ਪੰਜਾਬ ਨੈਸ਼ਨਲ ਬੈਂਕ ’ਚ 11334 ਕਰੋੜ ਦਾ ਘਪਲਾ


ਨਵੀਂ ਦਿੱਲੀ - ਪੰਜਾਬ ਨੈਸ਼ਨਲ ਬੈਂਕ ਨੇ ਅੱਜ ਖੁਲਾਸਾ ਕੀਤਾ ਹੈ ਕਿ ਉਸ ਨੇ ਕੁਝ ਧੋਖਾਧੜੀ ਵਾਲੇ ਲੈਣ-ਦੇਣ ਦਾ ਪਤਾ ਲਗਾਇਆ ਹੈ। ਇਹ ਲੈਣ-ਦੇਣ ਕਰੀਬ 11334 ਕਰੋੜ ਰੁਪਏ ਦਾ ਹੈ। ਵਸੂਲੀ ਲਈ ਇਹ ਮਾਮਲਾ ਵੱਖ ਵੱਖ ਕਾਨੂੰਨੀ ਏਜੰਸੀਆਂ ਨੂੰ ਭੇਜ ਦਿੱਤਾ ਗਿਆ ਹੈ। ਇਸ ਸਬੰਧ ਵਿੱਚ ਪੀਐਨਬੀ ਨੇ ਸੀਬੀਆਈ ਕੋਲ ਹੀਰਾ ਕਾਰੋਬਾਰੀ ਨੀਰਵ ਮੋਦੀ ਅਤੇ ਗਹਿਣੇ ਬਣਾਉਣ ਵਾਲੀ ਇਕ ਕੰਪਨੀ ਖ਼ਿਲਾਫ਼ ਦੋ ਸ਼ਿਕਾਇਤਾਂ ਦਰਜ ਕਰਵਾਈਆਂ ਹਨ।
ਪੀਐਨਬੀ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਹੈ ਕਿ ਉਸ ਦੀ ਮੁੰਬਈ ਸਥਿਤ ਇਕ ਬਰਾਂਚ ਵਿੱਚ ਕੁਝ ਧੋਖਾਧੜੀ ਵਾਲੇ ਅਣਅਧਿਕਾਰਤ ਲੈਣ-ਦੇਣ ਦਾ ਪਤਾ ਲੱਗਾ ਹੈ। ਇਹ ਲੈਣ-ਦੇਣ ਕੁਝ ਚੋਣਵੇਂ ਖਾਤਾਧਾਰਕਾਂ ਨੂੰ ਲਾਭ ਪਹੁੰਚਾਉਣ ਵਾਲੇ ਹਨ ਅਤੇ ਇਨ੍ਹਾਂ ਵਿੱਚ ਉਨ੍ਹਾਂ ਦੀ ਵੀ ਗੰਢ-ਤੁੱਪ ਹੈ। ਬੈਂਕ ਨੇ ਕਿਹਾ ਕਿ ਇਨ੍ਹਾਂ ਲੈਣ-ਦੇਣ ਦੇ ਅਧਾਰ ’ਤੇ ਹੋਰ ਬੈਂਕਾਂ ਨੇ ਸੰਭਵ ਤੌਰ ’ਤੇ ਕੁਝ ਗਾਹਕਾਂ ਨੂੰ ਵਿਦੇਸ਼ਾਂ ਵਿੱਚ ਕਰਜ਼ਾ ਦਿੱਤਾ ਹੈ। ਇਸ ਮਾਮਲੇ ਨੂੰ ਪਹਿਲਾਂ ਹੀ ਕਾਨੂੰਨੀ ਏਜੰਸੀਆਂ ਨੂੰ ਭੇਜ ਦਿੱਤਾ ਗਿਆ ਹੈ, ਤਾਂ ਜੋ ਮੁਲਜ਼ਮਾਂ ਖ਼ਿਲਾਫ਼ ਕਾਨੂੰਨ ਮੁਤਾਬਕ ਕਾਰਵਾਈ ਹੋ ਸਕੇ।
ਪੀਐਨਬੀ ਨੇ ਸੀਬੀਆਈ ਕੋਲ ਇਸ ਸਬੰਧ ਵਿੱਚ ਦੋ ਸ਼ਿਕਾਇਤਾਂ ਦਿੱਤੀਆਂ ਹਨ। ਇਹ ਸ਼ਿਕਾਇਤਾਂ ਅਰਬਪਤੀ ਹੀਰਾ ਕਾਰੋਬਾਰੀ ਨੀਰਵ ਮੋਦੀ ਅਤੇ ਗਹਿਣੇ ਬਣਾਉਣ ਵਾਲੀ ਇਕ ਕੰਪਨੀ ਖ਼ਿਲਾਫ਼ ਕੀਤੀਆਂ ਗਈਆਂ ਹਨ। ਅਧਿਕਾਰੀਆਂ ਨੇ ਦੱਸਿਆ ਕਿ ਪੀਐਨਬੀ ਤੋਂ ਉਨ੍ਹਾਂ ਨੂੰ ਦੋ ਸ਼ਿਕਾਇਤਾਂ ਮਿਲੀਆਂ ਹਨ ਜਿਨ੍ਹਾਂ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਬੈਂਕ ਨੂੰ ਤਕਰੀਬਨ 11400 ਕਰੋੜ ਰੁਪਏ ਦੇ ਫਰਜ਼ੀ ਲੈਣ-ਦੇਣ ਦਾ ਪਤਾ ਲੱਗਾ ਹੈ ਜਿਸ ਵਿੱਚ ਮੋਦੀ ਤੇ ਗਹਿਣੇ ਬਣਾਉਣ ਵਾਲੀ ਕੰਪਨੀ ਸ਼ਾਮਲ ਹੈ। ਉਨ੍ਹਾਂ ਕੌਮੀ ਬੈਂਕ ਤੋਂ ਮਿਲੀ ਸ਼ਿਕਾਇਤ ਵਿੱਚ ਅੱਗੇ ਦੀ ਕਾਰਵਾਈ ਬਾਰੇ ਵਿਸਤਾਰ ਵਿੱਚ ਨਹੀਂ ਦੱਸਿਆ। ਉਨ੍ਹਾਂ ਕਿਹਾ ਕਿ ਡਿਜ਼ਾਈਨਰ ਤੇ ਕੰਪਨੀ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ। ਇਹ ਵੀ ਸਪੱਸ਼ਟ ਨਹੀਂ ਹੋਇਆ ਹੈ ਕਿ ਸ਼ਿਕਾਇਤ ਵਿੱਚ ਜਿਸ ਗਹਿਣਿਆਂ ਦੀ ਕੰਪਨੀ ਦਾ ਜ਼ਿਕਰ ਕੀਤਾ ਗਿਆ ਹੈ ਉਹ ਮੋਦੀ ਨਾਲ    ਸਬੰਧਤ ਹੈ ਜਾਂ ਨਹੀਂ। ਇਸ ਤੋਂ ਪਹਿਲਾਂ 5 ਫਰਵਰੀ  ਨੂੰ ਸੀਬੀਆਈ ਨੇ ਅਰਬਪਤੀ ਹੀਰਾ ਕਾਰੋਬਾਰੀ ਨੀਰਵ ਮੋਦੀ, ਉਸ ਦੀ ਪਤਨੀ, ਭਰਾ ਤੇ ਇਕ ਵਪਾਰਕ ਹਿੱਸੇਦਾਰ ਖ਼ਿਲਾਫ਼ ਸਾਲ 2017 ਵਿੱਚ ਪੀਐਨਬੀ ਨਾਲ 280.70 ਕਰੋੜ ਰੁਪਏ ਦੀ ਧੋਖਾਧੜੀ ਦਾ ਕੇਸ ਦਰਜ ਕੀਤਾ ਸੀ। ਸ਼ਿਕਾਇਤ ਵਿੱਚ ਕਿਹਾ ਗਿਆ ਸੀ ਕਿ ਮੋਦੀ, ਉਸ ਦੇ ਭਰਾ ਨਿਸ਼ਾਲ, ਪਤਨੀ ਐਮੀ ਤੇ ਮੇਹੁਲ ਚੀਨੂਭਾਈ ਚੌਕਸੀ ਨੇ ਬੈਂਕ ਅਧਿਕਾਰੀਆਂ ਦੇ ਨਾਲ ਮਿਲ ਕੇ ਸਾਜਿਸ਼ ਤਹਿਤ ਬੈਂਕ ਨਾਲ ਧੋਖਾਧੜੀ ਕੀਤੀ।
