ਕਾਰਤੀ ਚਿਦੰਬਰਮ ਦਾ ਪੰਜ ਰੋਜ਼ਾ ਸੀਬੀਆਈ ਰਿਮਾਂਡ


ਨਵੀਂ ਦਿੱਲੀ - ਆਈਐਨਐਕਸ ਮੀਡੀਆ ਕੇਸ ਵਿੱਚ ਗ੍ਰਿਫ਼ਤਾਰ ਕੀਤੇ ਕਾਰਤੀ ਚਿਦੰਬਰਮ ਨੂੰ ਅੱਜ ਦਿੱਲੀ ਦੀ ਇਕ ਅਦਾਲਤ ਨੇ ਪੰਜ ਦਿਨਾਂ ਲਈ ਸੀਬੀਆਈ ਹਿਰਾਸਤ ਵਿੱਚ ਭੇਜ ਦਿੱਤਾ ਹੈ। ਵਿਸ਼ੇਸ਼ ਜੱਜ ਸੁਨੀਲ ਰਾਣਾ ਨੇ ਕਾਰਤੀ ਦੀ ਹਿਰਾਸਤ ਵਿੱਚ 6 ਮਾਰਚ ਤਕ ਵਾਧਾ ਕਰ ਦਿੱਤਾ ਹੈ। ਜਾਂਚ ਏਜੰਸੀ ਨੇ ਦਲੀਲ ਦਿੱਤੀ ਸੀ ਕਿ ਕਾਰਤੀ ਨੇ ਵਿਦੇਸ਼ ਜਾ ਕੇ ਉਹ ਖਾਤੇ ਬੰਦ ਕਰਵਾ ਦਿੱਤੇ ਸਨ ਜਿਨ੍ਹਾਂ ਰਾਹੀਂ ਉਸ ਨੂੰ ਫੰਡ ਹਾਸਲ ਹੋਏ ਸਨ ਤੇ ਇਸ ਮਾਮਲੇ ਵਿੱਚ ‘ਬਹੁਤ ਹੀ ਹੈਰਾਨੀਜਨਕ ਸਬੂਤ’ ਮਿਲੇ ਹਨ। ਕਾਰਤੀ ਨੂੰ ਸੀਬੀਆਈ ਦਾ ਇਕ ਦਿਨਾ ਰਿਮਾਂਡ ਖਤਮ ਹੋਣ ਤੋਂ ਬਾਅਦ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਅਤੇ ਇਸ ਮੌਕੇ ਉਸ ਦੇ ਪਿਤਾ ਪੀ. ਚਿਦੰਬਰਮ ਤੇ ਨਲਿਨੀ ਚਿਦੰਬਰਮ (ਦੋਵੇਂ ਸੀਨੀਅਰ ਐਡਵੋਕੇਟ)  ਮੌਜੂਦ ਸਨ ਤੇ ਉਹ ਕਾਰਤੀ ਨਾਲ ਗੱਲਬਾਤ ਕਰ ਰਹੇ ਸਨ। ਐਡੀਸ਼ਨਲ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਸੀਬੀਆਈ ਦੀ ਤਰਫ਼ੋਂ ਪੇਸ਼ ਹੁੰਦਿਆਂ ਕਿਹਾ ਕਿ ਇਹ ਕੋਈ ਸਿਆਸੀ ਬਦਲੇਖੋਰੀ ਦਾ ਕੇਸ ਨਹੀਂ ਹੈ ਅਤੇ ਜਾਂਚ ਪ੍ਰਕਿਰਿਆ ਸੰਵਿਧਾਨ ਦੀ ਧਾਰਾ 21 ਤਹਿਤ ਚੱਲ ਰਹੀ ਹੈ। ਉਨ੍ਹਾਂ ਕਿਹਾ ‘‘ ਕਾਰਤੀ ਨੇ ਵਿਦੇਸ਼ ਜਾ ਕੇ ਜੋ ਕੀਤਾ ਸੀ ਉਸ ਬਾਰੇ ਹੈਰਾਨਕੁਨ ਸਬੂਤ ਮਿਲੇ ਹਨ। ਜਦੋਂ ਉਹ ਵਿਦੇਸ਼ ਗਿਆ ਤਾਂ ਉਸ ਨੇ ਬੈਂਕ ਖਾਤੇ ਹੀ ਬੰਦ ਕਰਵਾ ਦਿੱਤੇ ਜਿਨ੍ਹਾਂ ਰਾਹੀਂ ਫੰਡ ਪ੍ਰਾਪਤ ਹੋਏ ਸਨ।’’
