ਅਫ਼ਗਾਨ ਫ਼ੌਜੀ ਅੱਡੇ ’ਤੇ ਦਹਿਸ਼ਤੀ ਹਮਲੇ ’ਚ 18 ਜਵਾਨਾਂ ਦੀ ਮੌਤ


ਕਾਬੁਲ - ਅਫ਼ਗਾਨਿਸਤਾਨ ’ਚ ਕਈ ਥਾਵਾਂ ’ਤੇ ਫਿਦਾਈਨ ਹਮਲਿਆਂ ਅਤੇ ਹੋਰ ਧਮਾਕਿਆਂ ’ਚ 23 ਵਿਅਕਤੀ ਹਲਾਕ ਹੋ ਗਏ ਜਦਕਿ ਇਕ ਦਰਜਨ ਤੋਂ ਵਧ ਜਣੇ ਜ਼ਖ਼ਮੀ ਹੋ ਗਏ ਹਨ। ਤਾਲਿਬਾਨ ਦਹਿਸ਼ਤਗਰਦਾਂ ਵੱਲੋਂ ਵੱਡਾ ਹਮਲਾ ਫਰਾਹ ਦੇ ਪੱਛਮੀ ਪ੍ਰਾਂਤ ’ਚ ਫ਼ੌਜ ਦੇ ਅੱਡੇ ’ਤੇ ਕੀਤਾ ਗਿਆ ਜਿਥੇ 18 ਜਵਾਨ ਮਾਰੇ ਗਏ। ਰੱਖਿਆ ਮੰਤਰਾਲੇ ਦੇ ਤਰਜਮਾਨ ਦੌਲਤ ਵਜ਼ੀਰ ਨੇ ਕਿਹਾ,‘‘ਕੱਲ ਰਾਤ ਦਹਿਸ਼ਤਗਰਦਾਂ ਦੇ ਵੱਡੇ ਗੁੱਟ ਨੇ ਬਾਲਾ ਬੁਲੁਕ ਜ਼ਿਲ੍ਹੇ ’ਚ ਫ਼ੌਜ ਦੇ ਅੱਡੇ ਨੂੰ ਨਿਸ਼ਾਨਾ ਬਣਾਇਆ।
ਬਦਕਿਸਮਤੀ ਨਾਲ ਸਾਡੇ 18 ਜਵਾਨ ਮਾਰੇ ਗਏ ਜਦਕਿ ਦੋ ਹੋਰ ਜ਼ਖ਼ਮੀ ਹੋ ਗਏ। ਅਸੀਂ ਇਲਾਕੇ ’ਚ ਹੋਰ ਸੁਰੱਖਿਆ ਬਲ ਭੇਜੇ ਹਨ।’’ ਤਾਲਿਬਾਨ ਨੇ ਹਮਲੇ ਦੀ ਜ਼ਿੰਮੇਵਾਰੀ ਕਬੂਲੀ ਹੈ। ਸੂਬਾਈ ਉਪ ਗਵਰਨਰ ਯੂਨਸ ਰਸੂਲੀ ਨੇ ਕਿਹਾ ਕਿ ਹਮਲੇ ਦੀ ਜਾਂਚ ਲਈ ਅਧਿਕਾਰੀਆਂ ਦੇ ਵਫ਼ਦ ਨੂੰ ਮੌਕੇ ’ਤੇ ਭੇਜਿਆ ਗਿਆ ਹੈ। ਇਕ ਹੋਰ ਹਮਲੇ ’ਚ ਬੰਬਾਰ ਨੇ ਕਾਬੁਲ ’ਚ ਡਿਪਲੋਮੈਟਿਕ ਇਲਾਕੇ ਨੇੜੇ ਅੱਜ ਸਵੇਰ ਵੇਲੇ ਆਪਣੇ ਆਪ ਨੂੰ ਉਡਾ ਲਿਆ। ਗ੍ਰਹਿ ਮੰਤਰਾਲੇ ਦੇ ਉਪ ਤਰਜਮਾਨ ਨਸਰਤ ਰਹੀਮੀ ਨੇ ਖ਼ਬਰ ਏਜੰਸੀ ਨੂੰ ਦੱਸਿਆ ਕਿ ਹਮਲੇ ’ਚ ਤਿੰਨ ਵਿਅਕਤੀ ਮਾਰੇ ਗਏ ਅਤੇ ਪੰਜ ਹੋਰ ਫੱਟੜ ਹੋਏ ਹਨ। ਸੂਤਰਾਂ ਨੇ ਦੱਸਿਆ ਕਿ ਧਮਾਕਾ ਅਫ਼ਗਾਨ ਖ਼ੁਫ਼ੀਆ ਏਜੰਸੀ ਦੇ ਕੌਮੀ ਸੁਰੱਖਿਆ ਡਾਇਰੈਕਟੋਰੇਟ ਦੇ ਦਫ਼ਤਰ ਨੇੜੇ ਹੋਇਆ ਜੋ ਨਾਟੋ ਹੈੱਡਕੁਆਰਟਰ ਅਤੇ ਅਮਰੀਕੀ ਸਫ਼ਾਰਤਖਾਨੇ ਨੇੜੇ ਪੈਂਦਾ ਹੈ। ਇਸੇ ਦਫ਼ਤਰ ਨੇੜੇ ਦਸੰਬਰ ’ਚ ਵੀ ਫਿਦਾਈਨ ਨੇ ਹਮਲਾ ਕੀਤਾ ਸੀ ਜਿਸ ’ਚ ਛੇ ਆਮ ਨਾਗਰਿਕ ਹਲਾਕ ਹੋਏ ਸਨ। ਦੋ ਹੋਰ ਹਮਲਿਆਂ ’ਚ ਦੱਖਣੀ ਹੇਲਮੰਡ ਸੂਬੇ ’ਚ ਫਿਦਾਈਨ ਕਾਰ ਧਮਾਕੇ ’ਚ ਦੋ ਜਵਾਨ ਮਾਰੇ ਗਏ ਅਤੇ ਦਰਜਨ ਤੋਂ ਵਧ ਜ਼ਖ਼ਮੀ ਹੋ ਗਏ। ਇਹ ਹਮਲਾ ਕਾਰ ਰਾਹੀਂ ਨਾਦ ਅਲੀ ਜ਼ਿਲ੍ਹੇ ’ਚ ਫ਼ੌਜ ਦੇ ਅੱਡੇ ’ਤੇ ਕੀਤਾ ਗਿਆ ਜਿਸ ਨੂੰ ਜਵਾਨਾਂ ਨੇ ਪਛਾਣ ਲਿਆ ਅਤੇ ਉਸ ਨੂੰ ਰਾਕੇਟ ਨਾਲ ਉਡਾ ਦਿੱਤਾ। ਇਸ ਮਗਰੋਂ ਫਿਦਾਈਨ ਕਾਰ ਧਮਾਕਾ ਲਸ਼ਕਰ ਗਾਹ ’ਚ ਹੋਇਆ ਜਿਥੇ ਸੱਤ ਵਿਅਕਤੀ ਜ਼ਖ਼ਮੀ ਹੋ ਗਏ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਮਹੀਨਿਆਂ ਤੋਂ ਤਾਲਿਬਾਨ ਅਤੇ ਇਸਲਾਮਿਕ ਸਟੇਟ ਦੇ ਜਹਾਦੀਆਂ ਸਮੇਤ ਦਹਿਸ਼ਤਗਰਦਾਂ ਨੇ ਅਫ਼ਗਾਨ ਸੈਨਿਕਾਂ ਅਤੇ ਪੁਲੀਸ ’ਤੇ ਹਮਲੇ ਤੇਜ਼ ਕਰ ਦਿੱਤੇ ਹਨ।

 

 

fbbg-image

Latest News
Magazine Archive