ਸੂਤਰਾਂ ਮੁਤਾਬਕ ਪੀਐਨਬੀ ਨੇ ਨੀਰਵ ਮੋਦੀ ਐਂਡ ਐਸੋਸੀਏਟਸ ਨੂੰ ਗਾਰੰਟੀ ਪੱਤਰ (ਲੈਟਰ ਆਫ਼ ਅੰਡਰਟੇਕਿੰਗ) ਦਿੱਤਾ ਅਤੇ ਉਸ ਨੇ ਵਿਦੇਸ਼ਾਂ ਵਿੱਚ ਨਿੱਜੀ ਤੇ ਸਰਕਾਰੀ ਖੇਤਰ ਦੇ ਵੱਖ ਵੱਖ ਬੈਂਕਾਂ ਤੋਂ ਇਸ ਦਾ ਲਾਭ ਉਠਾਇਆ। ਉਸ ਨੇ ਕਿਹਾ ਕਿ ਇਹ ਸਭ 2011 ਤੋਂ ਕੰਮ ਕਰ ਰਹੇ ਡਿਪਟੀ ਜਨਰਲ ਮੈਨੇਜਰ ਪੱਧਰ ਦੇ ਅਧਿਕਾਰੀਆਂ ਨਾਲ ਗੰਢ-ਤੁੱਪ ਕਰ ਕੇ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਬੈਂਕ ਨੇ ਆਪਣੇ 10 ਮੁਲਾਜ਼ਮਾਂ ਨੂੰ ਮੁਅੱਤਲ ਵੀ ਕਰ ਦਿੱਤਾ ਹੈ।
ਸੇਬੀ ਕਰੇਗੀ ਜਾਂਚ
ਨਵੀਂ ਦਿੱਲੀ - ਮਾਰਕੀਟ ਨਿਗਰਾਨ ਏਜੰਸੀ ਸੇਬੀ, ਪੰਜਾਬ ਨੈਸ਼ਨਲ ਬੈਂਕ ਵਿੱਚ ਹੋਈ 11 ਹਜ਼ਾਰ ਕਰੋੜ ਰੁਪਏ ਦੀ ਧੋਖਾਧੜੀ ਦੇ ਮਾਮਲੇ ਵਿੱਚ ਗਹਿਣਿਆਂ ਦੀਆਂ ਕਈ ਕੰਪਨੀਆਂ ਸਣੇ ਬੈਂਕਾਂ ਵੱਲੋਂ ਖੁਲਾਸਾ ਕਰਨ ਵਿੱਚ ਹੋਈਆਂ ਖ਼ਾਮੀਆਂ ਦੀ ਜਾਂਚ ਕਰੇਗਾ। ਅਧਿਕਾਰੀਆਂ ਅਨੁਸਾਰ ਸੇਬੀ ਅਤੇ ਸ਼ੇਅਰ ਬਾਜ਼ਾਰ ਇਨ੍ਹਾਂ ਕੰਪਨੀਆਂ ਤੇ ਉਨ੍ਹਾਂ ਦੇ ਉੱਚ ਅਧਿਕਾਰੀਆਂ ਦੇ ਕਾਰੋਬਾਰੀ ਅੰਕੜਿਆਂ ਦਾ ਵਿਸ਼ਲੇਸ਼ਣ ਕਰਨਗੇ।
ਈਡੀ ਵੱਲੋਂ ਕੇਸ ਦਰਜ
ਨਵੀਂ ਦਿੱਲੀ - ਹੀਰਾ ਕਾਰੋਬਾਰੀ ਨੀਰਵ ਮੋਦੀ ਤੇ ਹੋਰਾਂ ਵੱਲੋਂ ਪੰਜਾਬ ਨੈਸ਼ਨਲ ਬੈਂਕ ਨਾਲ 280 ਕਰੋੜ ਰੁਪਏ ਦੀ ਧੋਖਾਧੜੀ ਦੇ ਮਾਮਲੇ ਵਿੱਚ ਸੀਬੀਆਈ ਦੀ ਐਫਆਈਆਰ ਦੇ ਅਧਾਰ ’ਤੇ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਇਸ ਸਬੰਧ ਵਿੱਚ ਕਾਲੇ ਧਨ ਨੂੰ ਸਫੈਦ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ।
