ਰਾਸ਼ਟਰਪਤੀ ਨੂੰ ਤੀਹਰਾ ਤਲਾਕ ਬਿੱਲ ਛੇਤੀ ਪਾਸ ਹੋਣ ਦੀ ਆਸ


ਨਵੀਂ ਦਿੱਲੀ - ਤੀਹਰੇ ਤਲਾਕ ਨੂੰ ਜਲਦੀ ਸੰਸਦੀ ਮਨਜ਼ੂਰੀ ਮਿਲਣ ਦੀ ਉਮੀਦ ਜ਼ਾਹਿਰ ਕਰਦਿਆਂ ਰਾਸ਼ਟਰਪਤੀ ਰਾਮਨਾਥ ਕੋਵਿੰਦ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਮੁਸਲਿਮ ਔਰਤਾਂ ਨੂੰ ‘ਬਿਨਾਂ ਭੈਅ ਤੇ ਸਨਮਾਨ’ ਨਾਲ ਜ਼ਿੰਦਗੀ ਜਿਊਣ ’ਚ ਮਦਦਗਾਰ ਸਾਬਿਤ ਹੋਣ ਵਾਲੇ ਇਸ ਅਹਿਮ ਮੁੱਦੇ ’ਤੇ ਸਿਆਸਤ ਨਹੀਂ ਹੋਣੀ ਚਾਹੀਦੀ। ਦੱਸਣਯੋਗ ਹੈ ਕਿ ਮੁਸਲਿਮ ਮਰਦਾਂ ਵੱਲੋਂ ਤਿੰਨ ਵਾਰ ਤਲਾਕ ਬੋਲ ਕੇ ਵਿਆਹ ਤੋੜਨ ਵਾਲੀ ਪ੍ਰਥਾ ਨੂੰ ਅਪਰਾਧ ਬਣਾਉਣ ਵਾਲੇ ਇਸ ਬਿੱਲ ਨੂੰ ਲੋਕ ਸਭਾ ਨੇ ਪਿਛਲੇ ਮਹੀਨੇ ਪਾਸ ਕਰ ਦਿੱਤਾ ਸੀ ਪਰ ਵਿਰੋਧੀ ਧਿਰ ਵੱਲੋਂ ਇਸ ਬਿੱਲ ਨੂੰ ਸੰਸਦ ਵਿਸ਼ੇਸ਼ ਕਮੇਟੀ ਕੋਲ ਭੇਜਣ ਦੀ ਮੰਗ ਤੋਂ ਪੈਦਾ ਹੋਏ ਟਕਰਾਅ ਕਾਰਨ ਇਹ ਰਾਜ ਸਭਾ ’ਚ ਪਾਸ ਨਹੀਂ ਹੋ ਸਕਿਆ ਸੀ।
ਸੰਸਦ ਦੇ ਦੋਵੇਂ ਸਦਨਾਂ ਦੀ ਸਾਂਝੀ ਬੈਠਕ ਨੂੰ ਆਪਣੇ ਪਲੇਠੇ ਸੰਬੋਧਨ ’ਚ ਰਾਸ਼ਟਰਪਤੀ ਨੇ ਤੀਹਰੇ ਤਲਾਕ ਬਿੱਲ ਦਾ ਜ਼ਿਕਰ ਕਰਦਿਆਂ ਭਰੋਸੇ ਨਾਲ ਕਿਹਾ ਕਿ ਇਹ ਬਿੱਲ ਜਲਦੀ ਕਾਨੂੰਨ ਬਣ ਜਾਵੇਗਾ ਅਤੇ ਮੁਸਲਿਮ ਔਰਤਾਂ ਬਗ਼ੈਰ ਭੈਅ ਦੇ ਸਨਮਾਨਜਨਕ ਜੀਵਨ ਬਸਰ ਕਰ ਸਕਣਗੀਆਂ। ਉਨ੍ਹਾਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਮੋਦੀ ਸਰਕਾਰ ਘੱਟਗਿਣਤੀਆਂ ਦੇ ਸਸ਼ਕਤੀਕਰਨ ਲਈ ਸਭ ਕੁੱਝ ਕਰੇਗੀ ਪਰ ਉਨ੍ਹਾਂ ਨੂੰ ਲੁਭਾਏਗੀ ਨਹੀਂ।
ਬਜਟ ਇਜਲਾਸ ਦੇ ਪਹਿਲੇ ਦਿਨ ਅੱਜ ਸੰਸਦ ਭਵਨ ਬਾਹਰ ਮੀਡੀਆ ਨੂੰ ਰਸਮੀ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਯਤਨ ਕਰੇਗੀ ਤੇ ਲੋਕਾਂ ਨੂੰ ਆਸ ਹੈ ਕਿ ਤੀਹਰੇ ਤਲਾਕ ਵਰਗੇ ਅਹਿਮ ਮੁੱਦੇ ’ਤੇ ਸਿਆਸਤ ਨਹੀਂ ਹੋਵੇਗੀ। ਰਾਸ਼ਟਰਪਤੀ ਨੇ ਕਿਹਾ ਕਿ ਜੰਮੂ ਕਸ਼ਮੀਰ ’ਚ ਅਤਿਵਾਦੀਆਂ ਨੂੰ ਹਥਿਆਰਬੰਦ ਬਲ ਮੂੰਹ-ਤੋੜ ਜਵਾਬ ਦੇ ਰਹੇ ਹਨ। ਉਨ੍ਹਾਂ ਕਿਹਾ, ‘ਹਿੰਸਾ ਤਿਆਗ ਕੇ ਮੁੱਖ ਧਾਰਾ ’ਚ ਸ਼ਾਮਲ ਹੋਣ ਵਾਲਿਆਂ ਲਈ ਮੇਰੀ ਸਰਕਾਰ ਨੇ ਗੱਲਬਾਤ ਦੇ ਰਾਹ ਖੁੱਲੇ ਰੱਖੇ ਹਨ। ਪਿਛਲੇ ਤਿੰਨ ਸਾਲਾਂ ’ਚ ਵੱਡੀ ਗਿਣਤੀ ਨੌਜਵਾਨ, ਜੋ ਮਾਓਵਾਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੋਏ ਸਨ, ਸਮਰਪਣ ਕਰ ਕੇ ਮੁੱਖ ਧਾਰਾ ’ਚ ਸ਼ਾਮਲ ਹੋਏ ਹਨ।’ ਰੱਖਿਆ ਨਿਰਮਾਣ ਸੈਕਟਰ ’ਚ ਰਣਨੀਤਕ ਭਾਈਵਾਲੀ ਮਾਡਲ ਦੀ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਇਸ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ।
ਸਰਕਾਰ ਦੀ ਮੁੱਖ ਤਰਜੀਹ ਖੇਤੀ ਸੈਕਟਰ ਵਿੱਚ ਸੁਧਾਰ
ਸਰਕਾਰ ਦੀ ਮੁੱਖ ਤਰਜੀਹ ਕਿਸਾਨਾਂ ਦੀਆਂ ਸਮੱਸਿਆਵਾਂ ਘਟਾਉਣਾ ਹੈ ਅਤੇ ਕਿਸਾਨਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਸਾਰੀਆਂ ਖੇਤੀਬਾੜੀ ਯੋਜਨਾਵਾਂ ਸਾਲ 2022 ਤਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ’ਤੇ ਕੇਂਦਰਿਤ ਹਨ। ਸਰਕਾਰ ਵੱਲੋਂ ਈ-ਨਾਮ ਵਰਗੀਆਂ ਆਨਲਾਈਨ ਖੇਤੀਬਾੜੀ ਮਾਰਕੀਟਿੰਗ ਸਹੂਲਤਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਸੰਸਦੀ ਤੇ ਵਿਧਾਨ ਸਭਾ ਚੋਣਾਂ ਇਕੋ ਸਮੇਂ ਕਰਾਏ ਜਾਣ ਦੀ ਜ਼ੋਰਦਾਰ ਵਕਾਲਤ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਵਾਰ ਵਾਰ ਚੋਣਾਂ ਹੋਣ ਕਾਰਨ ਮਨੁੱਖੀ ਵਸੀਲਿਆਂ ਉਤੇ ‘ਭਾਰੀ ਬੋਝ’ ਪੈਂਦਾ ਹੈ ਅਤੇ ਚੋਣ ਜ਼ਾਬਤਾ ਲੱਗਣ ਕਾਰਨ ਵਿਕਾਸ ਪ੍ਰਕਿਰਿਆ ’ਚ ਵਿਘਨ ਪੈਂਦਾ ਹੈ। ਉਨ੍ਹਾਂ ਕਿਹਾ, ‘ਇਕੋ ਸਮੇਂ ਚੋਣਾਂ ਕਰਾਉਣ ਦੇ ਮੁੱਦੇ ’ਤੇ ਚਰਚਾ ਅਤੇ ਸਾਰੀਆਂ ਰਾਜਸੀ ਧਿਰਾਂ ਨੂੰ ਇਕਮੱਤ ਹੋਣ ਦੀ ਲੋੜ ਹੈ।’  

 

 

fbbg-image

Latest News
Magazine Archive