ਜੰਮੂ ਨੇੜੇ ਫ਼ੌਜੀ ਕੈਂਪ ’ਤੇ ਹਮਲਾ; ਦੋ ਜਵਾਨ ਸ਼ਹੀਦ


ਸੁੰਜਵਾਨ (ਜੰਮੂ) - ਜੰਮੂ ਸ਼ਹਿਰ ਦੇ ਬਾਹਰਵਾਰ ਸਥਿਤ ਫ਼ੌਜ ਦੇ ਕੈਂਪ ’ਤੇ ਅੱਜ ਜੈਸ਼-ਏ-ਮੁਹੰਮਦ ਦੇ ਅਤਿਵਾਦੀਆਂ ਵੱਲੋਂ ਕੀਤੇ ਹਮਲੇ ਵਿੱਚ ਦੋ ਜੂਨੀਅਰ ਕਮਿਸ਼ਨਡ ਅਫ਼ਸਰ (ਜੇਸੀਓਜ਼) ਹਲਾਕ ਹੋ ਗਏ। ਇਸ ਹਮਲੇ ’ਚ ਇਕ ਮੇਜਰ ਅਤੇ ਫ਼ੌਜੀ ਦੀ ਧੀ ਸਮੇਤ ਛੇ ਜਣੇ ਫੱਟੜ ਹੋਏ ਹਨ। ਸੰਸਦੀ ਮਾਮਲਿਆਂ ਬਾਰੇ ਮੰਤਰੀ ਅਬਦੁੱਲ ਰਹਿਮਾਨ ਵੀਰੀ ਨੇ ਜੰਮੂ ਕਸ਼ਮੀਰ ਵਿਧਾਨ ਸਭਾ ਨੂੰ ਦੱਸਿਆ ਕਿ ਇਸ ਹਮਲੇ ਵਿੱਚ ਸੂਬੇਦਾਰ ਮਦਨਲਾਲ ਚੌਧਰੀ ਅਤੇ ਸੂਬੇਦਾਰ ਮੁਹੰਮਦ ਅਸ਼ਰਫ ਮੀਰ ਦੀ ਮੌਤ ਹੋ ਗਈ ਹੈ। ਹਾਲਾਂਕਿ ਫ਼ੌਜ ਕਹਿ ਰਹੀ ਹੈ ਕਿ ਕੇਵਲ ਇਕ ਜੇਸੀਓ ਹਲਾਕ ਹੋਇਆ ਹੈ। ਇਸ ਹਮਲੇ ਦੇ ਜ਼ਖ਼ਮੀਆਂ ’ਚ ਹੌਲਦਾਰ ਅਬਦੁਲ ਹਮੀਦ, ਲਾਂਸ ਨਾਇਕ ਬਹਾਦੁਰ ਸਿੰਘ ਅਤੇ ਹਲਾਕ ਹੋਏ ਸੂਬੇਦਾਰ ਚੌਧਰੀ ਦੀ ਧੀ ਸ਼ਾਮਲ ਹੈ।
ਇਸ ਕੈਂਪ ਦੇ ਮੁੱਖ ਦੁਆਰ ’ਤੇ ਪੱਤਰਕਾਰਾਂ ਨੂੰ ਫ਼ੌਜ ਦੇ ਪੀਆਰਓ ਲੈਫ. ਕਰਨਲ ਦਵੇਂਦਰ ਆਨੰਦ ਨੇ ਦੱਸਿਆ, ‘ਕੈਂਪ ਦੇ ਬਾਹਰਵਾਰ ਤਾਇਨਾਤ ਸੰਤਰੀ ’ਤੇ ਗੋਲੀਬਾਰੀ ਬਾਅਦ ਅੱਜ ਤੜਕੇ ਕੁੱਝ ਅਤਿਵਾਦੀ ਰਿਹਾਇਸ਼ੀ ਕੰਪਲੈਕਸ ’ਚ ਦਾਖ਼ਲ ਹੋ ਗਏ। ਸੁਰੱਖਿਆ ਬਲਾਂ ਨੇ ਇਸ ਇਲਾਕੇ ਨੂੰ ਘੇਰਾ ਪਾ ਲਿਆ ਹੈ ਅਤੇ ਅਤਿਵਾਦੀਆਂ, ਜੋ ਕੈਂਪ ਅੰਦਰ ਕੁੱਝ ਮਕਾਨਾਂ ’ਚ ਵੜੇ ਹੋਏ ਹਨ, ਨੂੰ ਨਿਖੇੜ ਲਿਆ ਹੈ।’ ਉਨ੍ਹਾਂ
