ਭਾਰਤ ਅਤੇ ਜੌਰਡਨ ਵਿਚਕਾਰ 12 ਸਮਝੌਤਿਆਂ ’ਤੇ ਦਸਤਖ਼ਤ


ਨਵੀਂ ਦਿੱਲੀ - ਭਾਰਤ ਅਤੇ ਜੌਰਡਨ ਨੇ ਦਹਿਸ਼ਤਗਰਦੀ ਨਾਲ ਸਿੱਝਣ ਲਈ ਰੱਖਿਆ ਸਹਿਯੋਗ ਵਧਾਉਣ ਅਤੇ ਸਾਈਬਰ ਸੁਰੱਖਿਆ ਅਪਰਾਧਾਂ ਨੂੰ ਰੋਕਣ ਦਾ ਫ਼ੈਸਲਾ ਲਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਜੌਰਡਨ ਦੇ ਸ਼ਾਹ ਅਬਦੁੱਲਾ ਦੋਇਮ ਦਰਮਿਆਨ ਰਣਨੀਤੀ ਪੱਖੋਂ ਕਈ ਅਹਿਮ ਮੁੱਦਿਆਂ ’ਤੇ ਗੱਲਬਾਤ ਕੀਤੀ ਗਈ। ਦੋਵੇਂ ਆਗੂਆਂ ਨੇ ਸਪੱਸ਼ਟ ਸੁਨੇਹਾ ਦਿੱਤਾ ਕਿ ਦਹਿਸ਼ਤਗਰਦੀ ਅਤੇ ਕੱਟੜਵਾਦ ਕਿਸੇ ਵੀ ਧਰਮ ਨਾਲ ਜੁੜੇ ਹੋਏ ਨਹੀਂ ਹਨ। ਦੋਵੇਂ ਆਗੂਆਂ ਨੇ ਸੀਰੀਆ ਦੇ ਸ਼ਰਨਾਰਥੀਆਂ ਤੋਂ ਲੈ ਕੇ ਫਲਸਤੀਨ ਤਕ ਕਈ ਮੁੱਦਿਆਂ ਬਾਰੇ ਵਿਚਾਰ ਵਟਾਂਦਰਾ ਕੀਤਾ। ਵਿਦੇਸ਼ ਮੰਤਰਾਲੇ ਦੇ ਸਕੱਤਰ (ਆਰਥਿਕ ਸਬੰਧ) ਟੀ ਐਸ ਤਿਰੂਮੂਰਤੀ ਨੇ ਕਿਹਾ ਕਿ ਉਨ੍ਹਾਂ ਆਰਥਿਕ ਖੇਤਰ ’ਚ ਵੀ ਸਹਿਯੋਗ ਵਧਾਉਣ ਦਾ ਅਹਿਦ ਲਿਆ। ਸ੍ਰੀ ਮੋਦੀ ਅਤੇ ਸ਼ਾਹ ਅਬਦੁੱਲਾ ਦਰਮਿਆਨ ਗੱਲਬਾਤ ਮਗਰੋਂ ਦੋਵੇਂ ਮੁਲਕਾਂ ਨੇ ਰੱਖਿਆ, ਸਿਹਤ ਅਤੇ ਮੈਡੀਸਨ, ਜੌਰਡਨ ’ਚ ਨਵੀਂ ਪੀੜ੍ਹੀ ਦਾ ਸੈਂਟਰ ਆਫ਼ ਐਕਸੀਲੈਂਸ ਸਥਾਪਤ ਕਰਨ, ਖਾਦ ਅਤੇ ਫਾਸਫੇਟ ਦੀ ਸਪਲਾਈ ਅਤੇ ਜੌਰਡਨ ਯੂਨੀਵਰਸਿਟੀ ’ਚ ਹਿੰਦੀ ਚੇਅਰ ਸਥਾਪਤ ਕਰਨ ਸਮੇਤ 12 ਸਮਝੌਤਿਆਂ ’ਤੇ ਦਸਤਖ਼ਤ ਕੀਤੇ। ਇਸ ਤੋਂ ਪਹਿਲਾਂ ਦੋਵੇਂ ਆਗੂਆਂ ਨੇ ਇਸਲਾਮਿਕ ਵਿਰਸੇ ਸਬੰਧੀ ਕਾਨਫਰੰਸ ਨੂੰ ਸੰਬੋਧਨ ਕੀਤਾ ਜਿਸ ’ਚ ਸ੍ਰੀ ਮੋਦੀ ਨੇ ਕਿਹਾ ਕਿ ਦਹਿਸ਼ਤਗਰਦੀ ਅਤੇ ਕੱਟੜਵਾਦ ਖ਼ਿਲਾਫ਼ ਕਾਰਵਾਈ ਕਿਸੇ ਧਰਮ ਖ਼ਿਲਾਫ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਤਾਂ ਉਸ ਮਾਨਸਿਕਤਾ ਖ਼ਿਲਾਫ਼ ਜੰਗ ਹੈ ਜੋ ਬੇਕਸੂਰਾਂ ਵਿਰੁੱਧ ਵਧੀਕੀਆਂ ਲਈ ਨੌਜਵਾਨਾਂ ਨੂੰ ਗੁੰਮਰਾਹ ਕਰਦੇ ਹਨ। ਸ੍ਰੀ ਤਿਰੂਮੂਰਤੀ ਨੂੰ ਜਦੋਂ ਇਰਾਕ ’ਚ ਲਾਪਤਾ 39 ਭਾਰਤੀਆਂ ਦਾ ਮੁੱਦਾ ਜੌਰਡਨ ਨਾਲ ਉਠਾਉਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਸ ਮੁੱਦੇ ’ਤੇ ਕੋਈ ਵਿਚਾਰ ਵਟਾਂਦਰਾ ਨਹੀਂ ਹੋਇਆ।

 

Latest News
Magazine Archive