ਮੋਦੀ ਵੱਲੋਂ ਫ਼ਲਸਤੀਨ ਦਾ ਇਤਿਹਾਸਕ ਦੌਰਾ


ਰਾਮੱਲ੍ਹਾ (ਪੱਛਮੀ ਕੰਢਾ) - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫਲਸਤੀਨ ਦੇ ਇਤਿਹਾਸਕ ਦੌਰੇ ਮੌਕੇ ਅੱਜ ਉਥੋਂ ਦੇ ਰਾਸ਼ਟਰਪਤੀ ਮਹਿਮੂਦ ਅੱਬਾਸ ਨਾਲ ਮੁਲਾਕਾਤ ਕੀਤੀ। ਸ੍ਰੀ ਮੋਦੀ ਨੇ ਇਜ਼ਰਾਈਲ ਨੂੰ ਸਪੱਸ਼ਟ ਸੁਨੇਹਾ ਦਿੱਤਾ ਹੈ ਕਿ ਭਾਰਤ ਦੇ ਇਜ਼ਰਾਈਲ ਅਤੇ ਫਲਸਤੀਨ ਨਾਲ ਸੁਤੰਤਰ ਰੂਪ ’ਚ ਸਬੰਧ ਹਨ ਅਤੇ ਉਹ ਕਿਸੇ ਇਕ ਨੂੰ ਨਿਰਲੇਪ ਕਰਕੇ ਨਹੀਂ ਚਲ ਸਕਦਾ। ਇਸ ਮੌਕੇ ਦੋਵੇਂ ਮੁਲਕਾਂ ਨੇ 3 ਕਰੋੜ ਡਾਲਰ ਦੇ ਸੁਪਰ ਸਪੈਸ਼ਲਿਟੀ ਹਸਪਤਾਲ ਦੀ ਸਥਾਪਨਾ ਸਮੇਤ ਕਰੀਬ 5 ਕਰੋੜ ਡਾਲਰ ਮੁੱਲ ਦੇ ਸਮਝੌਤਿਆਂ ’ਤੇ ਦਸਤਖ਼ਤ ਕੀਤੇ। ਇਸ ’ਚ 50 ਲੱਖ ਡਾਲਰ ਨਾਲ ਮਹਿਲਾ ਸ਼ਕਤੀਕਰਨ ਬਾਰੇ     ਕੇਂਦਰ ਦੀ ਉਸਾਰੀ ਵੀ ਸ਼ਾਮਲ ਹੈ। ਰਾਸ਼ਟਰਪਤੀ ਅੱਬਾਸ ਨੇ ਪ੍ਰਧਾਨ ਮੰਤਰੀ ਮੋਦੀ ਦਾ ਰਸਮੀ ਸਵਾਗਤ ਕੀਤਾ। ਸ੍ਰੀ ਮੋਦੀ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਹਨ ਜੋ ਫਲਸਤੀਨ ਦੇ ਸਰਕਾਰੀ ਦੌਰੇ ’ਤੇ ਗਏ ਹਨ। ਗੱਲਬਾਤ ਮਗਰੋਂ ਪ੍ਰਧਾਨ ਮੰਤਰੀ ਮੋਦੀ ਨੇ ਸ੍ਰੀ ਅੱਬਾਸ ਨੂੰ ਭਰੋਸਾ ਦਿੱਤਾ ਕਿ ਫਲਸਤੀਨੀ ਲੋਕਾਂ ਦੇ ਹਿੱਤਾਂ ਪ੍ਰਤੀ ਭਾਰਤ ਵਚਨਬੱਧ ਹੈ। ਉਨ੍ਹਾਂ ਮੁਤਾਬਕ ਭਾਰਤ ਨੂੰ ਉਮੀਦ ਹੈ ਕਿ ਖ਼ਿੱਤੇ ’ਚ ਸ਼ਾਂਤੀ ਪਰਤੇਗੀ। ਸਾਂਝੀ ਪ੍ਰੈੱਸ ਕਾਨਫਰੰਸ ਦੌਰਾਨ ਸ੍ਰੀ ਮੋਦੀ ਨੇ ਕਿਹਾ,‘‘ਅਸੀਂ ਜਾਣਦੇ ਹਾਂ ਕਿ ਸ਼ਾਂਤੀ ਆਉਣੀ ਸੁਖਾਲੀ ਨਹੀਂ ਹੈ ਪਰ ਸਾਨੂੰ ਇਸ ਲਈ ਯਤਨ ਜਾਰੀ ਰੱਖਣੇ ਚਾਹੀਦੇ ਹਨ ਕਿਉਂਕਿ ਬਹੁਤ ਕੁਝ ਦਾਅ ’ਤੇ ਲੱਗਾ ਹੋਇਆ ਹੈ।’’ ਉਧਰ ਰਾਸ਼ਟਰਪਤੀ ਅੱਬਾਸ ਨੇ ਕਬੂਲਿਆ ਕਿ ਭਾਰਤੀ ਆਗੂਆਂ ਨੇ ਫਲਸਤੀਨ ’ਚ ਹਮੇਸ਼ਾ ਸ਼ਾਂਤੀ ਦੇ ਪੱਖ ’ਚ ਸਾਥ ਦਿੱਤਾ ਹੈ। ਉਨ੍ਹਾਂ ਭਾਰਤ ਨੂੰ ਕਿਹਾ ਕਿ ਉਹ ਇਜ਼ਰਾਈਲ ਨਾਲ ਸ਼ਾਂਤੀ ਪ੍ਰਕਿਰਿਆ ਦੀ ਗੱਲਬਾਤ ਕਰੇ। ਸਿੱਖਿਆ ਖੇਤਰ ਅਤੇ ਕੌਮੀ ਪ੍ਰਿੰਟਿੰਗ ਪ੍ਰੈੱਸ ਦੀ ਮਸ਼ੀਨਰੀ ਦੀ ਖ਼ਰੀਦ ਲਈ 50 ਲੱਖ ਡਾਲਰ ਦੇ ਤਿੰਨ ਸਮਝੌਤੇ ਵੀ ਕੀਤੇ ਗਏ। ਇਥੇ ਪੁੱਜਣ ਮਗਰੋਂ ਪ੍ਰਧਾਨ ਮੰਤਰੀ ਨੇ ਯਾਸਰ ਅਰਾਫ਼ਾਤ ਦੀ ਸਮਾਧ ਦਾ ਦੌਰਾ ਕਰਕੇ ਉਥੇ ਸ਼ਰਧਾ ਦੇ ਫੁੱਲ ਚੜ੍ਹਾਏ। ਉਨ੍ਹਾਂ ਨਾਲ ਫਲਸਤੀਨੀ ਹਮਰੁਤਬਾ ਹਾਮਦੱਲ੍ਹਾ ਵੀ ਹਾਜ਼ਰ ਸਨ।
