ਦ੍ਰਿਸ਼ਟੀਹੀਣ ਖਿਡਾਰੀਆਂ ਦੀਆਂ ਕੌਮੀ ਖੇਡਾਂ ’ਚ ਬਣੇ ਕਈ ਰਿਕਾਰਡ


ਲੁਧਿਆਣਾ - ਸਥਾਨਕ ਗੁਰੂ ਨਾਨਕ ਸਟੇਡੀਅਮ ਵਿੱਚ ਚੱਲ ਰਹੀਆਂ ਨੇਤਰਹੀਣ ਖਿਡਾਰੀਆਂ ਦੀਆਂ ਕੌਮੀ ਪੱਧਰ ਦੀਆਂ ਖੇਡਾਂ ਦੇ ਦੂਜੇ ਦਿਨ ਦਿੱਲੀ ਦੇ ਤੇਜ਼ਤਰਾਰ ਨੇਤਰਹੀਣ ਖਿਡਾਰੀ-ਖਿਡਾਰਨਾਂ ਨੇ ਆਪਣੀ ਤਾਕਤ ਦਾ ਲੋਹਾ ਮਨਾਉਂਦਿਆਂ 5 ਸੋਨੇ, 5 ਚਾਂਦੀ ਅਤੇ 5 ਕਾਂਸੀ ਦੇ ਤਗ਼ਮੇ ਜਿੱਤ ਕੇ ਸਰਦਾਰੀ ਕਾਇਮ ਕੀਤੀ ਜਦੋਂਕਿ ਕੋਚ ਸੰਜੀਵ ਸ਼ਰਮਾ ਦੇ ਤਰਾਸ਼ੇ ਹੋਏ ਪੰਜਾਬ ਦੇ ਦੌੜਾਕ ਗੁਰਬੀਰ ਸਿੰਘ ਨੇ 28.13 ਸੈਕਿੰਡ ਵਿੱਚ 200 ਮੀਟਰ ਦੀ ਦੌੜ ਲਾ ਕੇ ਨਵਾਂ ਇਤਿਹਾਸ ਸਿਰਜਣ ਦਾ ਮਾਣ ਹਾਸਲ ਕੀਤਾ। ਇਸ ਮੁਕਾਬਲੇ ’ਚ ਦਿੱਲੀ ਦੇ ਮੁਹੰਮਦ ਸਾਬੀਰ ਨੇ 30.48 ਅਤੇ ਆਸ਼ੂ ਨੇ 31.27 ਸੈਕਿੰਡ ਸਮੇਂ ’ਚ ਦੌੜ ਪੂਰੀ ਕਰਦਿਆਂ ਕ੍ਰਮਵਾਰ ਚਾਂਦੀ ਤੇ ਕਾਂਸ਼ੀ ਦੇ ਤਗ਼ਮੇ ਜਿੱਤੇ।
ਅੱਜ ਜੇਤੂ ਖਿਡਾਰੀਆਂ ਨੂੰ ਇਨਾਮ ਵੰਡਣ ਪੁੱਜੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਨੇਤਰਹੀਣ ਖਿਡਾਰੀਆਂ ਦੇ ਖੇਡ ਜ਼ਜਬੇ ਨੂੰ ਸਲਾਮ ਕਰਦਿਆਂ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਇਨ੍ਹਾਂ ਖਿਡਾਰੀਆਂ ਦੀ ਖੇਡ ਭਾਵਨਾ ਤੋਂ ਪ੍ਰੇਰਨਾਂ ਲੈਣੀ ਚਾਹੀਦੀ ਹੈ। ਸ੍ਰੀ ਬੈਂਸ ਨੇ ਕਿਹਾ ਕਿ ਜੋਂ ਕੰਮ ਸਮੇਂ ਦੀਆਂ ਸਰਕਾਰਾ ਨੂੰ ਆਪਣੀ ਬਣਦੀ ਜਿੰਮੇਵਾਰੀ ਤਹਿਤ ਕਰਨੇ ਚਾਹੀਦੇ ਹਨ ਉਹ ਕੰਮ ਨੇਤਰਹੀਣ ਖਿਡਾਰੀਆਂ ਦੀ ਸੰਸਥਾਂ ਸਮੇਤ ਵੱਖ-ਵੱਖ ਸੰਗਠਨ ਆਪਣੇ ਪੱਧਰ ਉੱਤੇ ਕਰਕੇ ਆਪਣਾ ਫਰਜ਼ ਨਿਭਾ ਰਹੀਆਂ ਹਨ। ਕਾਂਗਰਸ ਪਾਰਟੀ ਦੇ ਬੁਲਾਰੇ ਡਾ. ਤਾਰਾ ਸਿੰਘ ਸੰਧੂ, ਸਾਬਕਾ ਕੌਂਸਲਰ ਕਪਿਲ  ਸੋਨੂੰ, ਭਲਾਈ ਮੰਚ ਦੇ ਪ੍ਰਧਾਨ ਗੋਪਾਲ ਕ੍ਰਿਸ਼ਨ, ਵੀ.ਆਰ.ਟੀ.ਸੀ ਦੇ ਡਿਪਟੀ ਡਾਇਰੈਕਟਰ ਰਵੀਨੰਦਰਨ, ਪ੍ਰਧਾਨ ਗੁਰਨਾਮ ਸਿੰਘ ਕਲੇਰ, ਦੀਪਕ ਮੰਨਣ, ਪ੍ਰਿਸੀਪਲ ਬੱਧਣ ਆਦਿ ਨੇ ਨੇਤਰਹੀਣਾਂ ਦੀ ਸੰਸਥਾਂ ਵੱਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਦੀ ਭਰਪੂਰ ਸ਼ਲਾਘਾ ਕੀਤੀ।
ਖੇਡਾਂ ਦੇ ਅੱਜ ਦੂਜੇ ਦਿਨ ਹੋਏ ਵੱਖ-ਵੱਖ ਮੁਕਾਬਲਿਆਂ ਵਿੱਚ ਬੀ-ਟੂ ਅਤੇ ਥ੍ਰੀ ਕੈਟਾਗਰੀ ਦੀ 200 ਮੀਟਰ ਲੜਕਿਆਂ ਦੀ ਦੌੜ ਵਿੱਚ ਦਿੱਲੀ ਦੇ ਮੁਹਮੰਦ ਆਰਿਫ, ਸਿਨਅਮ, ਅਰਫ਼ਾਨ ਦੀਵਾਨ ਅਤੇ ਵਿਪਨ ਕੁਮਾਰ, ਅਜੈ ਕੁਮਾਰ, ਅਲੋਕ ਕੁਮਾਰ ਨੇ ਸੋਨ, ਚਾਂਦੀ, ਕਾਂਸੀ ਦੇ ਤਗ਼ਮੇ, ਬੀ2 ਮਰਦਾਂ ਦੇ 200 ਮੀਟਰ ਵਿੱਚ ਭਾਸਕਰ ਕੇ ਮਹਾਰਾਸ਼ਟਰ ਨੇ ਸੋਨੇ, ਪਵਨ ਕੁਮਾਰ ਨੇ ਚਾਂਦੀ ਜਦੋਂਕਿ ਤੀਜੇ ਸਥਾਨ ਲਈ ਅਨਿਲ ਸ਼ਰਮਾ ਹਿਮਾਚਲ ਪ੍ਰਦੇਸ਼  ਨੇ ਕਾਂਸੀ ਦੇ ਤਗ਼ਮੇ ਜਿੱਤੇ। ਬੀ-ਵਨ 200 ਮੀਟਰ ਮਹਿਲਾਵਾਂ ਦੇ ਮੁਕਾਬਲੇ ਵਿੱਚ ਕੁਸ਼ਮ ਲਤਾ ਵੀ.ਆਰ.ਟੀ.