ਐਸਵਾਈਐਲ: ਇਨੈਲੋ ਤੇ ਕਾਂਗਰਸ ਵੱਲੋਂ ਸਦਨ ’ਚੋਂ ਵਾਕਆਊਟ


ਚੰਡੀਗੜ੍ਹ - ਹਰਿਆਣਾ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਅੱਜ ਵਿਰੋਧੀ ਧਿਰ ਇਨੈਲੋ ਅਤੇ ਕਾਂਗਰਸ ਨੇ ਐਸਵਾਈਐਲ ਦੇ ਮੁੱਦੇ ਨੂੰ ਲੈ ਕੇ ਵਿਧਾਨ ਸਭਾ ਦਾ ਵੱਖ-ਵੱਖ ਸਮੇਂ ਵਾਕਆਊਟ ਕੀਤਾ ਅਤੇ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਨਾਲ ਖੂਬ ਸ਼ਬਦੀ ਝੜਪਾਂ ਵੀ ਹੋਈਆਂ।
ਵਿਰੋਧੀ ਧਿਰ ਦੇ ਆਗੂ ਅਭੈ ਚੌਟਾਲਾ ਨੇ ਪ੍ਰਸ਼ਨ ਕਾਲ ਖਤਮ ਹੁੰਦਿਆਂ ਹੀ ਕਿਹਾ ਕਿ ਉਨ੍ਹਾਂ ਵੱਲੋਂ ਐਸਵਾਈਐਲ ਦੇ ਮੁੱਦੇ ਉਪਰ ਦਿੱਤੇ ਕੰਮ ਰੋਕੂ ਮਤੇ ਉਪਰ ਬਹਿਸ ਕਰਵਾਈ ਜਾਵੇ। ਇਸੇ ਦੌਰਾਨ ਕਾਂਗਰਸ ਵਿਧਾਇਕ ਦਲ ਦੀ ਆਗੂ ਕਿਰਨ ਚੌਧਰੀ ਨੇ ਵੀ ਇਸ ਮੁੱਦੇ ’ਤੇ ਬਹਿਸ ਕਰਵਾਉਣ ਦੀ ਮੰਗ ਕੀਤੀ ਪਰ ਸਪੀਕਰ ਸ੍ਰੀ ਕੰਵਰਪਾਲ ਨੇ ਇਹ ਕਹਿ ਕੇ ਬਹਿਸ ਕਰਵਾਉਣ ਦੀ ਮੰਗ ਰੱਦ ਕਰ ਦਿੱਤੀ ਕਿ ਇਹ ਮਾਮਲਾ ਅਦਾਲਤ ਦੇ ਵਿਚਾਰ ਅਧੀਨ ਹੈ। ਇਸ ਤੋਂ ਬਾਅਦ ਕਾਂਗਰਸ ਦੇ ਵਿਧਾਇਕ ਕੁਝ ਸਮਾਂ ਆਸਣ ਸਾਹਮਣੇ ਰੋਸ ਪ੍ਰਗਟ ਕਰਨ ਤੋਂ ਬਾਅਦ ਸਦਨ ਵਿਚੋਂ ਵਾਕਆਊਟ ਕਰ ਗਏ। ਫਿਰ ਸ੍ਰੀ ਚੌਟਾਲਾ ਨੇ ਇਸ ਮੁੱਦੇ ਉਪਰ ਕਿਹਾ ਕਿ ਸੁਪਰੀਮ ਕੋਰਟ ਨੇ ਐਸਵਾਈਐਲ ਬਾਰੇ ਹਰਿਆਣਾ ਦੇ ਹੱਕ ਵਿਚ ਫੈਸਲਾ ਕੀਤਾ ਹੈ ਪਰ ਖੱਟਰ ਸਰਕਾਰ ਗੁਮਰਾਹ ਕਰ ਰਹੀ ਹੈ ਕਿ ਇਹ ਮਾਮਲਾ ਸੁਪਰੀਮ ਕੋਰਟ ਵਿਚ ਪੈਂਡਿੰਗ ਹੈ। ਉਨ੍ਹਾਂ ਕਿਹਾ ਕਿ ਇਸ ਬਾਰੇ ਸੁਪਰੀਮ ਕੋਰਟ ਸਾਫ਼ ਕਰ ਚੁੱਕੀ ਹੈ ਕਿ ਪਾਣੀ ਕੌਮੀ ਸੰਪਤੀ ਹੈ ਅਤੇ ਕਿਸੇ ਇਕ ਰਾਜ ਦਾ ਪਾਣੀ ਉਪਰ ਏਕਾਧਿਕਾਰ ਨਹੀਂ ਹੋ ਸਕਦਾ। ਖੇਤੀ ਮੰਤਰੀ ਓਪੀ ਧਨਕੜ ਨੇ ਦੋਸ਼ ਲਾਇਆ ਕਿ ਜਲਦ ਹੀ ਐਸਵਾਈਐਲ ਦਾ ਫੈਸਲਾ ਸੂਬੇ ਦੇ ਹੱਕ ਵਿਚ ਹੋਣ ਵਾਲਾ ਹੈ ਪਰ ਇਨੈਲੋ ਸਿਆਸੀ ਤਮਾਸ਼ਾ ਕਰ ਕੇ ਹਰਿਆਣਾ ਦਾ ਨੁਕਸਾਨ ਕਰਨ ਚਾਹੁੰਦੀ ਹੈ। ਸਪੀਕਰ ਵੱਲੋਂ ਇਸ ਮੁੱਦੇ ਉਪਰ ਬਹਿਸ ਦੀ ਇਜਾਜ਼ਤ ਨਾ ਦੇਣ ਕਾਰਨ ਇਨੈਲੋ ਦੇ ਵਿਧਾਇਕਾਂ ਨੇ ਵੀ ਸਦਨ ਦਾ ਵਾਕਆਊਟ ਕੀਤਾ। ਇਸ ਤੋਂ ਬਾਅਦ ਅਭੈ ਚੌਟਾਲਾ ਅਤੇ ਕਿਰਨ ਚੌਧਰੀ ਨੇ ਸੰਘਰਸ਼ ਕਰ ਰਹੀਆਂ ਆਂਗਣਵਾੜੀ ਮਹਿਲਾ ਮੁਲਾਜ਼ਮਾਂ ਦਾ ਮੁੱਦਾ ਉਠਾਉਂਦਿਆਂ ਦੋਸ਼ ਲਾਇਆ ਕਿ ਭਾਜਪਾ ਨੇ ਚੋਣਾਂ ਦੌਰਾਨ ਆਪਣੇ ਚੋਣ ਮਨੋਰਥ ਪੱਤਰ ਵਿਚ ਇਨ੍ਹਾਂ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਵਾਅਦਾ ਕੀਤਾ ਸੀ । ਜਦੋਂ  ਕਿਰਨ ਚੌਧਰੀ ਨੇ ਕਿਹਾ ਕਿ ਲੱਖਾਂ ਆਂਗਣਵਾੜੀ ਮੁਲਾਜ਼ਮ ਚੰਡੀਗੜ੍ਹ ਵਿਚ ਧਰਨਾ ਦੇ ਕੇ ਬੈਠੀਆਂ ਹਨ ਤਾਂ ਭਾਜਪਾ ਦੇ ਇਕ ਵਿਧਾਇਕ ਨੇ ਵਿਚੋਂ ਟੋਕਦਿਆਂ ਕਿਹਾ ਕਿ ਸੂਬੇ ਵਿਚ ਕੁੱਲ੍ਹ 50 ਹਜ਼ਾਰ ਆਂਗਣਵਾੜੀ ਮਹਿਲਾ ਮੁਲਾਜ਼ਮ ਹਨ ਫਿਰ ਧਰਨੇ ਵਿਚ ਲੱਖਾਂ ਬੀਬੀਆਂ ਕਿਵੇਂ ਪੁੱਜ ਗਈਆਂ? ਫਿਰ ਖੁੱਦ ਮੁੱਖ ਮੰਤਰੀ ਸ੍ਰੀ ਖੱਟਰ ਨੇ ਇਸ ਦਾ ਜਵਾਬ ਦਿੰਦਿਆਂ ਕਿਹਾ ਕਿ ਭਾਜਪਾ ਨੇ ਕਦੇ ਵੀ ਆਂਗਣਵਾੜੀ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਵਾਅਦਾ ਨਹੀਂ ਕੀਤਾ ਅਤੇ ਵਿਰੋਧੀ ਧਿਰ ਦੇ ਆਗੂ ਹਵਾ ਵਿਚ ਤੀਰ ਮਾਰ ਰਹੇ ਹਨ। ਉਨ੍ਹਾਂ ਕਿਹਾ ਕਿ ਆਂਗਣਵਾੜੀ ਮੁਲਾਜ਼ਮਾਂ ਦੀਆਂ ਤਿੰਨ ਵਿਚੋਂ ਦੋ ਯੂਨੀਅਨਾਂ ਨਾਲ ਸਰਕਾਰ ਦਾ ਸਮਝੌਤਾ ਹੋ ਗਿਆ ਹੈ। ਉਨ੍ਹਾਂ ਖੱਬੀਆਂ ਧਿਰਾਂ ਨੂੰ ਸਿੱਧੀ ਚੁਣੌਤੀ ਦਿੰਦਿਆਂ ਕਿਹਾ ਕਿ ਹਰਿਆਣਾ ਵਿਚ ਲਾਲ ਰੰਗ ਨੂੰ ਲਾਕਾਨੂੰਨੀ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਪਹਿਲਾਂ ਮੰਤਰੀ ਕਵਿਤਾ ਜੈਨ ਨੇ ਆਪਣੇ ਜਵਾਬ ਵਿਚ ਦੱਸਿਆ ਕਿ ਆਗਣਵਾੜੀ ਮੁਲਾਜ਼ਮਾਂ ਨੂੰ ਹੁਨਰਮੰਦ ਅਤੇ ਅਰਧ-ਹੁਨਰਮੰਦ ਵਰਕਰ ਘੋਸ਼ਿਤ ਕਰ ਦਿੱਤਾ ਹੈ ਅਤੇ ਇਨ੍ਹਾਂ ਦੀਆਂ ਤਨਖਾਹਾਂ ਵੀ 1 ਮਾਰਚ ਤੋਂ ਵਧਾ ਕੇ 11,429, 11,286 ਅਤੇ 10,286 ਰੁਪਏ ਕਰ ਦਿੱਤੀਆਂ ਹਨ।

 

 

fbbg-image

Latest News
Magazine Archive