ਮੋਦੀ ਯੂਏਈ ਪੁੱਜੇ
 ਅਬੂ ਧਾਬੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨਾਂ ਦੇ ਦੌਰੇ ’ਤੇ ਅੱਜ ਯੂਏਈ ਪੁੱਜ ਗਏ ਹਨ ਜਿਥੇ ਉਹ ਖਾੜੀ ਮੁਲਕ ਦੀ ਸਿਖਰਲੇ ਹੁਕਮਰਾਨਾਂ ਨਾਲ ਆਪਸੀ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਲਈ ਗੱਲਬਾਤ ਕਰਨਗੇ। ਇਸ ਦੌਰਾਨ ਦਰਜਨ ਦੇ ਕਰੀਬ ਸਮਝੌਤਿਆਂ ’ਤੇ ਦਸਤਖ਼ਤ ਵੀ ਹੋ ਸਕਦੇ ਹਨ। ਸ੍ਰੀ ਮੋਦੀ ਜੌਰਡਨ ਤੋਂ ਬਾਅਦ ਇਥੇ ਪੁੱਜੇ ਹਨ ਜਿਥੇ ਯੁਵਰਾਜ ਮੁਹੰਮਦ ਬਿਨ ਜ਼ਾਯੇਦ ਅਲ ਨਾਹਯਾਨ ਅਤੇ ਸ਼ਾਹੀ ਪਰਿਵਾਰ ਦੇ ਹੋਰ ਮੈਂਬਰਾਂ ਨੇ ਹਵਾਈ ਅੱਡੇ ’ਤੇ ਉਨ੍ਹਾਂ ਦਾ ਸਵਾਗਤ ਕੀਤਾ। ਪ੍ਰਧਾਨ ਮੰਤਰੀ ਨੇ ਇਸ ਦੀ ਜਾਣਕਾਰੀ ਟਵੀਟ ਕਰਕੇ ਦਿੱਤੀ। ਮੁਹੰਮਦ ਬਿਨ ਜ਼ਾਯੇਦ ਨੇ ਵੱਖਰੇ ਟਵੀਟ ’ਚ ਕਿਹਾ ਕਿ ਉਹ ਆਪਣੇ ਮਹਿਮਾਨ ਅਤੇ ਗੂੜ੍ਹੇ ਦੋਸਤ ਦਾ ਨਿੱਘਾ ਸਵਾਗਤ ਕਰਦੇ ਹਨ। ਇਸ ਮਗਰੋਂ ਪ੍ਰਧਾਨ ਮੰਤਰੀ ਬੈਠਕ ਲਈ ਰਾਸ਼ਟਰਪਤੀ ਮਹਿਲ ਵੱਲ ਰਵਾਨਾ ਹੋ ਗਏ। ਸ੍ਰੀ ਮੋਦੀ ਦਾ ਯੂਏਈ ਦਾ ਇਹ ਦੂਜਾ ਦੌਰਾ ਹੈ। ਉਹ ਪਹਿਲਾਂ 2015 ’ਚ ਇਥੇ ਆਏ ਸਨ।    
ਮੋਦੀ ਨੂੰ ਫ਼ਲਸਤੀਨ ਦਾ ‘ਗਰੈਂਡ ਕੌਲਰ’ ਸਨਮਾਨ
ਰਾਮੱਲ੍ਹਾ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਰਾਸ਼ਟਰਪਤੀ ਮਹਿਮੂਦ ਅੱਬਾਸ ਨੇ ਫਲਸਤੀਨ ਦੇ ‘ਗਰੈਂਡ ਕੌਲਰ’ ਨਾਲ ਸਨਮਾਨਿਆ। ਭਾਰਤ ਅਤੇ ਫਲਸਤੀਨ ਦਰਮਿਆਨ ਰਿਸ਼ਤਿਆਂ ’ਚ ਅਹਿਮ ਯੋਗਦਾਨ ਨੂੰ ਮਾਨਤਾ ਦਿੰਦਿਆਂ ਇਹ ਸਨਮਾਨ ਦਿੱਤਾ ਗਿਆ ਹੈ। ਫਲਸਤੀਨ ਵੱਲੋਂ ਇਹ ਸਨਮਾਨ ਵਿਦੇਸ਼ੀ ਅਹਿਮ ਹਸਤੀਆਂ ਨੂੰ ਦਿੱਤਾ ਜਾਂਦਾ ਹੈ।

 

 

fbbg-image

Latest News
Magazine Archive