ਪੀਐਨਬੀ ਘਪਲਾ ਰੋਕਣ ਲਈ ਕਿਸੇ ਨੇ ਨਹੀਂ ਨਿਭਾਈ ਜ਼ਿੰਮੇਵਾਰੀ: ਜੇਤਲੀ


ਨਵੀਂ ਦਿੱਲੀ - ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਦੇਸ਼ ਦੇ ਦੂਜੇ ਵੱਡੇ ਸਰਕਾਰੀ ਬੈਂਕ ਪੀਐਨਬੀ (ਪੰਜਾਬ ਨੈਸ਼ਨਲ ਬੈਂਕ) ਵਿੱਚ ਹੋਏ 11400 ਕਰੋੜ ਰੁਪਏ ਦੇ ਘਪਲੇ ਲਈ ਰੈਗੂਲੇਟਰਾਂ ਤੇ ਆਡੀਟਰਾਂ ਦੀ ਬੇਧਿਆਨੀ ਅਤੇ ਮੈਨੇਜਮੈਂਟ ਦੀ ਨਾਕਾਮੀ ਨੂੰ ਜ਼ਿੰਮੇਵਾਰ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇ ਲੋੜ ਪਈ ਤਾਂ ਘਪਲੇਬਾਜ਼ਾਂ ਨੂੰ ਸਜ਼ਾਵਾਂ ਦੇਣ ਲਈ ਕਾਨੂੰਨ ਵੀ ਸਖ਼ਤ ਕੀਤੇ ਜਾਣਗੇ।
ਉਹ ਅੰਗਰੇਜ਼ੀ ਅਖ਼ਬਾਰ ‘ਇਕਨੌਮਿਕ ਟਾਈਮਜ਼’ ਵੱਲੋਂ ਕਰਵਾਏ ਜਾ ਰਹੇ ਆਲਮੀ ਕਾਰੋਬਾਰੀ ਸਿਖਰ ਸੰਮੇਲਨ ਨੂੰ ਸੰਬੋਧਨ ਕਰ ਰਹੇ ਸਨ। ਇਸ ਹਫ਼ਤੇ ਦੌਰਾਨ ਘਪਲੇ ਸਬੰਧੀ ਦੂਜੀ ਵਾਰ ਬੋਲਦਿਆਂ ਉਨ੍ਹਾਂ ਕਿਹਾ ਕਿ ਬੈਂਕਾਂ ਵਿੱਚ ਆਡਿਟਿੰਗ ਪ੍ਰਬੰਧ ਦੀਆਂ ਕਈ ਪਰਤਾਂ ਹੋਣ ਦੇ ਬਾਵਜੂਦ ਇਸ ਨੂੰ ਲਾਗੂ ਕਰਨ ਵਾਲਿਆਂ ਨੇ ਇਸ ਪਾਸੇ ਧਿਆਨ ਤੱਕ ਨਹੀਂ ਦਿੱਤਾ। ਉਨ੍ਹਾਂ ਇਸ ਘਪਲੇ ਦੇ ਕਥਿਤ ਦੋਸ਼ੀ ਅਰਬਪਤੀ ਨੀਰਵ ਮੋਦੀ ਜਾਂ ਬੈਂਕ ਦਾ ਨਾਂ ਲਏ ਬਿਨਾਂ ਕਿਹਾ ਕਿ ਇਹ ‘ਚਿੰਤਾ ਵਾਲੀ’ ਗੱਲ ਹੈ ਕਿ ਜਦੋਂ ਇਹ ਘਪਲਾ ਹੋ ਰਿਹਾ ਸੀ ਤਾਂ ਕਿਸੇ ਇਕ ਥਾਂ ਤੋਂ ਵੀ ਕੋਈ ਇਤਰਾਜ਼ ਨਹੀਂ ਉਠਾਇਆ ਗਿਆ। ਉਨ੍ਹਾਂ ਕਿਹਾ ਕਿ ਇਹ ਵੀ ਫ਼ਿਰਕ ਦੀ ਗੱਲ ਹੈ ਕਿ ‘ਜੋ ਕੁਝ ਚੱਲ ਰਿਹਾ ਸੀ, ਉਸ ਬਾਰੇ ਸਿਖਰਲੀ ਮੈਨੇਜਮੈਂਟ ਨੂੰ ਕੁਝ ਪਤਾ ਹੀ ਨਹੀਂ ਸੀ।’
‘ਕੌਮੀਕ੍ਰਿਤ ਬੈਂਕਾਂ ਦਾ ਨਿਜੀਕਰਨ ਨਹੀਂ ਕੀਤਾ ਜਾਵੇਗਾ’
ਸਮਾਗਮ ਦੌਰਾਨ ਪੀਐਨਬੀ ਘਪਲੇ ਦੇ ਮੱਦੇਨਜ਼ਰ ਸ੍ਰੀ ਜੇਤਲੀ ਨੇ ਕੌਮੀਕ੍ਰਿਤ ਬੈਂਕਾਂ ਦੇ ਨਿਜੀਕਰਨ ਦੀ ਸੰਭਾਵਨਾ ਨੂੰ ਨਕਾਰ ਦਿੱਤਾ। ਉਨ੍ਹਾਂ ਕਿਹਾ ਕਿ ਅਜਿਹਾ ਕਦਮ ਸਿਆਸੀ ਤੌਰ ’ਤੇ ਮਨਜ਼ੂਰ ਨਹੀਂ ਹੋਵੇਗਾ। ਉਨ੍ਹਾਂ ਕਿਹਾ, ‘‘ਇਸ (ਬੈਂਕਾਂ ਦੇ ਨਿਜੀਕਰਨ) ਲਈ ਵਿਸ਼ਾਲ ਸਿਆਸੀ ਆਮ ਰਾਇ ਦੀ ਲੋੜ ਹੈ ਤੇ ਕਾਨੂੰਨ (ਬੈਂਕਿੰਗ ਰੈਗੂਲੇਸ਼ਨ ਐਕਟ) ਵਿੱਚ ਸੋਧ ਕਰਨੀ ਪਵੇਗੀ। ਮੇਰੇ ਖ਼ਿਆਲ ਵਿੱਚ ਇਸ ਵਿਚਾਰ ਲਈ ਭਾਰਤੀ ਸਿਆਸੀ ਪ੍ਰਬੰਧ ਹਰਗਿਜ਼ ਹਾਮੀ ਨਹੀਂ ਭਰੇਗਾ।’’ ਗ਼ੌਰਤਲਬ ਹੈ ਕਿ ਬੀਤੇ ਦਿਨ ਫਿੱਕੀ ਦੇ ਪ੍ਰਧਾਨ ਰਾਸ਼ੇਸ਼ ਸ਼ਾਹ ਨੇ ਕਿਹਾ ਸੀ ਕਿ ਉਨ੍ਹਾਂ ਵਿੱਤ ਮੰਤਰੀ ਨੂੰ ਮਿਲ ਕੇ ਪੜਾਅਵਾਰ ਢੰਗ ਨਾਲ ਬੈਂਕਾਂ ਦੇ ਨਿਜੀਕਰਨ ਦਾ ਅਮਲ ਸ਼ੁਰੂ ਕਰਨ ਦੀ ਸਲਾਹ ਦਿੱਤੀ ਸੀ।

 

 

fbbg-image

Latest News
Magazine Archive