ਰੇਤੇ ਦੀ ਨਾਜਾਇਜ਼ ਖੁਦਾਈ ਖ਼ਿਲਾਫ਼ ਸਖ਼ਤ ਹੋਈ ਸਰਕਾਰ


ਚੰਡੀਗੜ੍ਹ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 14 ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ, ਜ਼ਿਲ੍ਹਾ ਪੁਲੀਸ ਮੁਖੀਆਂ ਅਤੇ ਖਣਨ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਕਿਸੇ ਵੀ ਕੀਮਤ ’ਤੇ ਰੇਤੇ ਦੀ ਨਾਜਾਇਜ਼ ਖੁਦਾਈ ਨਾ ਹੋਣ ਦਿੱਤੀ ਜਾਵੇ। ਇਸ ਤੋਂ ਕੁਝ ਦਿਨ ਪਹਿਲਾਂ ਵੀ ਮੁੱਖ ਮੰਤਰੀ ਨੇ ਜ਼ਿਲ੍ਹਿਆਂ ਦੇ ਸਿਵਲ ਤੇ ਪੁਲੀਸ ਅਧਿਕਾਰੀਆਂ ਨੂੰ ਹੁਕਮ ਜਾਰੀ ਕੀਤੇ ਸਨ ਕਿ ਗੁੰਡਾ ਟੈਕਸ ਤੇ ਰੇਤੇ ਦੀ ਨਾਜਾਇਜ਼ ਖੁਦਾਈ ਰੁਕਵਾਈ ਜਾਵੇ। ਬਠਿੰਡਾ ਵਿੱਚ ਹਾਲ ਦੀ ਘੜੀ ‘ਗੁੰਡਾ ਟੈਕਸ’ ਤਾਂ ਰੁਕ ਗਿਆ ਹੈ ਪਰ ਸਬੰਧਤ ਕੰਪਨੀ ਨੇ ਬਠਿੰਡਾ ਤੇਲ ਸੋਧ ਕਾਰਖਾਨੇ ਦੀ ਉਸਾਰੀ ਲਈ ਰੇਲਾਂ ਰਾਹੀਂ ਰੇਤਾ ਮੰਗਵਾਉਣ ਦਾ ਪ੍ਰਬੰਧ ਕਰ ਲਿਆ ਹੈ।
ਮੀਟਿੰਗ ਤੋਂ ਬਾਅਦ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਰੇਤੇ ਦੀ ਨਾਜਾਇਜ਼ ਖੁਦਾਈ ਰੋਕਣ ਲਈ ਸਖਤੀ ਨਾਲ  ਕਿਹਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਸਪੱਸ਼ਟ ਕੀਤਾ ਹੈ ਕਿ ਜੋ ਵੀ ਨਾਜਾਇਜ਼ ਖੁਦਾਈ ਕਰਦਾ ਹੈ, ਉਸ ਵਿਰੁੱਧ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਵਜ਼ਾਰਤ ਦੀ ਸਬ-ਕਮੇਟੀ ਜਿਸ ਵਿੱਚ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ, ਮਨਪ੍ਰੀਤ ਸਿੰਘ ਬਾਦਲ ਤੇ ਉਹ ਖੁਦ ਵੀ ਸ਼ਾਮਲ ਹਨ, ਆਪਣੀ ਰਿਪੋਰਟ ਤੀਹ ਅਪਰੈਲ ਤੱਕ ਦੇ ਦੇਵੇਗੀ। ਉਨ੍ਹਾਂ ਕਿਹਾ ਕਿ ਇਹ ਸਬ-ਕਮੇਟੀ ਖਣਨ ਐਕਟ ਵਿਚਲੀਆਂ ਕਮੀਆਂ ਦੂਰ ਕਰਨ ਲਈ ਜ਼ਰੂਰੀ ਸੁਝਾਅ ਦੇਵੇਗੀ ਅਤੇ ਰਿਪੋਰਟ ਦੇਣ ਤੋਂ ਪਹਿਲਾਂ ਅਧਿਕਾਰੀਆਂ ਤੇ ਰੇਤ ਖੱਡਾਂ ਦੇ ਠੇਕੇਦਾਰਾਂ ਦਾ ਪੱਖ ਵੀ ਸੁਣੇਗੀ। ਸੂਬੇ ਵਿੱਚ ਹੋ ਰਹੀ ਰੇਤੇ ਦੀ ਨਾਜਾਇਜ਼ ਖੁਦਾਈ ਬਾਰੇ ਉਨ੍ਹਾਂ ਕਿਹਾ ਕਿ ਮੀਟਿੰਗ ਵਿੱਚ ਅਜਿਹਾ ਕੋਈ ਮਾਮਲਾ ਪੇਸ਼ ਨਹੀਂ ਹੋਇਆ, ਪਰ ਮੁੱਖ ਮੰਤਰੀ  ਦਫਤਰ ਦੇ ਸੀਨੀਅਰ ਅਧਿਕਾਰੀ ਨੇ ਜ਼ਿਲ੍ਹਾ ਅਧਿਕਾਰੀਆਂ ਨੂੰ ਕਿਹਾ ਹੈ ਕਿ ਉਹ ਨਾਜਾਇਜ਼ ਖਣਨ ਕਰਨ ਵਾਲਿਆਂ ਨੂੰ ਨੱਥ ਪਾਉਣ ਦਾ ਕੰਮ ਕਰਨ। ਉਨ੍ਹਾਂ ਕਿਹਾ ਕਿ ਨਾਜਾਇਜ਼ ਖੁਦਾਈ ਕਰਨ ਵਾਲਿਆਂ ਨੂੰ ਛਾਪਾ ਮਾਰ ਟੀਮਾਂ ਦੇ ਪਹੁੰਚਣ ਤੋਂ ਪਹਿਲਾਂ ਭਜਾਉਣ ਬਾਰੇ ਰਿਪੋਰਟਾਂ ਵੀ ਮਿਲੀਆਂ ਹਨ।
ਡੇਰਾਬਸੀ ਤਹਿਸੀਲ ਦੇ ਤਿੰਨ ਅਧਿਕਾਰੀ ਫਾਰਗ਼
ਡੇਰਾਬਸੀ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡੇਰਾਬਸੀ ਇਲਾਕੇ ਵਿੱਚ ਰੇਤੇ ਦੀ ਨਾਜਾਇਜ਼ ਮਾਈਨਿੰਗ ਰੋਕਣ ਲਈ ਸਖਤੀ ਵਰਤਦਿਆਂ ਉੱਚ ਅਧਿਕਾਰੀਆਂ ਤੇ ਰੇਤ ਮਾਫੀਆ ਦੇ ਗੱਠਜੋੜ ਨੂੰ ਬੇਨਕਾਬ ਕਰਨ ਲਈ ਵਿਜੀਲੈਂਸ ਜਾਂਚ ਦੇ ਹੁਕਮ ਦਿੱਤੇ ਹਨ ਤੇ ਡੇਰਾਬਸੀ ਦੇ ਤਿੰਨੇ ਸੀਨੀਅਰ ਅਧਿਕਾਰੀਆਂ ਨੂੰ ਡਿਊਟੀ ਤੋਂ ਫਾਰਗ਼ ਕਰਨ ਦੇ ਹੁਕਮ ਜਾਰੀ ਕੀਤੇ ਹਨ। ਪ੍ਰਾਪਤ ਜਾਣਕਾਰੀ ਅੁਨਸਾਰ ਮੁੱਖ ਮੰਤਰੀ ਨੇ ਐੱਸਡੀਐੱਮ ਪਰਮਦੀਪ ਸਿੰਘ ਨੂੰ ਸੂਬੇ ਦੇ ਮੁੱਖ ਸਕੱਤਰ ਦੇ ਦਫਤਰ ਨੂੰ ਰਿਪੋਰਟ ਕਰਨ ਲਈ ਕਿਹਾ ਹੈ ਤੇ ਡੀਐਸਪੀ ਪੀਐੱਸ ਬੱਲ ਅਤੇ ਐੱਸਐੱਚਓ ਪਵਨ ਕੁਮਾਰ ਨੂੰ ਲਾਈਨ ਹਾਜ਼ਰ ਕਰ ਦਿਤਾ ਹੈ। ਮੁੱਖ ਮੰਤਰੀ ਨੇ ਹੁਕਮ ਦਿੱਤੇ ਹਨ ਕਿ ਖੱਡਾਂ ਤੇ ਪ੍ਰਬੰਧਾਂ ਦੀ ਨਿਗਰਾਨੀ ਸਾਬਕਾ ਫੌਜੀ ਜਿਨ੍ਹਾਂ ਨੂੰ ਗਾਰਡੀਅਨ ਆਫ ਗਵਰਨੈਂਸ ਤਹਿਤ ਨੌਕਰੀਆਂ ’ਤੇ ਰੱਖਿਆ ਗਿਆ ਹੈ, ਕਰਨਗੇ।

 

 

fbbg-image

Latest News
Magazine Archive