ਬਠਿੰਡਾ ਰਿਫਾਈਨਰੀ: ਕੈਪਟਨ ਦੇ ਚੌਧਰੀਆਂ ਵੱਲੋਂ ਹੁਣ ‘ਡੰਡਾ ਟੈਕਸ’


ਬਠਿੰਡਾ - ਕੈਪਟਨ ਸਰਕਾਰ ਦੇ ‘ਚੌਧਰੀਆਂ’ ਨੇ ਹੁਣ ‘ਡੰਡਾ ਟੈਕਸ’ ਵਸੂਲਣਾ ਸ਼ੁਰੂ ਕਰ ਦਿੱਤਾ ਹੈ। ‘ਗੁੰਡਾ ਟੈਕਸ’ ਰੇਤਾ-ਬਜਰੀ ’ਤੇ ਵਸੂਲਿਆ ਜਾ ਰਿਹਾ ਸੀ ਅਤੇ ਹੁਣ ਰਿਫਾਈਨਰੀ ’ਚੋਂ ਦੂਜੇ ਸੂਬਿਆਂ ‘ਚ ਜਾਣ ਵਾਲੇ ਸਾਮਾਨ ‘ਤੇ ਅਪਰੇਟਰਾਂ ਤੋਂ ‘ਡੰਡਾ ਟੈਕਸ’ ਲੈਣਾ ਸ਼ੁਰੂ ਕਰ ਦਿੱਤਾ ਹੈ। ‘ਪੰਜਾਬੀ ਟ੍ਰਿਬਿਊਨ’ ਦੀ ਟੀਮ ਵੱਲੋਂ ਅੱਜ ਰਿਫਾਈਨਰੀ ਦੇ ‘ਮੈਟੀਰੀਅਲ ਗੇਟ’ ਉਤੇ ਕਈ ਘੰਟੇ ਲਗਾ ਕੇ ਸਭ ਕੁਝ ਅੱਖੀਂ ਦੇਖਿਆ ਗਿਆ। ਬਠਿੰਡਾ ਦੇ ਸਿਵਲ ਅਤੇ ਪੁਲੀਸ ਅਫ਼ਸਰ ਇਸ ਮਾਮਲੇ ‘ਚ ਬੇਵੱਸ ਜਾਪ ਰਹੇ ਹਨ। ਅੱਜ ਰਿਫਾਈਨਰੀ ‘ਚ ਐਸਡੀਐਮ ਅਤੇ ਡੀਐਸਪੀ ਤਲਵੰਡੀ ਸਾਬੋ ਵੀ ਪੁੱਜੇ ਹੋਏ ਸਨ।
  ਬਠਿੰਡਾ ਦੀ ਟਰਾਂਸਪੋਰਟ ਕੰਪਨੀ ‘ਨਾਰਦਨ ਲੌਜਿਸਟਿਕ’ ਨੇ ਪਹਿਲੀ ਫਰਵਰੀ ਤੋਂ ਰਿਫਾਈਨਰੀ ’ਚੋਂ ਸਕਰੈਪ ਅਤੇ ਹੋਰ ਸਾਮਾਨ ਦੀ ਦੂਜੇ ਰਾਜਾਂ ’ਚ ਢੋਆ ਢੋਆਈ ਸ਼ੁਰੂ ਕਰਨੀ ਸੀ। ਐਲ ਐਂਡ ਟੀ ਕੰਪਨੀ ਵੱਲੋਂ ਇਸ ਟਰਾਂਸਪੋਰਟ ਕੰਪਨੀ ਨੂੰ 100 ਟਰੱਕਾਂ ਦੀ ਸਪਲਾਈ ਕਰਨ ਦਾ ਆਰਡਰ ਕੀਤਾ ਹੈ। ਜਦੋਂ ਇਸ ਕੰਪਨੀ ਦੇ ਡਾਇਰੈਕਟਰ ਗੌਰਵ ਗਰਗ ਨੇ ਰਿਫਾਈਨਰੀ ’ਚੋਂ ਲੋਡ ਕਰਨ ਵਾਸਤੇ ਮੈਟੀਰੀਅਲ ਗੇਟ ’ਤੇ ਗੱਡੀ ਨੰਬਰ ਜੀਜੇ12 ਬੀਵੀ 9411 ਅਤੇ ਪੀਬੀ10 ਬੀਐਮ 9813 ਲਾਈ ਤਾਂ ਉਦੋਂ ‘ਡੰਡਾ ਬ੍ਰਿਗੇਡ’ ਦੇ ਦੋ ਵਿਅਕਤੀ ਪੁੱਜ ਗਏ ਅਤੇ ਇਤਰਾਜ਼ ਕੀਤਾ। ਇਸ ਪੱਤਰਕਾਰ ਦੀ ਹਾਜ਼ਰੀ ਵਿੱਚ ਜਦੋਂ ਗੌਰਵ ਗਰਗ ਨੇ ਇਹ ਮਾਮਲਾ ਰਿਫਾਈਨਰੀ ਚੌਕੀ ਦੇ ਇੰਚਾਰਜ ਬਲਵਿੰਦਰ ਸਿੰਘ, ਜੋ ਰਿਫਾਈਨਰੀ ਗੇਟ ’ਤੇ ਮੌਜੂਦ ਸੀ, ਦੇ ਧਿਆਨ ਵਿੱਚ ਲਿਆਂਦਾ ਪਰ ਬਲਵਿੰਦਰ ਸਿੰਘ ਨੇ ਹੱਥ ਖੜ੍ਹੇ ਕਰ ਦਿੱਤੇ। ਉਨ੍ਹਾਂ ਸਾਫ ਆਖਿਆ, ‘ਉਸ ਤੋਂ ਉਪਰ ਬਹੁਤ ਸੀਨੀਅਰ ਅਫਸਰ ਹਨ, ਪਹਿਲਾਂ ਉਨ੍ਹਾਂ ਨੂੰ ਮਿਲ ਲਵੋ, ਜਿਵੇਂ ਉਪਰੋਂ ਹੁਕਮ ਮਿਲਣਗੇ, ਉਵੇਂ ਕਰਾਂਗੇ।’ ਇਹ ਆਖ ਕੇ ਬਲਵਿੰਦਰ ਸਿੰਘ ਉਥੋਂ ਖਿਸਕ ਗਿਆ। ਇਸ ਘਟਨਾਕ੍ਰਮ ਦੀ ਵੀਡੀਓ ਮੌਜੂਦ ਹੈ। ਡੀਐਸਪੀ ਤਲਵੰਡੀ ਸਾਬੋ ਬਰਿੰਦਰ ਸਿੰਘ ਨੇ ਕਿਹਾ ਕਿ ਉਹ ਥਾਣੇਦਾਰ ਨੂੰ ਹੁਣੇ ਆਖਦੇ ਹਨ। ਥਾਣੇਦਾਰ ਰਾਮਾਂ ਜਗਦੀਸ਼ ਨੇ ਕਿਹਾ ਕਿ ਉਹ ਤਾਂ ਹੁਣ ਛੁੱਟੀ ’ਤੇ ਹਨ।
ਟਰਾਂਸਪੋਰਟ ਕੰਪਨੀ ਦੇ ਡਾਇਰੈਕਟਰ ਗੌਰਵ ਨੇ ਕਿਹਾ ਕਿ ਰਿਫਾਈਨਰੀ ਦੇ ‘ਮੈਟੀਰੀਅਲ ਗੇਟ’ ਉਤੇ ਉਹ ਅੰਦਰੋਂ ਲੋਡਿੰਗ ਵਾਸਤੇ ਚੈੱਕ ਪੋਸਟ ’ਤੇ ਗੇਟ ਪਾਸ ਬਣਵਾ ਰਹੇ ਸਨ ਤਾਂ ਹਾਕਮ ਧਿਰ ਦੇ ਨੇੜਲਿਆਂ ਦੀ ‘ਗੁੰਡਾ ਬ੍ਰਿਗੇਡ’ ਇੱਕ ਬਲੈਰੋ ਗੱਡੀ ਵਿਚ ਆਈ ਅਤੇ ਧਮਕੀਆਂ ਦਿੰਦੇ ਹੋਏ ਦੋਵੇਂ ਟਰੱਕਾਂ ਦੇ ਸਾਰੇ ਅਸਲੀ ਕਾਗ਼ਜ਼ਾਤ ਝਪਟ ਕੇ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਇਸ ਬਾਰੇ ਪ੍ਰਸ਼ਾਸਨ ਤੇ ਪੁਲੀਸ ਨੂੰ ਦੱਸ ਦਿੱਤਾ ਹੈ ਅਤੇ ਭਲਕੇ ਐਸਐਸਪੀ ਨੂੰ ਮਿਲ ਕੇ ਲਿਖਤੀ ਸ਼ਿਕਾਇਤ ਕਰਨਗੇ।
ਕਾਂਗਰਸ ਦੇ ਬਠਿੰਡਾ ਸ਼ਹਿਰੀ ਦੇ ਪ੍ਰਧਾਨ ਮੋਹਨ ਝੁੰਬਾ ਨੇ ਕਿਹਾ ਕਿ ਉਨ੍ਹਾਂ ਕੋਲ ਕੁਝ ਸ਼ਹਿਰੀ ਵਪਾਰੀਆਂ ਨੇ ਰਿਫਾਈਨਰੀ ਕੋਲ ਗ਼ੈਰਕਾਨੂੰਨੀ ਵਸੂਲੀ ਹੋਣ ਦੀਆਂ ਸ਼ਿਕਾਇਤਾਂ ਕੀਤੀਆਂ ਸਨ। ਇਹ ਮਸਲਾ ਉਹ ਦੋ ਦਿਨਾਂ ਤੋਂ ਡਿਪਟੀ ਕਮਿਸ਼ਨਰ ਦੇ ਧਿਆਨ ’ਚ ਲਿਆ ਰਹੇ ਹਨ ਅਤੇ ਕਾਰਵਾਈ ਦਾ ਭਰੋਸਾ ਵੀ ਮਿਲਿਆ ਹੈ। ਸੂਤਰਾਂ ਮੁਤਾਬਕ ਕਾਂਗਰਸੀ ਲੀਡਰਾਂ ਨੇ ‘ਗੁੰਡਾ ਟੈਕਸ’ ਤੇ ‘ਡੰਡਾ ਟੈਕਸ’ ਦੀ ਵਸੂਲੀ ਲਈ ਅਕਾਲੀ ਦਲ ਨਾਲ ਜੁੜੇ ਪੁਰਾਣੇ ਖਿਡਾਰੀ ਦੀਆਂ ਸੇਵਾਵਾਂ ਲਈਆਂ ਹਨ। ਡੀਸੀ ਦੀਪਰਵਾ ਲਾਕਰਾ ਨੇ ਕਿਹਾ ਕਿ ਰਿਫਾਈਨਰੀ ਗੇਟ ਤੋਂ ਟਰਾਂਸਪੋਰਟਰਾਂ ਦੇ ਕਾਗਜ਼ਾਤ ਖੋਹ ਕੇ ਭੱਜਣ ਵਾਲਿਆਂ ਖ਼ਿਲਾਫ਼ ਕਾਰਵਾਈ ਲਈ ਐਸਡੀਐਮ ਤਲਵੰਡੀ ਸਾਬੋ ਨੇ ਡੀਐਸਪੀ ਨੂੰ ਲਿਖਿਆ ਹੈ। ਡੀਐਸਪੀ ਤਲਵੰਡੀ ਸਾਬੋ ਬਰਿੰਦਰ ਸਿੰਘ ਨੇ ਕਿਹਾ ਕਿ ਐਸਡੀਐਮ ਨੇ ਜ਼ੁਬਾਨੀ ਇਹ ਮਾਮਲਾ ਧਿਆਨ ’ਚ ਲਿਆਂਦਾ ਸੀ ਪਰ ਰਿਫਾਈਨਰੀ ਕੋਲ ਇਸ ਤਰ੍ਹਾਂ ਦਾ ਕੋਈ ਬੰਦਾ ਨਹੀਂ ਲੱਭਿਆ। ਇਸੇ ਦੌਰਾਨ ‘ਆਪ’ ਦੀ ਤਲਵੰਡੀ ਸਾਬੋ ਤੋਂ ਵਿਧਾਇਕਾ ਬਲਜਿੰਦਰ ਕੌਰ ਤੇ ਜ਼ਿਲਾ ਆਗੂ ਨਵਦੀਪ ਜੀਦਾ ਦੀ ਅਗਵਾਈ ਹੇਠ ਇਕ ਵਫ਼ਦ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਮਿਲਿਆ ਅਤੇ ਉਨ੍ਹਾਂ ਨੂੰ ਮੰਗ ਪੱਤਰ ਦੇ ਕੇ ਗੁੰਡਾ ਟੈਕਸ ਬੰਦ ਕਰਨ ਦੀ ਮੰਗ ਕੀਤੀ।
ਕੈਪਟਨ ਆਪਣੇ ਬੰਦਿਆਂ ਨੂੰ ਨੱਥ ਪਾਉਣ: ਸੁਖਬੀਰ
ਕੈਪਟਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਅੱਜ ਰਿਫਾਈਨਰੀ ਦਾ ਦੌਰਾ ਕਰਨ ਮਗਰੋਂ ਕਿਹਾ ਕਿ ਕਾਂਗਰਸ ਨੇ ਗੁੰਡਾ ਟੈਕਸ ਸ਼ੁਰੂ ਕਰ ਕੇ ਬਿਹਾਰ ਵਰਗਾ ਮਾਹੌਲ ਬਣਾ ਦਿੱਤਾ ਹੈ, ਜਿਸ ਕਾਰਨ ਨਿਵੇਸ਼ਕ ਪੰਜਾਬ ਵਿੱਚ ਨਿਵੇਸ਼ ਕਰਨ ਤੋਂ ਪਾਸਾ ਵੱਟਣਗੇ। ਉਨ੍ਹਾਂ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਗੁੰਡਾ ਟੈਕਸ ਵਸੂਲਣ ਵਾਲੇ ਆਪਣੇ ‘ਬੰਦਿਆਂ’ ਨੂੰ ਨੱਥ ਪਾਉਣ ਕਿਉਂਕਿ ਬਹੁਤ ਮਿਹਨਤ ਨਾਲ ਇਹ ਸਨਅਤੀ ਪ੍ਰਾਜੈਕਟ ਲਿਆਂਦੇ ਗਏ ਸਨ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਕੋਈ ਕਦਮ ਨਾ ਚੁੱਕਿਆ ਤਾਂ ਅਕਾਲੀ ਦਲ ਰਿਫਾਈਨਰੀ ਕੋਲ ਹੀ ਗੁੰਡਾ ਟੈਕਸ ਖ਼ਿਲਾਫ਼ ਸੰਘਰਸ਼ ਵਿੱਢੇਗਾ। ਇਸ ਮੌਕੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਵੀ ਮੌਜੂਦ ਸਨ।

 

 

fbbg-image

Latest News
Magazine Archive