ਹਾਲਾਂਕਿ ਕਾਰਤੀ ਨੇ ਕੱਲ੍ਹ ਉਸ ਦੇ ਨਿਯਮਤ ਮੈਡੀਕਲ ਚੈੱਕਅਪ ਦੌਰਾਨ ਕਿਸੇ ਕਿਸਮ ਦੀ ਘਬਰਾਹਟ ਦੀ ਸ਼ਿਕਾਇਤ ਨਹੀਂ ਕੀਤੀ ਸੀ ਪਰ ਸਫ਼ਦਰਜੰਗ ਹਸਪਤਾਲ ਦੇ ਡਾਕਟਰਾਂ ਨੇ ਕੱਲ੍ਹ ਰਾਤ ਹੀ ਉਸ ਨੂੰ ਦਿਲ ਦੇ ਰੋਗਾਂ ਬਾਰੇ ਯੂਨਿਟ ਵਿੱਚ ਭੇਜ ਦਿੱਤਾ ਸੀ। ਉਸ ਨੂੰ ਸਵੇਰੇ ਸੀਬੀਆਈ ਦਫ਼ਤਰ ਲਿਆਂਦਾ ਗਿਆ ਸੀ। ਕਾਰਤੀ ਦੀ ਤਰਫ਼ਦਾਰੀ ਕਰ ਰਹੀ ਵਕੀਲਾਂ ਦੀ ਟੀਮ ਦੇ ਅਹਿਮ ਫ਼ਰੀਕ ਸੀਨੀਅਰ ਐਡਵੋਕੇਟ ਅਭਿਸ਼ੇਕ ਮਨੂੰ ਸਿੰਘਵੀ ਨੇ ਦਲੀਲ ਦਿੱਤੀ ਕਿ ਮਈ 2017 ਦੀ ਐਫਆਈਆਰ ਦੇ ਸਿਲਸਿਲੇ ’ਚ ਸੀਬੀਆਈ ਨੇ ਪਿਛਲੇ ਸਾਲ ਅਗਸਤ ਮਹੀਨੇ ਕਾਰਤੀ ਤੋਂ ਕਰੀਬ 22 ਘੰਟੇ ਪੁੱਛਗਿੱਛ ਕੀਤੀ ਸੀ ਅਤੇ ਉਸ ਤੋਂ ਬਾਅਦ ਹੁਣ ਤਕ ਉਸ ਨੂੰ ਕੋਈ ਨਵਾਂ ਸੰਮਨ ਜਾਰੀ ਨਹੀਂ ਕੀਤਾ ਗਿਆ ਜਿਸ ਤੋਂ ਸਿੱਧ ਹੁੰਦਾ ਹੈ ਕਿ ਜਾਂਚ ਏਜੰਸੀ ਕੋਲ ਉਸ ਤੋਂ ਪੁੱਛਗਿੱਛ ਕਰਨ ਲਈ ਕੋਈ ਨਵਾਂ ਸਵਾਲ ਨਹੀਂ ਹੈ। ਤੁਸੀਂ ਸਿਰਫ਼ ਇਸ ਬਿਨਾਅ ’ਤੇ ਉਸ ਨੂੰ ਤਲਬ ਕਰ ਰਹੇ ਹੋ ਕਿ ਉਹ ਜਾਂਚ ਲਈ ਸਹਿਯੋਗ ਨਹੀਂ ਦੇ ਰਿਹਾ। ਤੁਸੀਂ ਸਾਡੇ ਅਸਹਿਯੋਗ ਦੀ ਕਦੇ ਅਜ਼ਮਾਇਸ਼ ਨਹੀਂ ਕੀਤੀ ਤੇ ਛੇ ਮਹੀਨੇ ਬਾਅਦ ਅਚਾਨਕ ਗ੍ਰਿਫ਼ਤਾਰ ਕਰ ਲੈਂਦੇ ਹੋ। ਇਹ ਕਹਿਰ ਹੈ। ਬੰਦੇ ਨੂੰ ਜਹਾਜ਼ ਤੋਂ ਉਤਰਨ ਸਾਰ ਫੜ ਲਿਆ ਗਿਆ। ਕਾਰਤੀ ਦੇ ਖਿਲਾਫ਼ ਰੱਤੀ ਭਰ ਸਬੂਤ ਨਹੀਂ ਹੈ। ਅਦਾਲਤੀ ਹੁਕਮਾਂ ਦੀ ਵਾਰ ਵਾਰ ਤਾਮੀਲ ਦੇ ਬਾਵਜੂਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।’’
ਆਰਥਿਕ ਅਪਰਾਧੀਆਂ ਦੇ ਅਸਾਸੇ ਕੁਰਕ ਕਰਨ ਬਾਰੇ ਬਿੱਲ ਪ੍ਰਵਾਨ
ਨਵੀਂ ਦਿੱਲੀ: ਕੈਬਨਿਟ ਨੇ ਅੱਜ ਆਰਥਿਕ ਅਪਰਾਧ ਕਰ ਕੇ ਦੇਸ਼ ’ਚੋਂ ਫ਼ਰਾਰ ਹੋਣ ਵਾਲਿਆਂ ਦੇ ਅਸਾਸੇ ਤੇ ਸੰਪਤੀ ਕੁਰਕ ਕਰਨ ਲਈ ਸਖ਼ਤ ਐਫਈਓ ਬਿੱਲ ਪ੍ਰਵਾਨ ਕਰ ਲਿਆ ਹੈ। ਸਰਕਾਰੀ ਸੂਤਰਾਂ ਮੁਤਾਬਕ ਪਾਰਲੀਮੈਂਟ ਦੇ ਬਜਟ ਸੈਸ਼ਨ ਦੇ ਦੂਜੇ ਭਾਗ ਜੋ 5 ਮਾਰਚ ਤੋਂ ਸ਼ੁਰੂ ਹੋ ਰਿਹਾ, ਵਿੱਚ ਪੇਸ਼ ਕਰਨ ਦੀ ਸੰਭਾਵਨਾ ਹੈ।

 

 

fbbg-image

Latest News
Magazine Archive