ਕਰਨਾਟਕ ’ਚ ਕਾਂਗਰਸ ਦੀ ਪੁੱਠੀ ਗਿਣਤੀ ਸ਼ੁਰੂ: ਮੋਦੀ


ਬੰਗਲੌਰ - ਕਰਨਾਟਕ ਦੀ ਸਿਧਾਰਮੱਈਆ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੂੰ ਹਰ ਫਰੰਟ ’ਤੇ ਘੇਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਇਸ ਸਰਕਾਰ ਨੇ ਭ੍ਰਿਸ਼ਟਾਚਾਰ ਦੇ ਨਵੇਂ ਰਿਕਾਰਡ ਸਥਾਪਤ ਕੀਤੇ ਹਨ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਕਾਂਗਰਸ ਸਰਕਾਰ ਦੀ ਪੁੱਠੀ ਗਿਣਤੀ ਸ਼ੁਰੂ ਹੋ ਗਈ ਹੈ। ਸਿਧਾਰਮੱਈਆ ਦੇ ਕਾਰਜਕਾਲ ਨੂੰ ‘10 ਫੀਸਦ ਕਮਿਸ਼ਨ ਵਾਲੀ ਸਰਕਾਰ’ ਗ਼ਰਦਾਨਦਿਆਂ ਮੋਦੀ ਨੇ ਕਿਹਾ ਕਿ ਕਾਂਗਰਸ ਸਰਕਾਰ ਬਾਹਰੀ ਦਰਵਾਜ਼ੇ ਦੇ ਬਿਲਕੁਲ ਨੇੜੇ ਢੁੱਕ ਗਈ ਹੈ। ਸਰਕਾਰ ਕਾਨੂੰਨ ਮੁਤਾਬਕ ਨਹੀਂ ਬਲਕਿ ਇਸ ਨੂੰ ਚਲਾਉਣ ਵਾਲੇ ਲੋਕ ਅਪਰਾਧੀ ਹਨ। ਪ੍ਰਧਾਨ ਮੰਤਰੀ ਇਥੇ ਪੈਲੇਸ ਗਰਾਊਂਡ ਦੇ ਮੈਦਾਨ ’ਤੇ ਸੂਬੇ ਦੀ ਭਾਜਪਾ ਇਕਾਈ ਵੱਲੋਂ 85 ਦਿਨਾਂ ‘ਪਰਿਵਰਤਨ ਰੈਲੀ’ ਦੀ ਸਮਾਪਤੀ ਮੌਕੇ ਵਿਉਂਤੀ ਵਿਸ਼ਾਲ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਰਾਜ ਵਿੱਚ ਅਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕੱਢੀ ਗਈ ਇਹ ਪਰਿਵਰਤਨ ਯਾਤਰਾ ਰਾਜ ਦੇ 224 ਹਲਕਿਆਂ ’ਚੋਂ ਹੋ ਕੇ ਲੰਘੀ। ਭਾਜਪਾ ਨੇ ਅਗਾਮੀ ਚੋਣਾਂ ’ਚ 150 ਤੋਂ ਵੱਧ ਸੀਟਾਂ ਦਾ ਟੀਚਾ ਮਿੱਥਿਆ ਹੈ। ਰੈਲੀ ਵਿੱਚ ਸ੍ਰੀ ਮੋਦੀ ਨੇ ਦਾਅਵਾ ਕੀਤਾ ਕਿ ਰਾਜ ਵਿੱਚ ‘ਭਗਵਾ ਲਹਿਰ’ ਚੱਲ ਰਹੀ ਹੈ ਤੇ ਕਰਨਾਟਕ ਦੇ ਲੋਕ ਸੂਬੇ ਨੂੰ ਕਾਂਗਰਸ ਮੁਕਤ ਬਣਾਉਣ ਦਾ ਫ਼ੈਸਲਾ ਕਰ ਚੁੱਕੇ ਹਨ ਤੇ ਉਹ ਕਾਂਗਰਸ ਸਭਿਆਚਾਰ ਤੋਂ ਛੁਟਕਾਰਾ ਚਾਹੁੰਦੇ ਹਨ। ਉਨ੍ਹਾਂ ਕਿਹਾ, ‘ਕਾਂਗਰਸ ਸਰਕਾਰ ਸਿਰਫ਼ 10 ਫੀਸਦ ਦੀ ਸਰਕਾਰ ਹੈ, ਜਿੱਥੇ ਕੋਈ ਵੀ ਕੰਮ 10 ਫੀਸਦ ਕਮਿਸ਼ਨ ਦਿੱਤੇ ਬਿਨਾਂ ਨਹੀਂ ਹੁੰਦਾ। ਕਿਸੇ ਸਰਕਾਰ ਦੀ ਅਜਿਹੀ ਪਛਾਣ ਹੋਣਾ ਬੜੇ ਸ਼ਰਮ ਦੀ ਗੱਲ ਹੈ।’ ਸਿਧਾਰਮੱਈਆ ਸਰਕਾਰ ’ਤੇ ਭ੍ਰਿਸ਼ਟਾਚਾਰ ਦੇ ਨਵੇਂ ਰਿਕਾਰਡ ਸਿਰਜਣ ਦੇ ਦੋਸ਼ ਲਾਉਂਦਿਆਂ ਸ੍ਰੀ ਮੋਦੀ ਨੇ ਕਿਹਾ, ‘ਕਾਂਗਰਸ ਮੁਕਤ ਸਰਕਾਰ ਦਾ ਮਤਲਬ ਹੈ ਰਾਜ ਘਰਾਣੇ, ਭਾਈ ਭਤੀਜਾਵਾਦ, ਭ੍ਰਿਸ਼ਟਾਚਾਰ ਤੇ ਲੁੱਟ ਤੋਂ ਆਜ਼ਾਦੀ।’ ਸੂਬੇ ਦੇ ਦੋ ਮੰਤਰੀਆਂ ਦੀ ਰਿਹਾਇਸ਼ਾਂ ’ਤੇ ਆਈਟੀ ਦੇ ਛਾਪੇ ਤੇ ਸੀਨੀਅਰ ਕਾਂਗਰਸੀ ਆਗੂ ਦੀ ਬੇਨਾਮੀ ਜਾਇਦਾਦ ’ਤੇ ਛਾਪਿਆਂ ਦਾ ਹਵਾਲਾ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ, ‘ਰਾਜ ਵਿੱਚ ਸਟੀਲ ਮਾਫ਼ੀਆ, ਰੇਤ ਮਾਫ਼ੀਆ ਤੇ ਟਰਾਂਸਫ਼ਰ ਮਾਫ਼ੀਆ ਦਾ ਬੋਲਬਾਲਾ ਹੈ।’ ਉਨ੍ਹਾਂ ਕਿਹਾ ਕਿ ਕੁਝ ਲੋਕਾਂ ਨੇ ਸਟੀਲ ਦਾ ਪੁਲ ਬਣਾਉਣ ਦੇ ਨਾਂ ਹੇਠ ਕਰੋੜਾਂ ਰੁਪਏ ਆਪਣੇ ਖੀਸਿਆਂ ’ਚ ਪਾਉਣ ਦੀ ਸਾਜ਼ਿਸ਼ ਘੜੀ, ਪਰ ਲੋਕ ਰੋਹ ਤੇ ਭਾਜਪਾ ਦੇ ਵਿਰੋਧ ਕਰਕੇ ਪ੍ਰਾਜੈਕਟ ਨੂੰ ਵਿਚਾਲੇ ਛੱਡਣਾ ਪਿਆ।
ਸੰਘ ਪਰਿਵਾਰ ਅਤੇ ਭਾਜਪਾ ਕਾਰਕੁਨਾਂ ਦੀਆਂ ਹੱਤਿਆਵਾਂ ਦਾ ਹਵਾਲਾ ਦਿੰਦਿਆਂ ਮੋਦੀ ਨੇ ਕਿਹਾ, ‘ਇਹ ਸਮਾਜਿਕ ਤਾਣੇ ਬਾਣੇ ’ਤੇ ਹਮਲਾ ਹੈ। ਮੈਂ ਕਰਨਾਟਕ ਦੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਵੋਟਾਂ ਦੌਰਾਨ ਰਾਜ ਦੇ ਸਮਾਜਿਕ ਤਾਣੇ ਬਾਣੇ ’ਤੇ ਹਮਲਾ ਕਰਨ ਵਾਲੀ ਸਰਕਾਰ ਖ਼ਿਲਾਫ਼ ਭੁਗਤਣ। ਮੈਂ ਵੇਖ ਸਕਦਾ ਹਾਂ ਕਿ ਕਰਨਾਟਕ ਰਾਜ ਨੂੰ ਕਾਂਗਰਸ ਮੁਕਤ ਕਰਨ ਦਾ ਫੈਸਲਾ ਕਰ ਚੁੱਕਾ ਹੈ।’
ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਸੂਬੇ ਨੂੰ ‘ਸਬਕਾ ਸਾਥ ਸਬਕਾ ਵਿਕਾਸ’ ਦੇ ਨਾਅਰੇ ਮੁਤਾਬਕ ਵਿਕਾਸ ਦੇ ਰਾਹ ’ਤੇ ਤੋਰੇਗੀ। ਯਾਦ ਰਹੇ ਕਿ ਅੱਜ ਪੂਰੀ ਹੋਈ ‘ਪਰਿਵਰਤਨ ਯਾਤਰਾ’ ਦੀ ਸ਼ੁਰੂਆਤ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਪਿਛਲੇ ਸਾਲ 2 ਨਵੰਬਰ ਨੂੰ ਕੀਤੀ ਸੀ। ਪਾਰਟੀ ਆਗੂਆਂ ਮੁਤਾਬਕ ਯਾਤਰਾ ਦੌਰਾਨ 15 ਹਜ਼ਾਰ ਕਿਲੋਮੀਟਰ ਦਾ ਪੈਂਡਾ ਤੈਅ ਕੀਤਾ ਗਿਆ। ਯਾਤਰਾ ਦਾ ਮੁੱਖ ਮੰਤਵ ਸਿਧਾਰਮੱਈਆ ਸਰਕਾਰ ਦੇ ਮਾੜੇ ਕੰਮਾਂ ਨੂੰ ਜੱਗ ਜ਼ਾਹਰ ਕਰਨਾ ਸੀ।
ਰਾਹੁਲ ਵੱਲੋਂ ਨਾਗਾ ਸਮਝੌਤੇ ’ਤੇ ਮੋਦੀ ਦੀ ਆਲੋਚਨਾ
ਨਵੀਂ ਦਿੱਲੀ - ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਨਾਗਾ ਸਮਝੌਤੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਹਮਲਾ ਕਰਦਿਆਂ ਕਿਹਾ ਕਿ ਇਹ ਸਮਝੌਤਾ ਕਿਤੇ ਵੀ ਨਜ਼ਰ ਦਿਖਾਈ ਨਹੀਂ ਦਿੰਦਾ। ਸ੍ਰੀ ਗਾਂਧੀ ਨੇ ਟਵਿੱਟਰ ’ਤੇ ਕਿਹਾ ਕਿ ਅਗਸਤ 2015 ’ਚ ਸ੍ਰੀ ਮੋਦੀ ਨੇ ਨਾਗਾ ਸਮਝੌਤੇ ’ਤੇ ਦਸਤਖ਼ਤ ਕਰਕੇ ਇਤਿਹਾਸ ਸਿਰਜਣ ਦਾ ਦਾਅਵਾ ਕੀਤਾ ਸੀ ਪਰ 2018 ’ਚ ਇਹ ਕਿਤੇ ਦਿਖਾਈ ਨਹੀਂ ਦਿੰਦਾ। ‘ਮੋਦੀ ਜੀ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਹਨ ਜਿਨ੍ਹਾਂ ਦੀ ਕਥਨੀ ਦਾ ਕੋਈ ਮਤਲਬ ਨਹੀਂ ਹੈ।’’ ਜ਼ਿਕਰਯੋਗ ਹੈ ਕਿ ਨਾਗਾਲੈਂਡ ’ਚ 27 ਫਰਵਰੀ ਨੂੰ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਚੋਣਾਂ ਦੇ ਮੱਦੇਨਜ਼ਰ ਸਿਆਸੀ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਆਰੰਭ ਦਿੱਤਾ ਗਿਆ ਹੈ।

 

 

fbbg-image

Latest News
Magazine Archive