ਆਨੰਦਪੁਰ ਸਾਹਿਬ ਵਿਖੇ ਹੋਲਾ ਮਹੱਲਾ ਅੱਜ ਤੋਂ


ਸ੍ਰੀ ਆਨੰਦਪੁਰ ਸਾਹਿਬ - ਸਿੱਖਾਂ ਦਾ ਕੌਮੀ ਤਿਓਹਾਰ ਹੋਲਾ ਮਹੱਲਾ ਆਪਣੇ ਪੂਰੇ ਖਾਲਸਾਈ ਜਾਹੋ ਜਲਾਲ ਨਾਲ ਬੁੱਧਵਾਰ ਨੂੰ ਖਾਲਸਾ ਪੰਥ ਦੇ ਜਨਮ ਸਥਾਨ ਸ੍ਰੀ ਆਨੰਦਪੁਰ ਸਾਹਿਬ ਵਿਖੇ ਸ਼ੁਰੂ ਹੋ ਰਿਹਾ ਹੈ। ਇਸ ਸਬੰਧੀ 28 ਫਰਵਰੀ ਸਵੇਰੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸਣੇ ਵੱਖ-ਵੱਖ ਗੁਰਦੁਆਰਾ ਸਹਿਬਾਨ ਵਿਖੇ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਆਰੰਭ ਕਰਵਾਏ ਜਾਣਗੇ ਅਤੇ ਨਿਰਮਲ ਭੇਖ ਦੁਆਬਾ ਮੰਡਲ ਵੱਲੋਂ ਵਿਸ਼ਾਲ ਨਗਰ ਕੀਰਤਨ ਵੀ ਕੱਢਿਆ ਜਾਵੇਗਾ।
ਇਸ ਤੋਂ ਪਹਿਲਾਂ ਕੀਰਤਪੁਰ ਸਾਹਿਬ ਵਿਖੇ 25 ਤੋਂ 27 ਫਰਵਰੀ ਤੱਕ ਚੱਲੇ ਹੋਲਾ ਮਹੱਲਾ ਦੇ ਪਹਿਲੇ ਪੜਾਅ ਦੀ ਸਮਾਪਤੀ ਤੋਂ ਬਾਅਦ ਅੱਜ ਸੰਗਤਾਂ ਵਹੀਰਾਂ ਘੱਤ ਕੇ ਸ੍ਰੀ ਆਨੰਦਪੁਰ ਸਾਹਿਬ ਪਹੁੰਚਣੀਆਂ ਸ਼ੁਰੂ ਹੋ ਗਈਆਂ ਅਤੇ ਵੱਖ ਵੱਖ ਥਾਵਾਂ ’ਤੇ ਲੰਗਰ ਲਾਏ ਗਏ ਹਨ। ਸ੍ਰੀ ਆਨੰਦਪੁਰ ਸਾਹਿਬ ਵਿਖੇ ਦੇਰ ਸ਼ਾਮ ਤੱਕ ਸ਼ਰਧਾਲੂਆਂ ਦਾ ਵੱਡੀ ਪੱਧਰ ’ਤੇ ਜਮਾਵੜਾ ਲੱਗ ਚੁੱਕਾ ਸੀ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਰਣਜੀਤ ਸਿੰਘ ਪਾਸੋਂ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਸਵੇਰੇ ਅਖੰਡ ਪਾਠ ਸਾਹਿਬ ਅਰੰਭ ਕੀਤੇ ਜਾਣਗੇ ਤੇ ਲੱਖਾਂ ਦੀ ਗਿਣਤੀ ’ਚ ਆਉਣ ਵਾਲੇ ਸ਼ਰਧਾਲੂਆਂ ਦੇ ਲਈ ਹਰ ਤਰ੍ਹਾਂ ਦੇ ਪੁਖਤਾ ਇੰਤਜ਼ਾਮ ਕੀਤੇ ਜਾ ਚੁੱਕੇ ਹਨ।
ਕੀਰਤਪੁਰ ਸਾਹਿਬ ਦਾ ਹੋਲਾ ਮਹੱਲਾ ਸਮਾਪਤ
ਕੀਰਤਪੁਰ ਸਾਹਿਬ : ਹੋਲੇ ਮਹੱਲੇ ਦਾ ਪਹਿਲਾ ਪੜਾਅ ਅੱਜ ਇਥੇ ਕੀਰਤਪੁਰ ਸਾਹਿਬ ਦੇ ਗੁਰਦੁਆਰਾ ਪਤਾਲਪੁਰੀ ਸਾਹਿਬ ਵਿਖੇ ਸਮਾਪਤ ਹੋ ਗਿਆ। ਸਵੇਰੇ ਅਖੰਡ ਪਾਠ ਦਾ ਭੋਗ ਪਾਇਆ ਗਿਆ ਅਤੇ ਮੇਲਾ ਆਪਣੇ ਅਗਲੇ ਪੜਾਅ ਸ੍ਰੀ ਆਨੰਦਪੁਰ ਸਾਹਿਬ ਲਈ ਰਵਾਨਾ ਹੋ ਗਿਆ। ਸਮਾਪਤੀ ਮੌਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਫੂਲਾ ਸਿੰਘ ਨੇ ਅਰਦਾਸ ਕੀਤੀ। ਉਨ੍ਹਾਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਨੇ ਖਾਲਸਾ ਪੰਥ ਦੀ ਸਾਜਨਾ ਕਰ ਕੇ ਸਮਾਜ ਵਿੱਚ ਫੈਲੇ ਹਨੇਰੇ ਨੂੰ ਦੂਰ ਕੀਤਾ ਅਤੇ ਹੋਲੀ ਨੂੰ ਹੋਲੇ ਮਹੱਲੇ ਦਾ ਨਵਾਂ ਰੂਪ ਦੇ ਕੇ ਸਿੱਖ ਪੰਥ ਵਿੱਚ ਨਿਆਰੇਪਣ ਦੀ ਮਿਸਾਲ ਕਾਇਮ ਕਰਦਿਆਂ ਖਾਲਸਾ ਫੌਜ ਨੂੰ ਜੰਗੀ ਖੇਡਾਂ ਨਾਲ ਜੋੜਿਆ।

 

Latest News
Magazine Archive