ਪੁਲੀਸ ਵੱਲੋਂ ਗੈਂਗਸਟਰ ਸਰਾਜ ਸੰਧੂ ਉਰਫ ਮਿੰਟੂ ਗ੍ਰਿਫ਼ਤਾਰ


ਜਲੰਧਰ - ਏਆਈਜੀ ਹਰਕੰਵਲਪ੍ਰੀਤ ਸਿੰਘ ਖੱਖ ਦੀ ਅਗਵਾਈ ਹੇਠ ਦਿਹਾਤੀ ਪੁਲੀਸ ਨਾਲ ਮਿਲ ਕੇ ਬਣਾਈ ਗਈ ਸਾਂਝੀ ਟੀਮ ਨੇ ‘ਏ’ ਸ਼੍ਰੇਣੀ ਦੇ ਗੈਂਗਸਟਰ ਸਰਾਜ ਸੰਧੂ ਉਰਫ ਮਿੰਟੂ ਨੂੰ ਸਵੇਰੇ 6.15 ਵਜੇ ਬਿਧੀਪੁਰ ਫਾਟਕ ਨੇੜਿਓਂ ਗ੍ਰਿਫ਼ਤਾਰ ਕਰਕੇ ਉਸ ਦੇ ਕਬਜ਼ੇ ’ਚੋਂ ਦੋ ਪਿਸਤੌਲ ਤੇ ਗੋਲੀ ਸਿੱਕਾ ਬਰਾਮਦ ਕੀਤਾ ਹੈ। ਜਿਸ ਥਾਂ ਤੋਂ ਸਰਾਜ ਮਿੰਟੂ ਨੂੰ ਗ੍ਰਿਫ਼ਤਾਰ ਕੀਤਾ ਗਿਆ ਉੱਥੋਂ ਕਰੀਬ 3 ਕਿਲੋਮੀਟਰ ਦੂਰੀ ’ਤੇ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜੰਗੇ-ਆਜ਼ਾਦੀ ਯਾਦਗਾਰ ਦਾ ਉਦਘਾਟਨ ਕਰਨ ਆਉਣਾ ਸੀ।  ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਖੱਖ ਨੇ ਦੱਸਿਆ ਕਿ ਸਰਾਜ ਸੰਧੂ ਨੇ ਹਿੰਦੂ ਸੰਘਰਸ਼ ਸੈਨਾ ਦੇ ਆਗੂ ਵਿਪਨ ਸ਼ਰਮਾ ਦਾ 30 ਅਕਤੂਬਰ 2017 ਨੂੰ ਕਤਲ ਕੀਤਾ ਸੀ ਤੇ ਉਸ ਦੇ ਸਿਰ ਪੰਜ ਲੱਖ ਰੁਪਏ ਦਾ ਇਨਾਮ ਵੀ ਰੱਖਿਆ ਹੋਇਆ ਸੀ। ਉਹ ਸੋਸ਼ਲ ਮੀਡੀਆ ’ਤੇ ਵੀ ਕਾਫੀ ਸਰਗਰਮ ਸੀ। ਵਿਪਨ ਸ਼ਰਮਾ ਦਾ ਕਤਲ ਕਰਨ ਤੋਂ ਬਾਅਦ ਉਸ ਨੇ ਫੇਸਬੁੱਕ ’ਤੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਸੀ। ਉਨ੍ਹਾਂ ਕਿਹਾ ਕਿ ਸਰਾਜ ਮਿੰਟੂ ਹੁਣ ਤੱਕ ਪੰਜ ਕਤਲ ਕਰ ਚੁੱਕਾ ਹੈ ਤੇ ਦੋ ਬੈਂਕ ਲੁੱਟ ਚੁੱਕਾ ਹੈ। 2015 ਤੋਂ ਅਪਰਾਧ ਦੀ ਦੁਨੀਆਂ ’ਚ ਸਰਗਰਮ ਮਿੰਟੂ ਦਾ ਨਾਂ ਵਿਪਨ ਸ਼ਰਮਾ ਦੇ ਕਤਲ ਤੋਂ ਬਾਅਦ ਹੀ ਚਰਚਾ ’ਚ ਆਇਆ ਸੀ ਤੇ ਉਹ ਹੁਣ ‘ਏ’ ਸ਼੍ਰੇਣੀ ਦੇ ਗੈਂਗਸਟਰ ਵਜੋਂ ਸਥਾਪਤ ਹੋ ਗਿਆ ਸੀ। ਉਨ੍ਹਾਂ ਕਿਹਾ ਕਿ ਮੁੱਢਲੀ ਪੁੱਛਗਿੱਛ ਦੌਰਾਨ ਮਿੰਟੂ ਨੇ ਇਹ ਵੀ ਮੰਨਿਆ ਕਿ ਉਹ ਆਪਣੇ ਸਾਥੀ ਜੱਗੂ ਭਗਵਾਨਪੁਰੀਆ ਅਤੇ ਬੌਬੀ ਮਲਹੋਤਰਾ, ਜੋ ਇਸ ਸਮੇਂ ਹੁਸ਼ਿਆਰਪੁਰ ਤੇ ਅੰਮ੍ਰਿਤਸਰ ਜੇਲ੍ਹ ’ਚ ਬੰਦ ਹਨ, ਨਾਲ ਮਿਲ ਕੇ ਨਸ਼ੇ ਦਾ ਕੰਮ ਕਰਦਾ ਸੀ। ਪੁਲੀਸ ਇਨ੍ਹਾਂ ਦੋਵਾਂ ਕੈਦੀਆਂ ਦਾ ਪ੍ਰੋਡਕਸ਼ਨ ਵਰੰਟ ਲੈ ਕੇ ਪੁੱਛਗਿੱਛ ਕਰੇਗੀ।

 

 

fbbg-image

Latest News
Magazine Archive