ਐਸ਼ੇਜ਼ ਲੜੀ: ਕੁੱਕ ਦੇ ਦੂਹਰੇ ਸੈਂਕੜੇ ਨਾਲ

ਇੰਗਲੈਂਡ ਹੋਇਆ ਮਜ਼ਬੂਤ


ਮੈਲਬਰਨ - ਅਲਿਸਟੇਅਰ ਕੁੱਕ ਦੇ ਦੂਹਰੇ ਸੈਂਕੜੇ ਦੀ ਬਦੌਲਤ ਇੰਗਲੈਂਡ ਨੇ ਆਸਟਰੇਲੀਆ ਦੇ ਖਿਲਾਫ਼ ਚੌਥੇ ਐਸ਼ੇਜ਼ ਕ੍ਰਿਕਟ ਟੈਸਟ ਦੇ ਤੀਜੇ ਦਿਨ ਪਹਿਲੀ ਪਾਰੀ ਵਿੱਚ 164 ਦੌੜਾਂ ਦੀ ਲੀਡ ਨਾਲ ਮੈਚ ਉੱਤੇ ਸ਼ਿਕੰਜਾ ਕੱਸ ਦਿੱਤਾ ਹੈ। ਲੜੀ ਦੇ ਪਹਿਲੇ ਤਿੰਨ ਮੈਚਾਂ ਵਿੱਚ ਵੱਡੀ ਪਾਰੀ ਖੇਡਣ ਵਿੱਚ ਨਾਕਾਮ ਰਹੇ ਸਾਬਕਾ ਕਪਤਾਨ ਕੁੱਕ ਨੇ 409 ਗੇਂਦਾਂ ਵਿੱਚ 27 ਚੌਕਿਆਂ ਦੀ ਮੱਦਦ ਨਾਲ 244 ਦੌੜਾਂ ਬਣਾ ਕੇ ਖੇਡ ਰਹੇ ਹਨ। ਇਸ ਨਾਲ ਇੰਗਲੈਂਡ ਨੇ 9 ਵਿਕਟਾਂ ਉੱਤੇ 491 ਦੌੜਾਂ ਬਣਾ ਲਈਆਂ ਹਨ। ਜੇਮਜ਼ ਐਂਡਰਸਨ ਦੂਜੇ ਸਿਰੇ ਉੱਤੇ ਉਸਦਾ ਸਾਥ ਨਿਭਾਅ ਰਿਹਾ ਹੈ, ਜਿਸ ਨੇ ਅਜੇ ਖਾਤਾ ਨਹੀ ਖੋਲ੍ਹਿਆ। ਆਸਟਰੇਲੀਆ ਨੇ ਪਹਿਲੀ ਪਾਰੀ ਵਿੱਚ 327 ਦੌੜਾਂ ਬਣਾਈਆਂ ਸਨ। ਕੁੱਕ ਆਪਣੀ ਇਸ ਪਾਰੀ ਦੌਰਾਨ ਮੈਲਬਰਨ ਕਿ੍ਕਟ ਗਰਾਊਂਡ ਵਿੱਚ ਸਭ ਤੋਂ ਵੱਡਾ ਵਿਅਕਤੀਗਤ ਸਕੋਰ ਬਣਾਉਣ ਵਾਲਾ ਮਹਿਮਾਨ ਖਿਡਾਰੀ ਬਣ ਗਿਆ ਹੈ। ਉਸਨੇ ਵੈਸਟ ਇੰਡੀਜ਼ ਦੇ ਮਹਾਨ ਬੱਲੇਬਾਜ਼ ਵਿਵ ਰਿਚਰਡਜ਼ ਦੀ 1984 ਵਿੱਚ  ਖੇਡੀ 208 ਦੌੜਾਂ ਦੀ ਪਾਰੀ ਨੂੰ ਪਿੱਛੇ ਛੱਡ ਦਿੱਤਾ ਹੈ। ਇਸ ਤੋਂ ਪਹਿਲਾਂ ਉਸ ਨੇ ਇਸ ਮੈਦਾਨ ਵਿੱਚ ਇੰਗਲੈਂਡ ਦੀ ਤਰਫੋਂ ਸਰਵਉੱਚ ਵਿਅਕਤੀਗਤ ਸਕੋਰ ਵਾਲੇ ਬੱਲੇਬਾਜ਼ ਹੇਮੰਡ ਦੇ ਰਿਕਾਰਡ ਨੂੰ ਵੀ ਪਿੱਛੇ ਪਾ ਦਿੱਤਾ ਹੈ। ਉਸਨੇ 1928 ਵਿੱਚ ਇੱਥੇ 200 ਦੌੜਾਂ ਬਣਾਈਆਂ ਸਨ। ਕੁੱਕ ਇਸ ਪਾਰੀ ਵਿੱਚ ਸਭ ਤੋਂ ਵੱਧ ਟੈਸਟ ਦੌੜਾਂ ਬਣਾਉਣ ਵਾਲਿਆਂ ਦੀ ਸੂਚੀ ਵਿੱਚ ਵੀ ਅੱਠਵੇਂ ਸਥਾਨ ਉੱਤੇ ਪੁੱਜ ਗਿਆ ਹੈ। ਆਪਣਾ 151 ਟੈਸਟ ਖੇਡ ਰਹੇ ਕੁੱਕ ਦੇ ਨਾਂ ਉੱਤੇ ਹੁਣ 11956 ਦੌੜਾਂ ਦਰਜ ਹਨ। ਪਹਿਲੇ ਤਿੰਨ ਮੈਚ ਜਿੱਤ ਕੇ ਲੜੀ ਵਿੱਚ 3-0 ਦੀ ਲੀਡ ਹਾਸਲ ਕਰ ਚੁੱਕੀ ਆਸਟਰੇਲੀਆ ਦੀ ਟੀਮ ਆਖ਼ਰੀ ਸੈਸ਼ਨ ਵਿੱਚ ਦੌੜਾਂ ਬਣਨ ਦੀ ਗਤੀ ਘੱਟ ਨਹੀ ਕਰ ਸਕੀ। ਸਟੁਅਰਟ ਬਰੌਡ (56) ਨੇ ਕੁੱਕ ਦਾ ਚੰਗਾ ਸਾਥ ਦਿੰਦਿਆਂ ਉਸਦੇ ਨਾਲ 9ਵੇਂ ਵਿਕਟ ਲਈ ਇੱਕ ਸੌ ਦਸ ਗੇਂਦਾਂ ਵਿੱਚ 100 ਦੌੜਾਂ ਜੋੜੀਆਂ। ਪੈਟ ਕਮਿਨਸ ਨੇ (117 ਦੌੜਾਂ ਪਿੱਛੇ ਤਿੰਨ ਵਿਕਟਾਂ) ਨੇ ਬਰੌਡ ਨੂੰ ਉਸਮਾਨ ਖ਼ਵਾਜ਼ਾ ਦੇ ਹੱਥੋਂ ਕੈਚ ਕਰਵਾ ਕੇ ਇਸ ਸਾਂਝੇਦਾਰੀ ਨੂੰ ਤੋੜਿਆ।
ਕੁੱਕ ਨੇ ਵਿਰੋਧ ਕਪਤਾਨ ਸਟੀਵ ਸਮਿਥ ਵੱਲੋਂ ਮਿਲੇ ਦੋ ਜੀਵਨਦਾਨਾਂ ਦਾ ਪੂਰਾ ਫਾਇਦਾ ