ਤਲਵਾੜਾ ’ਚ ਮਿਨੀ ਬੱਸ ਪਲਟੀ, ਦੋ ਆਈਟੀਆਈ ਵਿਦਿਆਰਥੀ ਹਲਾਕ


ਤਲਵਾੜਾ - ਇੱਥੋਂ ਦੇ ਨੀਮ ਪਹਾੜੀ ਪਿੰਡ ਰਜਵਾਲ ਵਿੱਚ ਅੱਜ ਸਵੇਰੇ ਤੜਕਸਾਰ ਸਵਾਰੀਆਂ ਨਾਲ ਖਚਾ-ਖੱਚ ਭਰੀ ਮਿੰਨੀ ਬੱਸ ਬੇਕਾਬੂ ਹੋ ਕੇ ਪਲਟ ਗਈ। ਹਾਦਸੇ ਵਿੱਚ ਹਾਜੀਪੁਰ ਸਥਿਤ ਨਿੱਜੀ ਆਈਟੀਆਈ ਵਿੱਚ ਪੜ੍ਹਦੇ ਦੋ ਨੌਜਵਾਨਾਂ ਦੀ ਮੌਤ ਹੋ ਗਈ ਜਦਕਿ 15 ਦੇ ਕਰੀਬ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਸਥਾਨਕ ਬੀਬੀਐਮਬੀ ਹਸਪਤਾਲ ’ਚ ਮੁੱਢਲੀ ਸਹਾਇਤਾ ਦੇਣ ਉਪਰੰਤ ਹਾਜੀਪੁਰ, ਮੁਕੇਰੀਆਂ, ਦਸੂਹਾ ਅਤੇ ਜਲੰਧਰ ਰੈਫ਼ਰ ਕਰ ਦਿੱਤਾ ਗਿਆ ਹੈ। ਹਾਦਸੇ ਮਗਰੋਂ ਬੱਸ ਚਾਲਕ ਫਰਾਰ ਹੋ ਗਿਆ। ਪੁਲੀਸ ਨੇ ਕੇਸ ਦਰਜ ਕਰ ਲਿਆ ਹੈ।  ਜਾਣਕਾਰੀ ਅਨੁਸਾਰ ਦਸੂਹਾ ਤੋਂ ਖਾਲਸਾ ਮਿੰਨੀ ਬੱਸ ਸਰਵਿਸ ਦੀ ਬੱਸ (ਨੰਬਰ ਪੀ.ਬੀ.07-ਜ਼ੈੱਡ-6097) ਰੋਜ਼ਾਨਾ ਦੀ ਤਰ੍ਹਾਂ ਪਿੰਡ ਬੇੜਿੰਗ ਦੇ ਮੁਹੱਲਾ ਪਲੀਹਰ ਤੋਂ ਕਰੀਬ ਪੌਣੇ ਅੱਠ ਕੁ ਵਜੇ ਰਵਾਨਾ ਹੋਈ। ਦਫ਼ਤਰੀ ਸਮਾਂ ਹੋਣ ਕਾਰਨ ਬੱਸ ’ਚ ਵਿਦਿਆਰਥੀਆਂ ਸਮੇਤ ਵੱਡੀ ਗਿਣਤੀ ਸਥਾਨਕ ਲੋਕ ਸਵਾਰ ਸਨ। ਕਰੀਬ ਸਾਢੇ ਅੱਠ ਵਜੇ ਬੱਸ ਪਿੰਡ ਰਜਵਾਲ ਦੀ ਉਤਰਾਈ ’ਤੇ ਪੈਂਦੇ ਮੋੜ ਕੋਲ ਤਕਨੀਕੀ ਖਰਾਬੀ ਕਰਕੇ ਬੇਕਾਬੂ ਹੋ ਗਈ ਤੇ ਸੜਕ ਕੰਢੇ ਖੜ੍ਹੇ ਦਰੱਖ਼ਤ ਨਾਲ ਟਕਰਾਉਣ ਉਪਰੰਤ ਪਲਟ ਗਈ। ਹਾਦਸੇ ਵਿੱਚ ਹਾਜੀਪੁਰ ਦੇ ਪਿੰਡ ਸੰਧਵਾਲ ਦੀ ਨਿੱਜੀ ਆਈਟੀਆਈ ’ਚ ਪੜ੍ਹਦੇ ਦੋ ਨੌਜਵਾਨਾਂ ਮੁਨੀਸ਼ ਕੁਮਾਰ ਪੁੱਤਰ ਕੁਲਦੀਪ ਅਤੇ ਸੌਰਵ ਕੁਮਾਰ ਪੁੱਤਰ ਰਾਮ ਲਾਲ ਵਾਸੀਆਨ ਰਜਵਾਲ ਦੀ ਮੌਤ ਹੋ ਗਈ। ਬੱਸ ‘ਚ ਸਵਾਰ 15 ਦੇ ਕਰੀਬ ਵਿਅਕਤੀ, ਜਿਨ੍ਹਾਂ ਵਿੱਚੋਂ ਵੱਡੀ ਗਿਣਤੀ ਸਕੂਲ-ਕਾਲਜ ਦੇ ਵਿਦਿਆਰਥੀ ਸਨ, ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਦੀ ਪਛਾਣ ਹਰਮੇਸ਼ ਕੁਮਾਰ, ਉਰਮਿਲਾ ਦੇਵੀ ਵਾਸੀਆਨ ਬਾੜੀ ਬਲਾਂਬ, ਸ਼ਵੇਤਾ, ਜੋਤੀ ਬਡਿਆਲ ਵਾਸੀ ਬਾੜੀ ਬਲਾਂਬ, ਸੁਨੀਲ ਕੁਮਾਰ, ਸ਼ਿਵਾਨੀ, ਮਧੂ ਬਾਲਾ, ਸੁਰਜੀਤ, ਵਿਸ਼ਾਲ, ਪ੍ਰਿਆ ਵਾਸੀ ਭੰਬੋਤਾੜ, ਪ੍ਰਿਅੰਕਾ ਦੇਵੀ, ਰਮਨ ਕੁਮਾਰ ਵਾਸੀ ਰਜਵਾਲ, ਸਵਿਤਾ, ਸੱਤਿਆ ਦੇਵੀ ਆਦਿ ਵਜੋਂ ਹੋਈ ਹੈ। ਹਾਦਸੇ ਉਪਰੰਤ ਖ਼ੇਤਰ ’ਚ ਹਫ਼ੜਾ-ਥਫੜੀ ਮਚ ਗਈ। ਪਿੰਡ ਵਾਸੀਆਂ ਨੇ ਆਪਣੇ ਸਾਧਨਾਂ ਰਾਹੀਂ ਜ਼ਖਮੀਆਂ ਨੂੰ ਸਥਾਨਕ ਬੀਬੀਐਮਬੀ ਹਸਪਤਾਲ ਪਹੁੰਚਾਇਆ। ਹਸਪਤਾਲ ਦੇ ਅਮਲੇ ਨੇ ਜ਼ਖ਼ਮੀਆਂ ਨੂੰ ਮੁੱਢਲੀ ਸਹਾਇਤਾ ਦੇਣ ਉਪਰੰਤ ਅੱਗੇ ਵੱਖੋ ਵੱਖਰੇ ਹਸਪਤਾਲਾਂ ਲਈ ਰੈਫ਼ਰ ਕਰ ਦਿੱਤਾ। ਹਾਦਸੇ ’ਚ ਗੰਭੀਰ ਜ਼ਖ਼ਮੀ ਵਿਸ਼ਾਲ ਕੁਮਾਰ ਨੂੰ ਜਲੰਧਰ ਅਤੇ ਸੁਨੀਲ ਕੁਮਾਰ ਨੂੰ ਪੀ.ਜੀ.ਆਈ.ਚੰਡੀਗੜ੍ਹ ਰੈਫ਼ਰ ਕੀਤਾ ਗਿਆ ਹੈ। ਹਾਦਸੇ ਉਪਰੰਤ ਏਐਸਆਈ ਹਰਮਿੰਦਰ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਮੌਕੇ ਦਾ ਜਾਇਜ਼ਾ ਲਿਆ। ਪੁਲੀਸ ਨੇ ਫ਼ਰਾਰ ਬੱਸ ਚਾਲਕ ਦੀ ਪਛਾਣ ਸ਼ਮਿੰਦਰ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਨੰਗਲ ਦਾਤਾ ਥਾਣਾ ਗੜ੍ਹਦੀਵਾਲ ਵਜੋਂ ਦੱਸੀ ਹੈ। ਪੁਲੀਸ ਨੇ ਮ੍ਰਿਤਕ ਨੌਜਵਾਨਾਂ ਦੀਆਂ ਲਾਸ਼ਾਂ ਪੋਸਟ ਮਾਰਟਮ ਉਪਰੰਤ ਵਾਰਸਾਂ ਨੂੰ ਸੌਂਪ ਦਿੱਤੀਆਂ ਹਨ।
ਅੰਬਾਲਾ ’ਚ ਸਕੂਲ ਬੱਸ ਪਲਟੀ, ਅੱਠਵੀਂ ਜਮਾਤ ਦੀ ਬੱਚੀ ਤੇ ਕੰਡਕਟਰ ਦੀ ਮੌਤ
ਅੰਬਾਲਾ - ਇਥੇ ਅੰਬਾਲਾ-ਨਰਾਇਣਗੜ੍ਹ ਸੜਕ ’ਤੇ ਅੱਜ ਸਵੇਰੇ ਐਨਸੀਸੀ ਪਬਲਿਕ ਸਕੂਲ ਦੀ ਬੱਸ ਪੰਜੋਖਰਾ ਸਾਹਿਬ ਨੇੜੇ ਸਕੂਲ ਤੋਂ ਕੁਝ ਦੂਰੀ ’ਤੇ ਪਲਟ ਗਈ। ਹਾਦਸੇ ਵਿੱਚ ਕੱਲਰਹੇੜੀ ਪਿੰਡ ਦੀ 8ਵੀਂ ਜਮਾਤ ਦੀ ਬੱਚੀ ਕਨਿਕਾ ਅਤੇ ਹਾਊਸਿੰਗ ਬੋਰਡ ਬਲਦੇਵ ਨਗਰ ਵਾਸੀ ਕੰਡਕਟਰ ਰਵਿੰਦਰ ਦੀ ਮੌਤ ਹੋ ਗਈ। ਹੰਡੇਸਰਾ ਵਾਸੀ ਡਰਾਈਵਰ ਦਵਿੰਦਰ ਨੂੰ ਗੰਭੀਰ ਹਾਲਤ ਵਿੱਚ ਪੀਜੀਆਈ ਚੰਡੀਗੜ੍ਹ ਰੈਫਰ ਕੀਤਾ ਗਿਆ ਹੈ। ਹਾਦਸੇ ਵਿੱਚ 25 ਦੇ ਕਰੀਬ ਬੱਚੇ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਸ਼ਹਿਰ ਦੇ ਸਿਵਲ ਹਸਪਤਾਲ ਪਹੁੰਚਾਇਆ ਗਿਆ। ਹਾਦਸੇ ਦੀ ਖ਼ਬਰ ਮਿਲਦਿਆਂ ਹੀ ਬੱਚਿਆਂ ਦੇ ਮਾਪੇ ਵੱਡੀ ਗਿਣਤੀ ਵਿੱਚ ਸਿਵਲ ਹਸਪਤਾਲ ਪਹੁੰਚ ਗਏ। ਡਾਕਟਰਾਂ ਮੁਤਾਬਕ ਜ਼ਖ਼ਮੀਆਂ ਬੱਚਿਆਂ ’ਚੋਂ ਜ਼ਿਆਦਾਤਰ ਦੇ ਫਰੈਕਚਰ ਆਏ ਹਨ। ਪੰਜੋਖਰਾ ਪੁਲੀਸ ਨੇ ਬੱਸ ਕਬਜ਼ੇ ਵਿੱਚ ਲੈ ਕੇ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਸ ਦੌਰਾਨ ਸਿਹਤ ਮੰਤਰੀ ਅਨਿਲ ਵਿੱਜ ਨੇ ਹਾਦਸੇ ਦੀ ਜਾਂਚ ਲਈ ਏਡੀਸੀ ਅੰਬਾਲਾ ਦੀ ਅਗਵਾਈ ਹੇਠ ਕਮੇਟੀ ਦਾ ਐਲਾਨ ਕੀਤਾ ਹੈ। ਸਿਹਤ ਮੰਤਰੀ ਨੇ ਪੀੜਤਾਂ ਘਰ ਜਾ ਕੇ ਪਰਿਵਾਰ ਨਾਲ ਦੁਖ ਵੀ ਵੰਡਾਇਆ। ਜਾਣਕਾਰੀ ਅਨੁਸਾਰ ਅੱਜ ਸਵੇਰੇ ਐਨਸੀਸੀ ਸਕੂਲ ਦੀ ਬੱਸ ਬੱਚਿਆਂ ਨੂੰ ਪਿੰਡਾਂ ਵਿੱਚੋਂ ਲੈ ਕੇ ਸਕੂਲ ਆ ਰਹੀ ਸੀ। ਇਸ ਮਿੰਨੀ ਬੱਸ ਵਿੱਚ ਸਮਰੱਥਾ ਤੋਂ ਕਿਤੇ ਵੱਧ ਬੱਚੇ ਮੌਜੂਦ ਸਨ। ਸਕੂਲ ਤੋਂ ਥੋੜ੍ਹੀ ਦੂਰ ਜਦੋਂ ਡਰਾਈਵਰ ਸਟੀਰੀਓ ਦੀ ਆਵਾਜ਼ ਵਧਾਉਣ ਲੱਗਾ ਤਾਂ ਅਚਾਨਕ ਇਕ ਸਾਈਕਲ ਸਵਾਰ ਮੋਹਰੇ ਆ ਗਿਆ। ਉਸ ਨੂੰ ਬਚਾਉਣ ਲਈ ਜਦੋਂ ਡਰਾਈਵਰ ਨੇ ਐਮਰਜੰਸੀ ਬਰੇਕਾਂ ਲਾਈਆਂ ਤਾਂ ਬੱਸ ਯੂ-ਟਰਨ ਲੈ ਕੇ ਪਲਟ ਗਈ। ਉਧਰ ਮਾਪਿਆਂ ਨੇ ਸਕੂਲ ਪ੍ਰਬੰਧਨ ’ਤੇ ਦੋਸ਼ ਲਾਏ ਕਿ ਸਕੂਲ ਵੱਲੋਂ ਨਿੱਤ ਬੱਸ ਦਾ ਡਰਾਈਵਰ ਬਦਲ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਬੱਸ ਨਵਾਂ ਡਰਾਈਵਰ ਚਲਾ ਰਿਹਾ ਸੀ ਜਦੋਂ ਕਿ ਪੁਰਾਣਾ ਵੀ ਵਿੱਚੇ ਬੈਠਾ ਸੀ। ਮਾਪਿਆਂ ਨੇ ਸਕੂਲ ਬੱਸ ਵਿੱਚ ਸਮਰੱਥਾ ਤੋਂ ਵੱਧ ਬੱਚੇ ਢੋਣ ਦਾ ਵੀ ਦੋਸ਼ ਲਾਇਆ। ਇਸ ਦੌਰਾਨ ਸਕੂਲ ਪ੍ਰਬੰਧਕ ਵਰਿੰਦਰ ਸਿੰਘ ਨੇ ਅਣਗਹਿਲੀ ਦੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਬੱਸ ਵਿੱਚ ਇਕੋ ਡਰਾਈਵਰ ਸੀ ਅਤੇ ਹਾਦਸੇ ਮੌਕੇ ਇਸ ਵਿੱਚ 32-33 ਬੱਚੇ ਸਵਾਰ ਸਨ।
ਸਿਵਲ ਸਰਜਨ ਨੇ ਦੱਸਿਆ ਕਿ ਕਨਿਕਾ ਅਤੇ ਰਵਿੰਦਰ ਦੀਆਂ ਲਾਸ਼ਾਂ ਪੋਸਟ ਮਾਰਟਮ ਤੋਂ ਬਾਅਦ ਪਰਿਵਾਰਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ। ਕੁਲ 34 ਵਿਦਿਆਰਥੀ ਹਸਪਤਾਲ ਲਿਆਂਦੇ ਗਏ ਸਨ ਜਿਨ੍ਹਾਂ ਵਿਚੋਂ 16 ਨੂੰ ਪਹਿਲਾਂ ਘਰ ਭੇਜ ਦਿੱਤਾ ਗਿਆ ਸੀ ਅਤੇ ਹੁਣ ਬਾਕੀ 17 ਵਿਚੋਂ ਕੇਵਲ 4 ਵਿਦਿਆਰਥੀ ਹਸਪਤਾਲ ਵਿਚ ਜ਼ੇਰੇ ਇਲਾਜ ਹਨ।

 

 

fbbg-image

Latest News
Magazine Archive