸਲੇ ਲਏ ਗਏ ਹਨ। ਸੂਤਰਾਂ ਅਨੁਸਾਰ ਦਿੱਲੀ ਦੇ ਉਪ ਮੁੱਖ ਮੰਤਰੀ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਨੇ ਸੂਬੇ ਦੀ ਚੋਣਵੀਂ ਲੀਡਰਸ਼ਿਪ ਨਾਲ ਮੀਟਿੰਗ ਕਰਕੇ ਇਹ ਫ਼ੈਸਲੇ ਲਏ ਹਨ। ਸ੍ਰੀ ਸਿਸੋਦੀਆ ਨੇ ਪੰਜਾਬ ਇਕਾਈ ਦੇ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ, ਸੂਬੇ ਦੇ ਸਹਿ ਪ੍ਰਧਾਨ ਅਮਨ ਅਰੋੜਾ ਅਤੇ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੂੰ ਆਪਸੀ ਸਹਿਮਤੀ ਨਾਲ ਕੋਰ ਕਮੇਟੀ ਲਈ ਆਗੂਆਂ ਦੀ ਸੂਚੀ ਭੇਜਣ ਲਈ ਕਿਹਾ ਹੈ। ਉਨ੍ਹਾਂ ਪੰਜਾਬ ਦੀ ਲੀਡਰਸ਼ਿਪ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਸੂਬੇ  ਲਈ ਸਿਆਸੀ ਫ਼ੈਸਲੇ ਸਥਾਨਕ ਲੀਡਰਸ਼ਿਪ ਹੀ ਕਰੇ ਅਤੇ ਉਹ (ਸਿਸੋਦੀਆ) ਫਾਲਤੂ ਦੀ ਕੋਈ ਦਖ਼ਲਅੰਦਾਜ਼ੀ ਨਹੀਂ ਦੇਣਾ ਚਾਹੁੰਦੇ। ਉਂਜ ਹਰੇਕ ਨੇਤਾ ਦੀ ਜ਼ਿੰਮੇਵਾਰੀ ਅਤੇ ਜਵਾਬਦੇਹੀ ਜ਼ਰੂਰ ਤੈਅ ਹੋਵੇਗੀ। ਜ਼ਿਕਰਯੋਗ ਹੈ ਕਿ ‘ਆਪ’ ਦੀ ਬਹੁਤੀ ਲੀਡਰਸ਼ਿਪ ਪਾਰਟੀ ਦੇ ਤਿੰਨ ਮੁੱਖ ਆਗੂਆਂ ਭਗਵੰਤ ਮਾਨ, ਅਮਨ ਅਰੋੜਾ ਅਤੇ ਸੁਖਪਾਲ ਖਹਿਰਾ ਦੇ ਇਕਸੁਰ ਨਾ ਹੋਣ ਕਰਕੇ ਦੁਖੀ ਹੈ ਅਤੇ ਇਸ ਦੀ ਪੂਰੀ ਜਾਣਕਾਰੀ ਹਾਈਕਮਾਂਡ ਕੋਲ ਵੀ ਹੈ। ਸੂਤਰਾਂ ਅਨੁਸਾਰ ਅਜਿਹੇ ਹਾਲਾਤ ਕਰਕੇ ਹੀ ਹਾਈਕਮਾਂਡ ਪੰਜਾਬ ’ਚ ਕੋਰ ਕਮੇਟੀ ਦਾ ਗਠਨ ਕਰਨਾ ਜ਼ਰੂਰੀ ਸਮਝ ਰਹੀ ਹੈ ਤਾਂ ਜੋ ਪਾਰਟੀ ਦੀ ਸਾਰੀ ਕਮਾਂਡ ਇਕ-ਦੋ ਆਗੂਆਂ ਦੇ ਹੱਥਾਂ ਵਿੱਚ ਨਾ ਰਹੇ। ਸ੍ਰੀ ਸਿਸੋਦੀਆ ਨੇ ਪਿਛਲੇ ਦਿਨੀਂ ਦਿੱਲੀ ’ਚ ਸੱਦੀ ਮੀਟਿੰਗ ਵਿੱਚ ਸਭ ਤੋਂ ਵਧ ਤਰਜੀਹ ਪੰਜ ਜ਼ੋਨ ਪ੍ਰਧਾਨਾਂ ਨੂੰ ਦਿੱਤੀ। ਪਹਿਲਾਂ ਉਨ੍ਹਾਂ ਪੰਜ ਜ਼ੋਨ ਪ੍ਰਧਾਨਾਂ ਨਾਲ ਵੱਖਰੇ ਤੌਰ ’ਤੇ ਮੀਟਿੰਗ ਕੀਤੀ। ਮੀਟਿੰਗ ਵਿੱਚ ਮਾਝੇ ਦੇ ਕੁਲਦੀਪ ਧਾਲੀਵਾਲ, ਦੁਆਬੇ ਦੇ ਪਰਮਜੀਤ ਸਿੰਘ ਸਚਦੇਵਾ ਅਤੇ ਮਾਲਵੇ ਦੇ ਗੁਰਦਿੱਤ ਸਿੰਘ ਸੇਖੋਂ, ਅਨਿਲ ਠਾਕੁਰ ਤੇ ਦਲਬੀਰ ਸਿੰਘ ਢਿੱਲੋਂ ਤੋਂ ਇਲਾਵਾ ਭਗਵੰਤ ਮਾਨ, ਅਮਨ ਅਰੋੜਾ, ਸੁਖਪਾਲ ਖਹਿਰਾ, ਕੰਵਰ ਸੰਧੂ, ਕੁਲਤਾਰ ਸਿੰਘ ਸੰਧਵਾਂ, ਹਰਜੋਤ ਬੈਂਸ ਅਤੇ ਗੈਰੀ ਵੜਿੰਗ ਹਾਜ਼ਰ ਸਨ। ਸੰਕੇਤਾਂ ਮੁਤਾਬਕ ਕੋਰ ਕਮੇਟੀ ਤਕਰੀਬਨ ਇਨ੍ਹਾਂ ਆਗੂਆਂ ’ਤੇ ਆਧਾਰਿਤ ਹੀ ਬਣੇਗੀ। ਮੀਟਿੰਗ ਵਿੱਚ ਪਾਰਟੀ ਦੇ ਵੱਖ-ਵੱਖ ਵਿੰਗਾਂ ਦਾ ਵੀ ਛੇਤੀ ਗਠਨ ਕਰਨ ਦਾ ਫ਼ੈਸਲਾ ਹੋਇਆ ਹੈ। ਕੁਝ ਵਿਧਾਇਕਾਂ ਵੱਲੋਂ ਵਿੰਗਾਂ ਦੇ ਮੁਖੀ ਲੱਗਣ ਲਈ ਕੀਤੀ ਜਾ ਰਹੀ ਖਿੱਚ-ਧੂਹ ਕਾਰਨ ਇਹ ਮਾਮਲਾ ਉਲਝਿਆ ਪਿਆ ਹੈ। ਜਦੋਂ ਸੂਬੇ ਦੇ ਸਹਿ ਪ੍ਰਧਾਨ ਅਮਨ ਅਰੋੜਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਪੁਸ਼ਟੀ ਕੀਤੀ ਕਿ ਸ੍ਰੀ ਸਿਸੋਦੀਆ ਨੇ ਪੰਜਾਬ ਦੀ ਲੀਡਰਸ਼ਿਪ ਕੋਲੋਂ ਸੂਬੇ ਦੇ ਭਵਿੱਖ ਦੀਆਂ ਸਰਗਰਮੀਆਂ ਅਤੇ ਕੋਰ ਕਮੇਟੀ ਦੀ ਬਣਤਰ ਬਾਰੇ ਤਜਵੀਜ਼ ਮੰਗੀ ਹੈ। ਉਨ੍ਹਾਂ ਕਿਹਾ ਕਿ ਉਸ ਤੋਂ ਬਾਅਦ ਹਾਈਕਮਾਂਡ ਕੋਰ ਕਮੇਟੀ ਅਤੇ ਹੋਰ ਮੁੱਦਿਆਂ ਉਪਰ ਅੰਤਿਮ ਮੋਹਰ ਲਾਏਗੀ।

 

 

fbbg-image

Latest News
Magazine Archive