ਮਹਿਲਾ ਟੀ-20: ਤੀਜੇ ਮੈਚ ਵਿੱਚ ਭਾਰਤ ਦੀ ਹਾਰ


ਜੋਹਾਨੈੱਸਬਰਗ - ਚੰਗੀ ਸ਼ੁਰੂਆਤ ਤੋਂ ਬਾਅਦ ਮੱਧ ਅਤੇ ਹੇਠਲੇ ਕ੍ਰਮ ਦੇ ਡਿਗਣ ਕਾਰਨ ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਅੱਜ ਇੱਥੇ ਦੱਖਣੀ ਅਫਰੀਕਾ ਖ਼ਿਲਾਫ਼ ਤੀਜੇ ਟੀ-20 ਕੌਮਾਂਤਰੀ ਕ੍ਰਿਕਟ ਮੈਚ ਵਿੱਚ ਪੰਜ ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਜਿੱਤ ਨਾਲ ਪੰਜ ਮੈਚਾਂ ਦੀ ਲੜੀ ਵਿੱਚ ਬਣੇ ਰਹਿਣ ਦੀਆਂ ਦੱਖਣੀ ਅਫਰੀਕਾ ਦੀਆਂ ਉਮੀਦਾਂ ਕਾਇਮ ਹਨ, ਜਿਸ ਵਿੱਚ ਮੇਜ਼ਬਾਨ ਟੀਮ 1-2 ਨਾਲ ਪਿੱਛੇ ਹੈ। ਵਿਦੇਸ਼ੀ ਧਰਤੀ ’ਤੇ ਪਹਿਲੀ ਟੀ-20 ਲੜੀ ਜਿੱਤਣ ’ਤੇ ਨਜ਼ਰਾਂ ਗੱਡੀ ਭਾਰਤੀ ਟੀਮ 12ਵੇਂ ਓਵਰ ਵਿੱਚ ਦੋ ਵਿਕਟਾਂ ’ਤੇ 93 ਦੌੜਾਂ ਬਣਾ ਕੇ ਚੰਗੀ ਹਾਲਤ ਵਿੱਚ ਹੋਣ ਦੇ ਬਾਵਜੂਦ 17.5 ਓਵਰਾਂ ਵਿੱਚ 133 ਦੌੜਾਂ ’ਤੇ ਢੇਰ ਹੋ ਗਈ।  ਦੱਖਣੀ ਅਫਰੀਕਾ ਨੇ ਜਵਾਬ ਵਿੱਚ ਚੋਟੀ ਦੇ ਕ੍ਰਮ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ ’ਤੇ ਇੱਕ ਓਵਰ ਬਾਕੀ ਰਹਿੰਦਿਆਂ ਪੰਜ ਵਿਕਟਾਂ ’ਤੇ 134 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ। ਦੱਖਣੀ ਅਫਰੀਕਾ ਨੇ ਲਿਜੇਲ ਲੀ (ਪੰਜ) ਦਾ ਵਿਕਟ ਛੇਤੀ ਗੁਆ ਦਿੱਤਾ ਪਰ ਇਸ ਤੋਂ ਬਾਅਦ ਕਪਤਾਨ ਡੈਨ ਵਾਨ ਨੀਕਰਕ (26) ਅਤੇ ਸਿਊਨ ਲੁਸ (41) ਨੇ ਸ਼ਾਨਦਾਰ ਸਾਂਝੀਦਾਰੀ ਨਿਭਾਈ। ਨੀਕਰਕ ਦੇ ਆਊਟ ਹੋਣ ’ਤੇ ਲੁਸ ਨੇ ਮਿਗਨੋਨ ਡੂ ਪ੍ਰੀਜ਼ (20) ਨਾਲ ਤੀਜੇ ਵਿਕਟ ਲਈ 50 ਦੌੜਾਂ ਬਣਾ ਕੇ ਟੀਮ ਨੂੰ ਟੀਚੇ ਦੇ ਨੇੜੇ ਲਿਆਂਦਾ। ਕਲੋ ਟਾਇਰਨ ਨੇ ਵੀ 15 ਗੇਂਦਾਂ ਵਿੱਚ 34 ਦੌੜਾਂ ਦੀ ਪਾਰੀ ਖੇਡੀ। ਭਾਰਤ ਵੱਲੋਂ ਤੇਜ਼ ਗੇਂਦਬਾਜ਼ ਪੂਜਾ ਵਸਤਰਕਾਰ ਨੇ 21 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ। ਅਨੁਜਾ ਪਾਟਿਲ ਨੇ ਚਾਰ ਓਵਰਾਂ ਵਿੱਚ 44 ਦੌੜਾਂ ਦੇ ਕੇ ਸਿਰਫ਼ ਇੱਕ ਵਿਕਟ ਲਈ।  ਇਸ ਤੋਂ ਪਹਿਲਾਂ ਭਾਰਤੀ ਟੀਮ ਨੇ ਆਖ਼ਰੀ ਪੰਜ ਵਿਕਟਾਂ ਸਿਰਫ਼ ਨੌਂ ਦੌੜਾਂ ਲੈਣ ਦੇ ਚੱਕਰ ਵਿੱਚ ਗੁਆ ਲਈਆਂ। ਟਾਸ ਹਾਰ ਕੇ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ,  ਕਪਤਾਨ ਹਰਮਨਪ੍ਰੀਤ ਕੌਰ (48) ਅਤੇ ਸਮ੍ਰਿਤੀ ਮੰਧਾਨਾ (37) ਦੀਆਂ ਪਾਰੀਆਂ ਦੀ ਬਦੌਲਤ 12ਵੇਂ ਓਵਰ ਵਿੱਚ ਦੋ ਵਿਕਟਾਂ ’ਤੇ 93 ਦੌੜਾਂ ਬਣਾ ਕੇ ਕਾਫ਼ੀ ਚੰਗੀ ਹਾਲਤ ਵਿੱਚ ਸੀ। ਪਹਿਲੇ ਹੀ ਓਵਰ ਵਿੱਚ ਅਨੁਭਵੀ ਮਿਤਾਲੀ ਰਾਜ ਬਿਨਾ ਖਾਤੇ ਖੋਲ੍ਹੇ ਆਊਟ ਹੋ ਗਈ।

 

 

fbbg-image

Latest News
Magazine Archive