9.81 ਫੀਸਦ ਟੁੱਟਿਆ ਪੀਐਨਬੀ ਦਾ ਸ਼ੇਅਰ
ਮੁੰਬਈ: ਪੰਜਾਬ ਨੈਸ਼ਨਲ ਬੈਂਕ ਵੱਲੋਂ ਅੱਜ ਕਰੀਬ 11334 ਕਰੋੜ ਰੁਪਏ ਦੇ ਫ਼ਰਜ਼ੀ ਲੈਣ-ਦੇਣ ਸਬੰਧੀ ਪਤਾ ਲਗਾਏ ਜਾਣ ਅਤੇ ਇਹ ਮਾਮਲਾ ਵੱਖ ਵੱਖ ਕਾਨੂੰਨੀ ਏਜੰਸੀਆਂ ਨੂੰ ਭੇਜੇ ਜਾਣ ਦਾ ਖ਼ੁਲਾਸਾ ਕੀਤੇ ਜਾਣ ਤੋਂ ਬਾਅਦ ਪੀਐਨਬੀ ਦਾ ਸ਼ੇਅਰ 9.81 ਫੀਸਦ ਟੁੱਟ ਗਿਆ।    
ਵਿੱਤ ਮੰਤਰਾਲੇ ਵੱਲੋਂ ਸਾਰੇ ਬੈਂਕਾਂ ਨੂੰ ਹਫ਼ਤੇ ਦੇ ਅੰਤ ਤੱਕ ਰਿਪੋਰਟ ਦੇਣ ਦੇ ਹੁਕਮ
ਨਵੀਂ ਦਿੱਲੀ - ਵਿੱਤ ਮੰਤਰਾਲੇ ਨੇ ਸਾਰੇ ਬੈਂਕਾਂ ਨੂੰ ਇਸ ਮਾਮਲੇ ਨਾਲ ਸਬੰਧਤ ਜਾਂ ਇਸ ਤਰ੍ਹਾਂ ਦੀਆਂ ਘਟਨਾਵਾਂ ਬਾਰੇ ਇਸ ਹਫ਼ਤੇ ਦੇ ਅੰਤ ਤੱਕ ਰਿਪੋਰਟ ਦੇਣ ਲਈ ਕਿਹਾ ਹੈ। ਅਧਿਕਾਰਤ ਸੂਤਰਾਂ ਅਨੁਸਾਰ ਕਿਉਂਕਿ ਮਾਮਲੇ ਵਿੱਚ ਇਕ ਤੋਂ ਵਧੇਰੇ ਬੈਂਕ ਸ਼ਾਮਲ ਹਨ, ਇਸ ਵਾਸਤੇ ਵਿੱਤੀ ਸੇਵਾ ਵਿਭਾਗ ਨੇ ਸਾਰੇ ਬੈਂਕਾਂ ਨੂੰ ਇਸ ਸਬੰਧੀ ਜਲਦੀ ਰਿਪੋਰਟ ਦੇਣ ਲਈ ਕਿਹਾ ਹੈ। ਇਸੇ ਦੌਰਾਨ ਇੱਥੇ ਇਕ ਪ੍ਰੋਗਰਾਮ ਵਿੱਚ ਵੱਖਰੇ ਤੌਰ ’ਤੇ ਗੱਲਬਾਤ ਦੌਰਾਨ ਵਿੱਤੀ ਸੇਵਾਵਾਂ ਵਿਭਾਗ ਦੇ ਜੁਆਇੰਟ ਸਕੱਤਰ ਲੋਕ ਰਾਜਨ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਇਸ ਵੇਲੇ ਇਹ ਮਾਮਲਾ ਵੱਸ ਤੋਂ ਬਾਹਰ ਹੈ ਜਾਂ ਬਹੁਤ ਵੱਡਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ।

 

 

fbbg-image

Latest News
Magazine Archive