ਰੋਨਾਲਡੀਨੀਓ ਵੱਲੋਂ ਫੁਟਬਾਲ ਨੂੰ ਅਲਵਿਦਾ


ਸਾਓ ਪਾਓਲੋ - ਬ੍ਰਾਜ਼ੀਲ ਦੇ ਵਿਸ਼ਵ ਕੱਪ ਜੇਤੂ ਫੁਟਬਾਲਰ ਰੋਨਾਲਡੀਨੀਓ ਨੇ ਫੁਟਬਾਲ ਨੂੰ ਅਲਵਿਦਾ ਆਖਣ ਦਾ ਐਲਾਨ ਕਰ ਦਿੱਤਾ ਹੈ। ਬ੍ਰਾਜ਼ੀਲੀ ਖਿਡਾਰੀ ਨੇ ਆਖਰੀ ਵਾਰ ਦੋ ਸਾਲ ਪਹਿਲਾਂ ਪੇਸ਼ੇਵਰ ਫੁਟਬਾਲ ਖੇਡੀ ਸੀ। ਪੈਰਿਸ ਸੇਂਟ ਜਰਮੇਨ ਤੇ ਬਾਰਸੀਲੋਨਾ ਜਿਹੇ ਨਾਮਵਰ ਕਲੱਬਾਂ ਨਾਲ ਸਟਾਰ ਖਿਡਾਰੀ ਵਜੋਂ ਜੁੜਿਆ ਰਿਹਾ ਰੋਨਾਲਡੀਨੀਓ 2002 ਵਿੱਚ ਵਿਸ਼ਵ ਕੱਪ ਜੇਤੂ ਟੀਮ ਦੇ ਅਹਿਮ ਮੈਂਬਰਾਂ ’ਚੋਂ ਇਕ ਸੀ। ਉਹ ਆਖਰੀ ਵਾਰ 2015 ਵਿੱਚ ਫਲੂਮੀਨੈਂਸ ਲਈ ਖੇਡਿਆ ਸੀ। ਰੋਨਾਲਡੀਨੀਓ ਦੇ ਭਰਾ ਤੇ ਏਜੰਟ ਰਾਬਰਟੋ ਏਸਿਸ ਨੇ ਕਿਹਾ ਕਿ ਉਹ ਹੁਣ ਮੁੜ ਨਹੀਂ ਖੇਡੇਗਾ। ਰੋਨਾਲਡੀਨੀਓ ਨੇ ਪੋਰਟੋ ਅਲੇਗਰੇ ਵਿੱਚ ਆਪਣੇ ਕਰੀਅਰ ਦਾ ਆਗਾਜ਼ ਗ੍ਰੇਮਿਓ ਨਾਲ ਕੀਤਾ ਸੀ, ਪਰ ਉਸ ਨੂੰ ਅਸਲ ਪਛਾਣ ਫ਼ਰਾਂਸ ਦੇ ਪੀਐਸਜੀ ਨਾਲ ਖੇਡਦਿਆਂ ਮਿਲੀ। ਉਪਰੰਤ ਇਹ ਬ੍ਰਾਜ਼ੀਲਿਆਈ ਖਿਡਾਰੀ 2003 ਤੋਂ 2008 ਤਕ ਬਾਰਸੀਲੋਨਾ ਲਈ ਖੇਡਿਆ। ਸਾਲ 2005 ਵਿੱਚ ਉਸ ਨੂੰ ਫ਼ੀਫਾ ਵੱਲੋਂ ਸਾਲ ਦਾ ਸਰਵੋਤਮ ਫੁਟਬਾਲਰ ਚੁਣਿਆ ਗਿਆ। 2008 ਤੋਂ 2011 ਦੇ ਅਰਸੇ ਦੌਰਾਨ ਉਹ ਮਿਲਾਨ ਲਈ ਖੇਡਿਆ ਤੇ ਮਗਰੋਂ ਉਸ ਨੇ ਬ੍ਰਾਜ਼ੀਲ ਪਰਤਦਿਆਂ ਫਲਾਮੇਂਗੋ ਤੇ ਐਟਲੇਟਿਕੋ ਮਾਇਨੇਇਰੋ ਲਈ ਖੇਡਣਾ ਸ਼ੁਰੂ ਕੀਤਾ। ਰੋਨਾਲਡੀਨੀਓ ਨੇ ਕੌਮੀ ਟੀਮ ਲਈ 97 ਮੈਚ ਖੇਡਦਿਆਂ 33 ਗੋਲ ਕੀਤੇ, ਜਿਨ੍ਹਾਂ ਵਿੱਚ ਵਿਸ਼ਵ ਕੱਪ 2002 ਦੌਰਾਨ ਕੀਤੇ ਦੋ ਗੋਲ ਵੀ ਸ਼ਾਮਲ ਹਨ।
 

 

Latest News
Magazine Archive