ਸੀ ਹੈਬੋਵਾਲ ਪੰਜਾਬ ਨੇ ਸੋਨੇ, ਡੌਲੀ ਦਿੱਲੀ ਨੇ ਚਾਂਦੀ, ਭਾਰਤੀ ਡਾਂਗੀ ਰਾਜਸਥਾਨ ਨੇ ਕਾਂਸੀ ਦਾ ਤਗ਼ਮਾ ਜਿੱਤਿਆ। ਲੰਬੀ ਛਾਲ ਵਿੱਚ ਬੀ ਵਨ ਮਹਿਲਾਵਾ ਦੇ ਮੁਕਾਬਲੇ ਵਿੱਚ ਦੀਪ ਮਾਲਾ ਪਾਂਡੇ ਮਹਾਰਾਸ਼ਟਰਾ, ਨਾਜੀਆਂ ਵੀ.ਆਰ. ਟੀ. ਟੀ ਹੈਬੋਵਾਲ ਪੰਜਾਬ, ਅੰਜਲੀ ਸਾਹੂ ਰਾਜਸਥਾਨ, ਲੜਕਿਆ ਦੇ ਲੰਬੀ ਛਾਲ ਮੁਕਾਬਲੇ ਵਿੱਚ ਦਿੱਲੀ ਦੇ ਰਾਮ ਕੁਮਾਰ ਨੇ ਸੋਨੇ ਤੇ ਗੁਜਰਾਤ ਦੇ ਸਾਲਿਟ ਕੌਂਸਲ ਨੇ ਚਾਂਦੀ ਜਦਕਿ ਪ੍ਰਕਾਸ਼ ਚੌਧਰੀ ਨੇ ਕਾਂਸੀ ਦਾ ਤਗ਼ਮਾ ਜਿੱਤਿਆ। ਡਿਸਕਸ ਥਰੋਅ ਵਿੱਚ ਬੀ2 ਲੜਕੀਆ ਵਿੱਚ ਮੰਜੂਰੀ ਦੇਸਾਈ ਪੱਛਮੀ ਬੰਗਾਲ, ਮਹਾਰਾਸ਼ਟਰ ਦੀਆਂ ਯੋਗਤਾ ਸੀਤਲ ਅਤੇ ਆਸਿਕਤਾ ਵਿੰਟਲ ਨੇ ਕ੍ਰਮਵਾਰ ਸੋਨੇ, ਚਾਂਦੀ ਤੇ ਕਾਂਸੀ ਦੇ ਤਗ਼ਮੇ ਜਿੱਤੇ। ਇਨ੍ਹਾਂ ਖੇਡਾਂ ਵਿੱਚ ਗੁਰਜੰਟ ਸਿੰਘ ਕਲੇਰ, ਜਸਵੰਤ ਸਿੰਘ ਛਾਪਾ, ਸੁਨੀਲ ਕਪੂਰ, ਕੋਚ ਗੁਰਵਿੰਦਰ ਸਿੰਘ, ਕਾਂਗਰਸੀ ਆਗੂ ਨੀਤੂ ਸਲੂਜਾ, ਦਰਬਾਰਾ ਸਿੰਘ ਭੱਟੀ, ਗੁਰਪ੍ਰੀਤ ਸਿੰਘ ਚਾਹਲ, ਬਲਵਿੰਦਰ ਚਾਹਲ, ਪਰਮਿੰਦਰ ਫੁੱਲਾਂਵਾਲ ਵਿਵੇਕ ਮੌਂਗਾ ਆਦਿ ਨੇ ਵੀ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕੀਤੀ। ਦੱਸਣਯੋਗ ਹੈ ਕਿ ਇਨ੍ਹਾਂ ਖੇਡਾਂ ’ਚ 20 ਰਾਜਾਂ ਦੇ 600 ਤੋਂ ਵੱਧ ਖਿਡਾਰੀ ਹਿੱਸਾ ਲੈ ਰਹੇ ਹਨ।

 

 

fbbg-image

Latest News
Magazine Archive