ਟਾਈਟਲਰ ਵੀਡੀਓ: ਅਕਾਲੀਆਂ ਵੱਲੋਂ ਜੇਤਲੀ ਤੇ ਸੀਬੀਆਈ

ਮੁਖੀ ਨਾਲ ਮੁਲਾਕਾਤ


ਨਵੀਂ ਦਿੱਲੀ - ਜਗਦੀਸ਼ ਟਾਈਟਲਰ ਵੀਡੀਓ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦਾ ਇਕ ਵਫ਼ਦ ਅੱਜ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੂੰ ਮਿਲਿਆ। ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਅਗਵਾਈ ਹੇਠ ਮਿਲੇ ਇਸ ਵਫ਼ਦ ਨੂੰ ਸ੍ਰੀ ਜੇਤਲੀ ਨੇ ਭਰੋਸਾ ਦਿੱਤਾ ਕਿ ਸਰਕਾਰ ਇਸ ਮਾਮਲੇ ਵਿੱਚ ਸਖ਼ਤ ਹੈ ਤੇ ਸਾਰੇ ਮਾਮਲੇ ਨੂੰ ਤੁਰੰਤ ਵਾਚਿਆ ਜਾਵੇਗਾ। ਵਫ਼ਦ ਵਿੱਚ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਤੇ ਬਲਵਿੰਦਰ ਸਿੰਘ ਭੂੰਦੜ, ਲੋਕ ਸਭਾ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ, ਨਰੇਸ਼ ਗੁਜਰਾਲ ਅਤੇ ਦਿੱਲੀ ਦੇ ਅਕਾਲੀ ਆਗੂ ਮਨਜੀਤ ਸਿੰਘ ਜੀਕੇ ਅਤੇ ਮਨਜਿੰਦਰ ਸਿੰਘ ਸਿਰਸਾ ਵੀ ਸ਼ਾਮਲ ਸਨ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ ਵਿੱਚ ਕਿਹਾ ਕਿ ਜਗਦੀਸ਼ ਟਾਈਟਲਰ ਬਾਰੇ ਕਥਿਤ ਸੀਡੀ ਦੀ ਜਾਂਚ ਕਿਸੇ ਏਜੰਸੀ ਤੋਂ ਕਰਵਾਈ ਜਾਵੇ।
ਅਕਾਲੀ ਆਗੂਆਂ ਦਾ ਵਫ਼ਦ ਮਗਰੋਂ ਸੀਬੀਆਈ ਮੁਖੀ ਆਲੋਕ ਵਰਮਾ ਨੂੰ ਵੀ ਮਿਲਿਆ, ਪਰ ਬੀਬੀ ਬਾਦਲ ਇਸ ਵਿੱਚ ਸ਼ਾਮਲ ਨਹੀਂ ਸਨ। ਵਫ਼ਦ ਨੇ ਸ੍ਰੀ ਵਰਮਾ ਨੂੰ ਮੰਗ ਪੱਤਰ ਸੌਂਪਦਿਆਂ ਵੀਡੀਓ ਮਾਮਲੇ ਦੀ ਜਾਂਚ ਕਰਾਏ ਜਾਣ ਦੀ ਮੰਗ ਕੀਤੀ। ਸ੍ਰੀ ਜੀਕੇ ਨੇ ਦੱਸਿਆ ਕਿ ਸੀਬੀਆਈ ਮੁਖੀ ਨੇ ਜਗਦੀਸ਼ ਟਾਈਟਲਰ ਨਾਲ ਜੁੜੇ ਮਾਮਲੇ ਦੇਖ ਰਹੇ ਅਧਿਕਾਰੀ ਨੂੰ ਜਾਂਚ ਲਈ ਕਹਿ ਦਿੱਤਾ ਹੈ। ਉਪਰੰਤ ਵਫ਼ਦ ਦਿੱਲੀ ਪੁਲੀਸ ਕਮਿਸ਼ਨਰ ਅਮੁੱਲ ਪਟਨਾਇਕ ਨੂੰ ਵੀ ਮਿਲਿਆ। ਸ੍ਰੀ ਪਟਨਾਇਕ ਨੇ ਸਾਰੇ ਮਾਮਲੇ ਨੂੰ ਘੋਖਣ ਤੇ ਸਬੰਧਤਾਂ ਖ਼ਿਲਾਫ਼ ਢੁੱਕਵੀਂ ਕਾਰਵਾਈ ਦਾ ਭਰੋਸਾ ਦਿੱਤਾ। ਇਸ ਦੌਰਾਨ ਸ੍ਰੀ ਜੀਕੇ ਨੇ ਕਿਹਾ ਕਿ 9 ਫਰਵਰੀ ਨੂੰ ’84 ਸਿੱਖ ਕਤਲੇਆਮ ਦੀਆਂ ਪੀੜਤ ਵਿਧਵਾਵਾਂ ਤੇ ਬੱਚੇ ਕਾਂਗਰਸ ਦੇ ਕੌਮੀ ਦਫ਼ਤਰ ਵਿੱਚ ਰੋਸ ਪ੍ਰਦਰਸ਼ਨ ਕਰਕੇ ਟਾਈਟਲਰ ਤੇ ਸੱਜਣ ਕੁਮਾਰ ਨੂੰ ਪਾਰਟੀ ਵਿੱਚੋਂ ਕੱਢਣ ਦੀ ਮੰਗ ਕਰਨਗੇ।

 

Latest News
Magazine Archive