ਚਾਹਲ ਦੀ ਫ਼ਿਰਕੀ ਵਿੱਚ ਉਲਝਿਆ ਦੱਖਣੀ ਅਫ਼ਰੀਕਾ;

ਭਾਰਤ ਨੌਂ ਵਿਕਟਾਂ ਨਾਲ ਜੇਤੂ


ਯੁਜਵੇਂਦਰ ਚਾਹਲ ਨੇ 22 ਦੌੜਾਂ ਦੇ ਕੇ ਝਟਕਾਈਆਂ ਪੰਜ ਵਿਕਟਾਂ;
ਦੱਖਣੀ ਅਫ਼ਰੀਕਾ ਨੂੰ ਉਸੇ ਦੀ ਸਰਜ਼ਮੀਂ ਉੱਤੇ ਸਭ ਤੋਂ ਘੱਟ ਦੌੜਾਂ ’ਤੇ ਕੀਤਾ ਢੇਰ
ਸੇਂਚੁਰੀਅਨ - ਇੱਥੇ ਇਕ ਰੋਜ਼ਾ ਕ੍ਰਿਕਟ ਲੜੀ ਦੇ ਦੂਜੇ ਮੈਚ ਵਿੱਚ ਅੱਜ ਯੁਜਵੇਂਦਰ ਚਾਹਲ ਵੱਲੋਂ ਲਈਆਂ ਪੰਜ ਵਿਕਟਾਂ ਦੀ ਬਦੌਲਤ ਭਾਰਤ ਨੇ ਦੱਖਣੀ ਅਫ਼ਰੀਕਾ ਨੂੰ ਨੌਂ ਵਿਕਟਾਂ ਨਾਲ ਮਾਤ ਦੇ ਦਿੱਤੀ। ਭਾਰਤੀ ਗੇਂਦਬਾਜ਼ ਚਾਹਲ ਨੇ ਇਸ ਮੈਚ ਵਿੱਚ ਆਪਣੇ ਕਰੀਅਰ ਦਾ ਸਰਵੋਤਮ ਪ੍ਰਦਰਸ਼ਨ ਕੀਤਾ। ਉਸ ਨੂੰ ਸਾਥੀ ਗੇਂਦਬਾਜ਼ ਕੁਲਦੀਪ ਯਾਦਵ ਦਾ ਭਰਪੂਰ ਸਹਿਯੋਗ ਮਿਲਿਆ। ਚਾਹਲ ਨੇ ਸਿਰਫ਼ 22 ਦੌੜਾਂ ਦੇ ਕੇ ਪੰਜ ਵਿਕਟਾਂ ਹਾਸਲ ਕੀਤੀਆਂ। ਜਦਕਿ ਕੁਲਦੀਪ 20 ਦੌੜਾਂ ਬਦਲੇ ਤਿੰਨ ਵਿਕਟਾਂ ਝਟਕਾਉਣ ’ਚ ਸਫ਼ਲ ਹੋਇਆ। ਦੱਖਣੀ ਅਫ਼ਰੀਕਾ ਵੱਲੋਂ ਬਣਾਈਆਂ 118 ਦੌੜਾਂ ਉਸ ਦਾ ਆਪਣੀ ਸਰਜ਼ਮੀਂ ’ਤੇ ਹੁਣ ਤੱਕ ਦਾ ਸਭ ਤੋਂ ਘੱਟ ਸਕੋਰ ਹੈ। ਜਵਾਬ ’ਚ ਭਾਰਤ ਨੇ 20.3 ਓਵਰਾਂ ’ਚ ਸਿਰਫ਼ ਇਕ ਵਿਕਟ ਗੁਆ ਕੇ 119 ਦੌੜਾਂ ਦਾ ਟੀਚਾ ਹਾਸਲ ਕਰ ਲਿਆ। ਭਾਰਤੀ ਟੀਮ ਹੁਣ ਛੇ ਮੈਚਾਂ ਦੀ ਲੜੀ ’ਚ 2-0 ਨਾਲ ਅੱਗੇ ਹੋ ਗਈ ਹੈ। ਭਾਰਤ ਵੱਲੋਂ ਸਲਾਮੀ ਬੱਲੇਬਾਜ਼ ਸ਼ਿਖ਼ਰ ਧਵਨ ਨੇ ਨਾਬਾਦ 51 ਤੇ ਕਪਤਾਨ ਵਿਰਾਟ ਕੋਹਲੀ ਨੇ ਨਾਬਾਦ 46 ਦੌੜਾਂ ਦਾ ਯੋਗਦਾਨ ਪਾਇਆ। ਉਨ੍ਹਾਂ ਦੂਜੇ ਵਿਕਟ ਲਈ 93 ਦੌੜਾਂ ਦੀ ਅਟੁੱਟ ਸਾਂਝੇਦਾਰੀ ਕੀਤੀ ਤੇ ਟੀਮ ਨੂੰ ਸ਼ਾਨਦਾਰ ਜਿੱਤ ਦਿਵਾਈ। ਭਾਰਤ ਨੇ 177 ਗੇਂਦਾਂ ਬਾਕੀ ਰਹਿੰਦਿਆਂ ਇਹ ਜਿੱਤ ਹਾਸਲ ਕੀਤੀ ਤੇ ਇਹ ਵਿਦੇਸ਼ੀ ਧਰਤੀ ’ਤੇ ਕਿਸੇ ਟੈਸਟ ਖੇਡਣ ਵਾਲੇ ਦੇਸ਼ ’ਤੇ ਭਾਰਤੀ ਟੀਮ ਦੀ ਇਹ ਸਭ ਤੋਂ ਵੱਡੀ ਜਿੱਤ ਹੈ। ਇਸ ਤੋਂ ਪਹਿਲਾਂ ਭਾਰਤੀ ਪਾਰੀ ਦੀ ਸ਼ੁਰੂਆਤ ’ਚ ਰੋਹਿਤ ਸ਼ਰਮਾ (15) ਜਲਦੀ ਹੀ ਮੋਰਨੇ ਮੋਰਕਲ ਦਾ ਸ਼ਿਕਾਰ ਬਣ ਗਿਆ। ਭਾਰਤ ਵੱਲੋਂ ਜਸਪ੍ਰੀਤ ਬੁਮਰਾ ਤੇ ਭੁਵਨੇਸ਼ਵਰ ਕੁਮਾਰ ਨੇ ਵੀ ਇਕ-ਇਕ ਵਿਕਟ ਹਾਸਲ ਕੀਤਾ।
ਮੈਚ ਖ਼ਤਮ ਹੋਣ ਤੋਂ ਦੋ ਦੌੜਾਂ ਪਹਿਲਾਂ ਅੰਪਾਇਰਾਂ ਨੂੰ ਲੱਗੀ ‘ਭੁੱਖ’
ਦੱਖਣੀ ਅਫ਼ਰੀਕਾ ਦੀ ਪਾਰੀ ਜਲਦ ਸਿਮਟ ਜਾਣ ਕਾਰਨ ਭਾਰਤ ਨੂੰ ਵੀ ਆਪਣੀ ਪਾਰੀ ਤੁਰੰਤ ਸ਼ੁਰੂ ਕਰਨੀ ਪਈ। ਸਥਿਤੀ ਉਸ ਵੇਲੇ ਅਜੀਬੋ-ਗਰੀਬ ਬਣ ਗਈ ਜਦ ਅੰਪਾਇਰਾਂ ਨੇ ਨੇਮਾਂ ਮੁਤਾਬਕ ਲੰਚ ਐਲਾਨ ਦਿੱਤਾ ਤੇ ਭਾਰਤੀ ਟੀਮ ਟੀਚੇ ਤੋਂ ਸਿਰਫ਼ ਦੋ ਦੌੜਾਂ ਦੂਰ ਸੀ। ਭਾਰਤੀ ਟੀਮ ਨੇ ਉਸ ਵੇਲੇ 19 ਓਵਰਾਂ ’ਚ 117 ਦੌੜਾਂ ਬਣਾ ਲਈਆਂ ਸਨ। ਇਸ ਮਗਰੋਂ ਖੇਡ ਦੇ ਨਿਯਮਾਂ ਮੁਤਾਬਕ ਅੰਪਾਇਰਾਂ ਨੇ ਲਗਭਗ ਪੌਣੇ ਘੰਟੇ ਲਈ ਲੰਚ ਬਰੇਕ ਐਲਾਨ ਦਿੱਤੀ।

 

 

fbbg-image

Latest News
Magazine Archive