ਬਜਟ ਬਾਰੇ ਮੀਟਿੰਗ ’ਚ ਸ਼ਿਕਵੇ ਰਹੇ ਹਾਵੀ


ਚੰਡੀਗੜ੍ਹ - ਕਾਂਗਰਸ ਪਾਰਟੀ ਦੇ ਵਿਧਾਇਕਾਂ ਅਤੇ ਪਾਰਲੀਮੈਂਟ ਮੈਂਬਰਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਨੂੰ ਸੱਤਾ ਵਿੱਚ ਆਇਆਂ ਇਕ ਸਾਲ ਪੂਰਾ ਹੋਣ ਵਾਲਾ ਹੈ ਅਤੇ ਇਕ ਸਾਲ ਵਿੱਚ ਚੋਣ ਵਾਅਦੇ ਪੂਰੇ ਨਹੀਂ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਗੁੰਡਾ ਟੈਕਸ ਤੋਂ ਲੈ ਕੇ ਰੇਤ ਮਾਫੀਆ ਤਕ ਹਰ ਤਰ੍ਹਾਂ ਦੇ ਮਾਫੀਆ ਵਿਰੁੱਧ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਨੂੰ ਲੋਕ ਪੱਖੀ ਬਜਟ ਪੇਸ਼ ਕਰਨਾ ਚਾਹੀਦਾ ਹੈ ਜਿਸ ਵਿੱਚ ਚੋਣ ਵਾਅਦੇ ਪੂਰੇ ਕਰਨ ਦੀ ਝਲਕ ਮਿਲਦੀ ਹੋਵੇ ਤਾਂ ਜੋ ਅਗਲੇ ਸਾਲ ਲੋਕ ਸਭਾ ਚੋਣਾਂ ਦਾ ਡੱਟ ਕੇ ਸਾਹਮਣਾ ਕੀਤਾ ਜਾ ਸਕੇ। ਬਜਟ ਤੋਂ ਪਹਿਲਾਂ ਅੱਜ ਇਥੇ ਸੱਦੀ ਗਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਨੇ ਪੈਨਸ਼ਨਾਂ, ਦਲਿਤਾਂ ਅਤੇ ਪਛੜੀਆਂ ਜਾਤਾਂ ਲਈ ਭਲਾਈ ਸਕੀਮਾਂ ਲਈ ਗਰਾਂਟਾਂ ਦੇਣ ਅਤੇ ਵਿਦਿਆਥੀਆਂ ਨੂੰ ਵਜ਼ੀਫੇ ਦੇਣ ਦੇ ਵੀ ਮੁੱਦੇ ਉਠਾਏ। ਸੂਤਰਾਂ ਅਨੁਸਾਰ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਸ਼ਾ ਮਾਫੀਏ ਤੇ ਹੋਰ ਮਾਫੀਏ ਨੂੰ ਨੱਥ ਪਾਉਣੀ ਚਾਹੀਦੀ ਹੈ ਅਤੇ ਸਰਕਾਰ ਨੂੰ ਕੋਈ ਨਾ ਕੋਈ ਵੱਡੀ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਲੋਕਾਂ ਵਿੱਚ ਇਸ ਗੱਲ ਦੇ ਸੰਕੇਤ ਜਾਣ ਕੇ ਕੈਪਟਨ ਸਰਕਾਰ ਮਾਫੀਏ ਨੂੰ ਕਾਬੂ ਕਰਨਾ ਜਾਣਦੀ ਹੈ। ਰਾਜ ਸਭਾ ਮੈਂਬਰ ਤੇ ਸੀਨੀਅਰ ਕਾਂਗਰਸ ਆਗੂ ਸ਼ਮਸ਼ੇਰ ਸਿੰਘ ਦੂਲੋ ਨੇ ਕਿਹਾ,‘‘ਪਿਛਲੀ ਸਰਕਾਰ ਮਾਫੀਆ ਸਰਕਾਰ ਸੀ ਅਤੇ ਮਾਫੀਏ ਦੇ ਧੱਬੇ ਸਾਡੀ ਸਰਕਾਰ ’ਤੇ ਨਹੀਂ ਲੱਗਣੇ ਚਾਹੀਦੇ।’’ ਉਨ੍ਹਾਂ ਕਿਹਾ ਕਿ ਦਲਿਤਾਂ ਖਿਲਾਫ਼ ਧੱਕੇ ਜਾਰੀ ਹਨ ਅਤੇ ਰਾਜ ਸਰਕਾਰ ਧੱਕਿਆਂ ਨੂੰ ਦੂਰ ਕਰਨ ਲਈ ਕਾਰਵਾਈ ਕਰੇ। ਉਨ੍ਹਾਂ  ਕਿਸਾਨਾਂ ਦੇ ਨਹੀਂ ਸਗੋਂ ਖੇਤ ਮਜ਼ਦੂਰਾਂ ਦੇ ਕਰਜ਼ੇ ਵੀ ਮੁਆਫ਼ ਕਰਨ ਦੀ ਮੰਗ ਉਠਾਈ। ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ,‘‘ਸਾਡੀ ਸਰਕਾਰ ਨੇ ਅਕਾਲੀ-ਭਾਜਪਾ ਸਰਕਾਰ ਦੇ 10 ਸਾਲਾਂ ਦੇ ਕਾਰਜਕਾਲ ਵਿੱਚ ਕੀਤੇ ਗਏ ਧੱਕਿਆਂ ਅਤੇ ਜ਼ਿਆਦਤੀਆਂ ਖਿਲਾਫ਼ ‘ਵਾਈਟ ਪੇਪਰ’ ਲਿਆਉਣ ਦਾ ਵਾਅਦਾ ਕੀਤਾ ਸੀ ਪਰ ਸਾਲ ਬੀਤਣ ਬਾਅਦ ਵੀ ਇਹ ਵਾਈਟ ਪੇਪਰ ਨਹੀਂ ਆਇਆ।’’ ਉਨ੍ਹਾਂ ਗਰੀਬਾਂ ਨੂੰ ਪੰਜ-ਪੰਜ ਮਰਲੇ ਦੇ ਮੁਫ਼ਤ ਪਲਾਟ ਦੇਣ ਲਈ ਵੀ ਕਿਹਾ। ਪਰਵਾਸੀ ਭਾਰਤੀਆਂ ਦੀਆਂ ਜ਼ਮੀਨਾਂ ’ਤੇ ਕਬਜ਼ੇ ਹੋਣ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਸ ਸਬੰਧੀ ਸਕੀਮ ਲਿਆਉਣੀ ਚਾਹੀਦੀ ਹੈ। ਜਿਹੜੇ ਪਰਵਾਸੀ ਜ਼ਮੀਨਾਂ ਵੇਚਣਾ ਚਾਹੁੰਦੇ ਹਨ, ਸਰਕਾਰ ਉਨ੍ਹਾਂ ਦੀਆਂ ਜ਼ਮੀਨਾਂ ਖ਼ਰੀਦ ਕੇ ਲੈਂਡ ਪੂਲ ਬਣਾ ਕੇ  ਸਨਅਤਾਂ ਨੂੰ ਦੇ ਦੇਵੇ। ਉਨ੍ਹਾਂ ਕਿਹਾ,‘‘ਅਸੀਂ ਅਕਾਲੀਆਂ ਦੇ ਪੋਲ ਨਹੀਂ ਖੋਲ੍ਹੇ ਪਰ ਉਨ੍ਹਾਂ ਪੋਲ ਖੋਲ੍ਹ ਰੈਲੀਆਂ ਸ਼ੁਰੂ ਕਰ ਦਿੱਤੀਆਂ ਹਨ। ਜੇਕਰ ਹੁਣ ਵੀ ਪੋਲ ਖੋਲ੍ਹ ਦੇਈਏ ਤਾਂ ਉਨ੍ਹਾਂ ਦੀ ਹਕੀਕਤ ਸਾਹਮਣੇ ਆ ਜਾਵੇਗੀ।’’ ਮੁੱਖ ਮੰਤਰੀ ਦੇ ਸਲਾਹਕਾਰ ਲੈਫਟੀਨੈਂਟ ਜਨਰਲ (ਸੇਵਾਮੁਕਤ) ਟੀ ਐਸ ਸ਼ੇਰਗਿਲ ਅਤੇ ਨਸ਼ਾ ਵਿਰੋਧੀ ਵਿਸ਼ੇਸ਼ ਟਾਸਕ ਫੋਰਸ ਦੇ ਮੁਖੀ ਏਡੀਜੀਪੀ ਹਰਪ੍ਰੀਤ ਸਿੱਧੂ ਨੇ ਨਸ਼ਾ ਵਿਰੋਧੀ ਮੁਹਿੰਮ ਦੀ ਜਾਣਕਾਰੀ ਦਿੱਤੀ।

 

 

fbbg-image

Latest News
Magazine Archive