ਦੱਸਿਆ ਕਿ ਪਰਿਵਾਰਾਂ ਨੂੰ ਸੁਰੱਖਿਅਤ ਬਾਹਰ ਕੱਢਣ ਦੇ ਅਪਰੇਸ਼ਨ ਦੌਰਾਨ ਇਕ ਜੇਸੀਓ ਮਾਰਿਆ ਗਿਆ ਜਦੋਂਕਿ ਔਰਤਾਂ ਤੇ ਬੱਚਿਆਂ ਸਮੇਤ ਛੇ ਜਣੇ ਫੱਟੜ ਹੋਏ ਹਨ।
ਉਨ੍ਹਾਂ ਕਿਹਾ ਕਿ ਇਸ ਰਿਹਾਇਸ਼ੀ ਕਲੋਨੀ ’ਚ ਔਰਤਾਂ ਤੇ ਬੱਚਿਆਂ ਦੀ ਮੌਜੂਦਗੀ ਕਾਰਨ ਬੇਹੱਦ ਚੌਕਸੀ ਨਾਲ ਅਪਰੇਸ਼ਨ ਚਲਾਇਆ ਜਾ ਰਿਹਾ ਹੈ ਤਾਂ ਜੋ ਘੱਟ ਤੋਂ ਘੱਟ ਜਾਨੀ ਨੁਕਸਾਨ ਹੋਵੇ। ਫ਼ੌਜ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਹਮਲੇ ਵਿੱਚ ਫੱਟੜ ਹੋਏ ਮੇਜਰ ਨੂੰ ਹਵਾਈ ਰਸਤੇ ਊਧਮਪੁਰ ਹਸਪਤਾਲ ਲਿਜਾਇਆ ਗਿਆ, ਜਿਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਅਤਿਵਾਦੀਆਂ ਦੇ ਲੁਕੇ ਹੋਣ ਵਾਲੀ ਜਗ੍ਹਾ ਦਾ ਪਤਾ ਲਾਉਣ ਲਈ ਫ਼ੌਜ ਵੱਲੋਂ ਹੈਲੀਕਾਪਟਰਾਂ ਤੇ ਡਰੋਨਾਂ ਦੀ ਮਦਦ ਲਈ ਜਾ ਰਹੀ ਹੈ। ਬੁਲੇਟ-ਪਰੂਫ ਵਾਹਨਾਂ ’ਚ ਸਵਾਰ ਫ਼ੌਜੀ ਬਚਾਅ ਅਪਰੇਸ਼ਨ ਵਿੱਚ ਜੁਟੇ ਹੋਏ ਹਨ।
ਅਧਿਕਾਰੀਆਂ ਨੇ ਦੱਸਿਆ ਕਿ ਬਚਾਅ ਅਪਰੇਸ਼ਨ ਦੇ ਮੁਕੰਮਲ ਹੋਣ ਬਾਅਦ ਅਤਿਵਾਦੀਆਂ ’ਤੇ ਅੰਤਿਮ ਹੱਲਾ ਬੋਲਿਆ ਜਾਵੇਗਾ। ਕੈਂਪ ਦੀ ਚਾਰਦੀਵਾਰੀ ਬਾਹਰ ਸੀਆਰਪੀਐਫ ਤੇ ਪੁਲੀਸ ਦੇ ਜਵਾਨ ਮੁਸਤੈਦੀ ਨਾਲ ਪਹਿਰਾ ਦੇ ਰਹੇ ਸਨ ਤਾਂ ਜੋ ਆਮ ਨਾਗਰਿਕਾਂ ਦਾ ਜਾਨੀ ਨੁਕਸਾਨ ਨਾ ਹੋਵੇ। ਰਾਤ ਨੂੰ ਅਤਿਵਾਦੀਆਂ ’ਤੇ ਹਮਲੇ ਲਈ ਕੈਂਪ ’ਚ ਜੈਨਰੇਟਰ ਅਤੇ ਸਰਚਲਾਈਟਾਂ ਲਿਆਂਦੀਆਂ ਗਈਆਂ ਹਨ। ਭਾਵੇਂ ਅਤਿਵਾਦੀਆਂ ਦੀ ਅਸਲ ਗਿਣਤੀ ਬਾਰੇ ਨਹੀਂ ਪਤਾ ਪਰ ਅਧਿਕਾਰੀਆਂ ਦਾ ਅਨੁਮਾਨ ਹੈ ਕਿ ਕੈਂਪ ਅੰਦਰ ਤਿੰਨ ਤੋਂ ਚਾਰ ਅਤਿਵਾਦੀ ਹੋ ਸਕਦੇ ਹਨ। ਇਸ ਕੈਂਪ ਦੇ ਪੰਜ ਕਿਲੋਮੀਟਰ ਦੇ ਘੇਰੇ ਅੰਦਰ ਆਉਂਦੇ ਸਕੂਲ ਬੰਦ ਕਰ ਦਿੱਤੇ ਗਏ। ਜੰਮੂ ਵਿੱਚ ਹਾਈ ਐਲਰਟ ਜਾਰੀ ਕੀਤਾ ਗਿਆ ਹੈ ਅਤੇ ਸ਼ਹਿਰ ਦੇ ਆਸ ਪਾਸ ਸੁਰੱਖਿਆ ਵਧਾ ਦਿੱਤੀ ਗਈ ਹੈ।
ਸੁਰੱਖਿਆ ਬਲ ਅਸਰਦਾਰ ਢੰਗ ਨਾਲ ਨਿਭਾਅ ਰਹੇ ਹਨ ਫ਼ਰਜ਼: ਰਾਜਨਾਥ
ਅਹਿਮਦਾਬਾਦ - ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਫ਼ੌਜ ਅਤੇ ਹੋਰ ਸੁਰੱਖਿਆ ਬਲ ਆਪਣਾ ਫ਼ਰਜ਼ ਅਸਰਦਾਰ ਢੰਗ ਨਾਲ ਨਿਭਾਅ ਰਹੇ ਹਨ ਅਤੇ ਕਿਸੇ ਭਾਰਤੀ ਦਾ ਕਦੇ ਵੀ ਸਿਰ ਨੀਵਾਂ ਨਹੀਂ ਹੋਣ ਦੇਣਗੇ। ਉਨ੍ਹਾਂ ਕਿਹਾ ਕਿ ਜੰਮੂ ’ਚ ਫ਼ੌਜੀ ਕੈਂਪ ’ਤੇ ਹਮਲੇ ਬਾਰੇ ਕੋਈ ਟਿੱਪਣੀ ਕਰਨਾ ਉਨ੍ਹਾਂ ਲਈ ਠੀਕ ਨਹੀਂ ਹੋਵੇਗਾ ਕਿਉਂਕਿ ਅਜੇ ਅਪਰੇਸ਼ਨ ਜਾਰੀ ਹੈ। ਇਸ ਤੋਂ ਪਹਿਲਾਂ ਸ੍ਰੀ ਰਾਜਨਾਥ ਨੇ ਜੰਮੂ ਕਸ਼ਮੀਰ ਪੁਲੀਸ ਦੇ ਮੁਖੀ ਨਾਲ ਗੱਲਬਾਤ ਕਰ ਕੇ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਗ੍ਰਹਿ ਮੰਤਰਾਲਾ ਸਥਿਤੀ ’ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ।

 

 

fbbg-image

Latest News
Magazine Archive