ਹੰਗਾਮੇ ਕਾਰਨ ਦੂਜੇ ਦਿਨ ਵੀ ਸੰਸਦ ਠੱਪ


ਨਵੀਂ ਦਿੱਲੀ - ਵਿਰੋਧੀ ਧਿਰਾਂ ਵੱਲੋਂ ਬੈਂਕ ਘਪਲਿਆਂ, ਆਂਧਰਾ ਪ੍ਰਦੇਸ਼ ਲਈ ਵਿਸ਼ੇਸ਼ ਪੈਕੇਜ ਤੇ ਕਾਵੇਰੀ ਜਲ ਪ੍ਰਬੰਧਨ ਬੋਰਡ ਸਥਾਪਤ ਕਰਨ ਦੀ ਮੰਗ ਸਮੇਤ ਹੋਰਨਾਂ ਮੁੱਦਿਆਂ ’ਤੇ ਕੀਤੇ ਗਏ ਹੰਗਾਮੇ ਕਾਰਨ ਲੋਕ ਸਭਾ ਤੇ ਰਾਜ ਸਭਾ ਦੀ ਕਾਰਵਾਈ ਅੱਜ ਦੂਜੇ ਦਿਨ ਵੀ ਠੱਪ ਰਹੀ।
ਲੋਕ ਸਭਾ ਵਿੱਚ ਬਜਟ ਸੈਸ਼ਨ ਦੇ ਦੂਜੇ ਦਿਨ ਵੀ ਅੱਜ ਕਾਂਗਰਸ ਤੇ ਹੋਰ ਵਿਰੋਧੀ ਪਾਰਟੀਆਂ ਨੇ ਜੰਮ ਕੇ ਹੰਗਾਮਾ ਕੀਤਾ। ਲੋਕ ਸਭਾ ਦੀ ਕਾਰਵਾਈ ਇੱਕ ਵਾਰ ਰੋਕਣ ਤੋਂ ਬਾਅਦ ਜਦੋਂ ਦੁਪਹਿਰ 12 ਵਜੇ ਮੁੜ ਸ਼ੁਰੂ ਕੀਤੀ ਗਈ ਤਾਂ ਵੀ ਵਿਰੋਧੀ ਪਾਰਟੀਆਂ ਵੱਲੋਂ ਹੰਗਾਮਾ ਕੀਤਾ ਜਾਂਦਾ ਰਿਹਾ। ਕਾਂਗਰਸ ਆਗੂ ਗੌਰਵ ਗੋਗੋਈ ਤੇ ਸੁਸ਼ਮਿਤਾ ਦੇਵ ਸਮੇਤ ਕਈ ਹੋਰ ਸੰਸਦ ਮੈਂਬਰ ਸਦਨ ਦੇ ਸਪੀਕਰ ਦੀ ਸੀਟ ਨੇੜੇ ਜਾ ਕੇ ਨਾਅਰੇਬਾਜ਼ੀ ਕਰਨ ਲੱਗੇ। ਉਨ੍ਹਾਂ ਦੇ ਨਾਲ ਹੀ ਤੇਲਗੂ ਦੇਸ਼ਮ ਪਾਰਟੀ ਦੇ ਮੈਂਬਰ ਆਂਧਰਾ ਪ੍ਰਦੇਸ਼ ਪੁਨਰਗਠਨ ਐਕਟ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਦੀ ਮੰਗ ’ਤੇ ਨਾਅਰੇਬਾਜ਼ੀ ਕਰ ਰਹੇ ਸਨ। ਇਸੇ ਦੌਰਾਨ ਤ੍ਰਿਣਾਮੂਲ ਕਾਂਗਰਸ ਦੇ ਮੈਂਬਰ ਵੀ ਆਪਣੀ ਗੱਲ ਉਠਾਉਂਦੇ ਰਹੇ। ਸੰਸਦੀ ਮਾਮਲਿਆਂ ਬਾਰੇ ਮੰਤਰੀ ਅਨੰਤ ਕੁਮਾਰ ਨੇ ਕਿਹਾ ਕਿ ਸਰਕਾਰ ਬੈਂਕਿੰਗ ਖੇਤਰ ਨਾਲ ਜੁੜੀਆਂ ਗੜਬੜੀਆਂ ’ਤੇ ਚਰਚਾ ਕਰਨ ਨੂੰ ਤਿਆਰ ਹਨ, ਪਰ ਕਾਂਗਰਸ ਚਰਚਾ ਤੋਂ ਭੱਜ ਰਹੀ ਹੈ। ਕਾਂਗਰਸ ਆਗੂ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਜਿਹੜੇ ਲੋਕ ‘ਨਾ ਖਾਵਾਂਗਾ ਤੇ ਨਾ ਖਾਣ ਦੇਵਾਂਗਾ’ ਦੀ ਗੱਲ ਕਰਦੇ ਸਨ, ਉਨ੍ਹਾਂ ਦੇ ਰਾਜ ’ਚ ਹੀ ਇਹ ਗੜਬੜੀਆਂ ਹੋਈਆਂ ਹਨ। ਹੰਗਾਮਾ ਨਾ ਰੁਕਦਾ ਦੇਖ ਕੇ ਲੋਕ ਸਭਾ ਪ੍ਰਧਾਨ ਸੁਮਿੱਤਰਾ ਮਹਾਜਨ ਨੇ ਸਦਨ ਦੀ ਕਾਰਵਾਈ ਦਿਨ ਭਰ ਲਈ ਉਠਾ ਦਿੱਤੀ।
ਇਸੇ ਤਰ੍ਹਾਂ ਅੱਜ ਰਾਜ ਸਭਾ ਦੀ ਕਾਰਵਾਈ ਵੀ ਦਿਨ ’ਚ ਤਿੰਨ ਵਾਰ ਰੋਕਣੀ ਪਈ। ਸਦਨ ਦੇ ਚੇਅਰਮੈਨ ਐੱਮ ਵੈਂਕੱਈਆ ਨਾਇਡੂ ਤੇ ਡਿਪਟੀ ਚੇਅਰਮੈਨ ਪੀ.ਜੇ. ਕੁਰੀਅਨ ਨੇ ਵਿਰੋਧੀ ਪਾਰਟੀਆਂ ਕਾਂਗਰਸ, ਟੀਡੀਪੀ, ਏਆਈਏਡੀਐਮਕੇ ਤੇ ਟੀਐੱਮਸੀ ਦੇ ਮੈਂਬਰਾਂ ਨੂੰ ਸ਼ਾਂਤ ਹੋਣ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਹਰ ਮੁੱਦੇ ’ਤੇ ਬਹਿਸ ਕਰਾਉਣ ਲਈ ਤਿਆਰ ਹਨ। ਉਨ੍ਹਾਂ ਦੀਆਂ ਅਪੀਲਾਂ ਦਾ ਕੋਈ ਅਸਰ ਨਾਲ ਹੋਇਆ ਤਾਂ ਅਖੀਰ 3.55 ਮਿੰਟ ’ਤੇ ਸਦਨ ਸਾਰੇ ਦਿਨ ਲਈ ਉਠਾ ਦਿੱਤਾ ਗਿਆ। ਇਸ ਤੋਂ ਪਹਿਲਾਂ ਹੰਗਾਮੇ ਕਾਰਨ ਸਦਨ ਦੀ ਕਾਰਵਾਈ ਪਹਿਲਾਂ ਸਵੇਰੇ 11 ਵਜੇ, ਫਿਰ 11.30 ਤੇ ਫਿਰ ਦੁਪਹਿਰ 2 ਤੋਂ 3.30 ਵਜੇ ਤੱਕ ਰੋਕਣੀ ਪਈ।

 

 

fbbg-image

Latest News
Magazine Archive