ਜਿਮਨਾਸਟ ਅਰੁਣਾ ਨੇ ਸਿਰਜਿਆ ਇਤਿਹਾਸ


ਮੈਲਬਰਨ - ਹੈਦਰਾਬਾਦ ਦੀ ਅਰੁਣਾ ਬੁੱਧਾ ਰੈੱਡੀ ਨੇ ਅੱਜ ਇਤਿਹਾਸ ਰਚ ਦਿੱਤਾ, ਉਹ ਜਿਮਨਾਸਟਿਕਸ ਵਿਸ਼ਵ ਕੱਪ ਵਿੱਚ ਵਿਅਕਤੀਗਤ ਤਗ਼ਮਾ ਜਿੱਤਣ ਵਾਲੀ ਪਹਿਲੀ ਭਾਰਤੀ ਜਿਮਨਾਸਟ ਬਣ ਗਈ ਹੈ। ਉਨ੍ਹਾਂ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਂਸੀ ਦਾ ਤਗ਼ਮਾ ਆਪਣੇ ਨਾਮ ਕੀਤਾ। 22 ਸਾਲ ਦੀ ਅਰੁਣਾ ਨੇ ਇੱਥੇ ਹਿਸੈਂਸੇ ਐਰੀਨਾ ਵਿੱਚ ਮਹਿਲਾ ਵੋਲਟ ਮੁਕਾਬਲੇ ਵਿੱਚ 13.649 ਦਾ ਸਕੋਰ ਬਣਾ ਕੇ ਟੂਰਨਾਮੈਂਟ ਵਿੱਚ ਤਗ਼ਮੇ ਨਾਲ ਭਾਰਤ ਦਾ ਖਾਤਾ ਖੋਲ੍ਹਿਆ। ਟੂਰਨਾਮੈਂਟ ਵਿੱਚ ਅਰੁਣਾ ਤੋਂ ਇਲਾਵਾ ਸਲੋਵਾਕੀਆ ਦੀ ਟੀਜ਼ਾਸਾ ਕਿਲਸਲੈਫ਼ ਨੇ 13.800 ਦੇ ਸਕੋਰ ਨਾਲ ਸੋਨ ਤਗ਼ਮਾ ਜਿੱਤਿਆ ਜਦਕਿ ਮੇਜ਼ਬਾਨ ਆਸਟਰੇਲੀਆ ਦੀ ਐਮਿਲੀ ਵ੍ਹਾਈਟਹੈੱਡ ਨੇ 13.699 ਦੇ ਸਕੋਰ ਨਾਲ ਚਾਂਦੀ ਦਾ ਤਗ਼ਮਾ ਹਾਸਲ ਕੀਤਾ। ਅਰੁਣਾ ਤੋਂ ਇਲਾਵਾ ਪ੍ਰਣਤੀ ਨਾਇਕ 13.416 ਸਕੋਰ ਨਾਲ ਛੇਵੇਂ ਸਥਾਨ ’ਤੇ ਰਹੀ। ਪੁਰਸ਼ਾਂ ਦੇ ਮੁਕਾਬਲੇ ਵਿੱਚ ਭਾਰਤ ਦੇ ਰਾਕੇਸ਼ ਕੁਮਾਰ ਕਾਂਸੀ ਦੇ ਤਗ਼ਮੇ ਤੋਂ 700 ਅੰਕਾਂ ਨਾਲ ਖੁੰਝ ਗਏ। ਉਨ੍ਹਾਂ ਨੇ ਚੌਥੇ ਸਥਾਨ ’ਤੇ ਰਹਿੰਦਿਆਂ 13.733 ਦਾ ਸਕੋਰ ਬਣਾਇਆ। ਜਿਮਨਾਸਟਿਕਸ ਵਿੱਚ ਇੱਕ ਸਾਲ ਵਿੱਚ ਕਈ ਵਿਸ਼ਵ ਕੱਪ ਮੁਕਾਬਲੇ ਹੁੰਦੇ ਹਨ ਅਤੇ ਉਹ ਵਿਸ਼ਵ ਚੈਂਪੀਅਨਸ਼ਿਪ ਵਿੱਚ ਦੂਜੇ ਦਰਜੇ ’ਤੇ ਮੰਨੀ ਜਾਂਦੀ ਹੈ। ਭਾਰਤੀ ਜਿਮਨਾਸਟਿਕਸ ਸੰਘ ਦੀ ਇੱਕ ਧਿਰ ਦੇ ਸਕੱਤਰ ਸ਼ਾਂਤੀ ਕੁਮਾਰ ਸਿੰਘ ਨੇ ਕਿਹਾ, ‘‘ਅਰੁਣਾ ਹੁਣ ਵਿਸ਼ਵ ਕੱਪ ਵਿੱਚ ਤਗ਼ਮਾ ਜਿੱਤਣ ਵਾਲੀ ਪਹਿਲੀ ਅਤੇ ਇੱਕੋ-ਇੱਕ ਭਾਰਤੀ ਬਣ ਗਈ ਹੈ। ਸਾਨੂੰ ਉਸ ’ਤੇ ਮਾਣ ਹੈ।’’ ਦੀਪਕਾ ਕਰਮਾਕਰ 2016 ਰੀਓ ਓਲੰਪਿਕ ਦੀ ਮਹਿਲਾ ਵਾਲਟ ਮੁਕਾਬਲੇ ਵਿੱਚ ਚੌਥੇ ਸਥਾਨ ’ਤੇ ਰਹੀ ਸੀ। ਉਨ੍ਹਾਂ ਨੇ ਏਸ਼ੀਆਈ ਚੈਂਪੀਅਨਸ਼ਿੱਪ ਅਤੇ 2014 ਰਾਸ਼ਟਰਮੰਡਲ ਖੇਡਾਂ ਵਿੱਚ ਕਾਂਸੀ ਦੇ ਤਗ਼ਮੇ ਜਿੱਤੇ ਹਨ ਪਰ ਉਹ ਵਿਸ਼ਵ ਕੱਪ ਪੱਧਰ ’ਤੇ ਕੋਈ ਤਗ਼ਮਾ ਨਹੀਂ ਜਿੱਤ ਸਕੀ ਸੀ। ਇਹ ਅਰੁਣਾ ਦਾ ਪਹਿਲਾ ਕੌਮਾਂਤਰੀ ਤਗ਼ਮਾ ਹੈ, ਹਾਲਾਂਕਿ ਉਹ 2013 ਵਿਸ਼ਵ ਆਰਟਿਸਟਿਕ ਜਿਮਨਾਸਟਿਕਸ ਚੈਂਪੀਅਨਸ਼ਿਪ, 2014 ਰਾਸ਼ਟਰਮੰਡਲ ਖੇਡਾਂ ਅਤੇ 2014 ਏਸ਼ੀਆ ਖੇਡਾਂ ਅਤੇ 2017 ਏਸ਼ਿਆਈ ਚੈਂਪੀਅਨਸ਼ਿਪ ਵਿੱਚ ਹਿੱਸਾ ਲੈ ਚੁੱਕੀ ਹੈ। ਅੱਜ ਦੀ ਪ੍ਰਾਪਤੀ ਤੋਂ ਪਹਿਲਾਂ ਉਨ੍ਹਾਂ ਦਾ ਸਰਵੋਤਮ ਪ੍ਰਦਰਸ਼ਨ 2017 ਏਸ਼ਿਆਈ ਚੈਂਪੀਅਨਸ਼ਿਪ ਦੇ ਵਾਲਟ ਮੁਕਾਬਲੇ ਵਿੱਚ ਛੇਵਾਂ ਸਥਾਨ ਸੀ। ਇਸ ਸਾਲ ਵਿਸ਼ਵ ਕੱਪ ਸੀਰੀਜ਼ ਮੁਕਾਬਲੇ ਵਿੱਚ 16 ਦੇਸ਼ ਭਾਗ ਲੈ ਰਹੇ ਹਨ।

 

 

fbbg-image

Latest News
Magazine Archive