ਸ੍ਰੀਦੇਵੀ ਦੀ ਦੇਹ ਮੁੰਬਈ ਪੁੱਜੀ, ਸਸਕਾਰ ਅੱਜ


ਮੁੰਬਈ/ਦੁਬਈ - ਬਾਲੀਵੁੱਡ ਅਦਾਕਾਰਾ ਸ੍ਰੀਦੇਵੀ ਦੇਵੀ ਦੀ ਦੇਹ ਅੱਜ ਦੇਰ ਰਾਤ ਵਿਸ਼ੇਸ਼ ਹਵਾਈ ਜਹਾਜ਼ ਰਾਹੀਂ ਦੁਬਈ ਤੋਂ ਇਥੇ ਪੁੱਜ ਗਈ। ਉਸ ਦਾ ਬੁੱਧਵਾਰ ਬਾਅਦ ਦੁਪਹਿਰ ਇਥੇ ਸਸਕਾਰ ਕੀਤਾ ਜਾਵੇਗਾ। ਇਹ ਜਾਣਕਾਰੀ ਉਸ ਦੇ ਪਰਿਵਾਰ ਨੇ ਇਕ ਬਿਆਨ ਰਾਹੀਂ ਦਿੱਤੀ। ਇਸ ਤੋਂ ਪਹਿਲਾਂ ਦੁਬਈ ਪਬਲਿਕ  ਪ੍ਰਾਸੀਕਿਊਟਰ ਦਫ਼ਤਰ ਨੇ ਅਦਾਕਾਰਾ ਦੀ ਅਚਾਨਕ ਮੌਤ ਸਬੰਧੀ ਸਾਰੇ ਕਿਆਸਾਂ ਨੂੰ  ਖ਼ਤਮ ਕਰਦਿਆਂ ਦੇਹ  ਪਰਿਵਾਰ ‘ਹਵਾਲੇ’ ਕਰ ਦਿੱਤੀ। ਦਫ਼ਤਰ ਨੇ ਕਿਹਾ ਕਿ ‘ਵਿਆਪਕ ਜਾਂਚ’ ਵਿੱਚ ਸਾਫ਼ ਹੋ ਗਿਆ ਹੈ ਕਿ  ਮੌਤ ਬੇਹੋਸ਼ੀ ਦੇ ਆਲਮ ਵਿੱਚ ਅਚਾਨਕ ਡੁੱਬਣ ਕਾਰਨ ਹੋਈ ਹੈ।
ਪਰਿਵਾਰ ਨੇ ਤਫ਼ਸੀਲੀ ਬਿਆਨ ਵਿੱਚ ਕਿਹਾ ਹੈ ਕਿ ਸਸਕਾਰ ਤੋਂ ਪਹਿਲਾਂ ਲਾਸ਼ ਨੂੰ ਦਰਸ਼ਨਾਂ ਤੇ ਸ਼ਰਧਾਂਜਲੀ ਵਾਸਤੇ ਸੈਲੀਬਰੇਸ਼ਨ ਸਪੋਰਟਸ ਕਲੱਬ, ਲੋਖੰਡਵਾਲਾ ਵਿੱਚ ਰੱਖਿਆ ਜਾਵੇਗਾ, ਜਿਥੇ ਸਵੇਰੇ ਸਾਢੇ 9 ਤੋਂ ਬਾਅਦ ਦੁਪਹਿਰ ਸਾਢੇ 12 ਵਜੇ ਤੱਕ ਸ਼ਰਧਾਂਜਲੀ ਭੇਟ ਕੀਤੀ ਜਾ ਸਕੇਗੀ। ਬਿਆਨ ਮੁਤਾਬਕ, ‘‘ਸੈਲੀਬਰੇਸ਼ਨ ਸਪੋਰਟਸ ਕਲੱਬ ਤੋਂ ਵਿਲੇ ਪਾਰਲੇ ਸੇਵਾ ਸਮਾਜ ਸ਼ਮਸ਼ਾਨ ਘਾਟ ਲਈ ਅੰਤਿਮ ਯਾਤਰਾ 2 ਵਜੇ ਸ਼ੁਰੂ ਹੋਵੇਗੀ।’’ ਸਸਕਾਰ ਕਰੀਬ 3.30 ਵਜੇ ਹੋਵੇਗਾ। ਬਿਆਨ ਵਿੱਚ ਕਿਹਾ ਗਿਆ ਹੈ, ‘‘ਖ਼ੁਸ਼ੀ, ਜਾਨਵੀ, ਬੋਨੀ ਕਪੂਰ, ਸਮੁੱਚੇ ਕਪੂਰ ਤੇ ਅਈਅੱਪਨ ਪਰਿਵਾਰਾਂ ਵੱਲੋਂ ਮੀਡੀਆ ਦੁਆਰਾ ਇਸ ਨਾਜ਼ੁਕ ਮੌਕੇ ’ਤੇ ਦਿਖਾਈ ਸੰਵੇਦਨਸ਼ੀਲਤਾ ਤੇ ਸਹਿਯੋਗ ਲਈ ਧੰਨਵਾਦ ਕੀਤਾ   ਜਾਂਦਾ ਹੈ।’’ ਬਿਆਨ ਵਿੱਚ ਮੀਡੀਆ ਨੂੰ ‘ਕੈਮਰੇ ਆਦਿ ਬਾਹਰ ਰੱਖ ਕੇ’ ਸਪੋਰਟਸ ਕਲੱਬ ਵਿਖੇ ਸ਼ਰਧਾਂਜਲੀ ਭੇਟ ਕਰਨ ਦੀ ਖੁੱਲ੍ਹ ਦਿੱਤੀ ਗਈ ਹੈ।
ਬਾਲੀਵੁੱਡ ਦੀ ਪਹਿਲੀ ਮਹਿਲਾ ਸੁਪਰ ਸਟਾਰ ਵਜੋਂ ਜਾਣੀ ਜਾਂਦੀ 54-ਸਾਲਾ ਸ੍ਰੀਦੇਵੀ ਤਿੰਨ ਦਿਨ ਪਹਿਲਾਂ ਦੁਬਈ ਦੇ ਜੁਮੇਰਾ ਅਮੀਰਾਤ ਟਾਵਰਜ਼ ਹੋਟਲ ਵਿੱਚ ਮ੍ਰਿਤਕ ਪਾਈ ਗਈ ਸੀ। ਅੱਜ ਉਸ ਦੇ ਪਤੀ ਤੇ ਫਿਲਮਕਾਰ ਬੋਨੀ ਕਪੂਰ ਤੇ ਮਤਰੇਏ ਪੁੱਤਰ ਅਰਜੁਨ ਕਪੂਰ ਨੇ ਲਾਸ਼ ਨੂੰ ਰਿਲੀਜ਼ ਕਰਾਉਣ ਪਿੱਛੋਂ ਇਸ ਨੂੰ ਲੇਪ ਆਦਿ ਲਵਾਉਣ ਦੀ ਕਾਰਵਾਈ ਪੂਰੀ ਕਰਵਾਈ। ਲਾਸ਼ ਲੈਣ ਲਈ ਮੁੰਬਈ ਤੋਂ ਸਨਅਤਕਾਰ ਅਨਿਲ ਅੰਬਾਨੀ ਦਾ ਨਿਜੀ ਜਹਾਜ਼ ਐਂਬਰਬੀਅਰ ਜੈੱਟ, ਉਸ ਦੀ ਬੇਵਕਤੀ ਮੌਤ ਦੇ ਇਕ ਦਿਨ ਬਾਅਦ ਐਤਵਾਰ ਨੂੰ ਹੀ ਦੁਬਈ ਪੁੱਜ ਗਿਆ ਸੀ। ਇਸ ਦੌਰਾਨ ਮੁੰਬਈ ਵਿੱਚ ਬੋਨੀ ਕਪੂਰ ਦੇ ਭਰਾ ਅਨਿਲ ਕਪੂਰ ਦੇ ਘਰ ਅੱਜ ਵੀ ਵੱਖ-ਵੱਖ ਹਸਤੀਆਂ ਦਾ ਇਸ ਮੌਤ ’ਤੇ ਅਫ਼ਸੋਸ ਕਰਨ ਲਈ ਆਉਣ-ਜਾਣ ਲੱਗਾ ਰਿਹਾ। ਦੁਬਈ ਸਰਕਾਰ ਦੇ ਮੀਡੀਆ ਦਫ਼ਤਰ ਨੇ ਆਪਣੇ ਅਧਿਕਾਰਿਤ ਟਵਿੱਟਰ ਹੈਂਡਲ ਉਤੇ ਲੜੀਵਾਰ ਕਈ ਟਵੀਟਾਂ ਨਸ਼ਰ ਕਰ ਕੇ ਦੱਸਿਆ ਕਿ ਬਾਲੀਵੁੱਡ ਅਦਾਕਾਰਾ ਦੀ ਮੌਤ ਸਬੰਧੀ ਕੇਸ ਹੁਣ ਬੰਦ ਕਰ ਦਿੱਤਾ ਗਿਆ ਹੈ। ਇਸ ਨੇ ਕਿਹਾ, ‘‘ਫਾਰੈਂਸਿਕ ਰਿਪੋਰਟ ਮੁਤਾਬਕ ਭਾਰਤੀ ਅਦਾਕਾਰਾ ਦੀ ਮੌਤ ਬੇਹੋਸ਼ੀ ਤੋਂ ਬਾਅਦ ਅਚਾਨਕ ਡੁੱਬਣ ਕਾਰਨ ਹੋਈ ਹੈ।’’ ਦੁਬਈ ਸਥਿਤ ਭਾਰਤੀ ਕੌਂਸਲਖ਼ਾਨੇ ਨੇ ਵੀ ਇਕ ਟਵੀਟ ਰਾਹੀਂ ਦੱਸਿਆ ਕਿ ਪੁਲੀਸ ਨੇ ਲਾਸ਼ ਨੂੰ ਸੁਗੰਧਿਤ ਲੇਪ ਲਾਉਣ ਲਈ ਲਿਜਾਣ ਦੀ ਇਜਾਜ਼ਤ ਦੇ ਦਿੱਤੀ ਹੈ। ‘ਗਲਫ਼ ਨਿਊਜ਼’ ਦੀ ਰਿਪੋਰਟ ਮੁਤਾਬਕ ਯੂਏਈ ਵਿੱਚ ਆਮ ਕਰ ਕੇ ਟਰਾਂਸਪੋਰਟ ਕਰ ਕੇ ਲਿਜਾਈਆਂ ਜਾਣ ਵਾਲੀਆਂ ਲਾਸ਼ਾਂ ਨੂੰ ਇਹ ਲੇਪ ਲਾਇਆ ਜਾਂਦਾ ਹੈ।

 

 

fbbg-image

Latest News
Magazine Archive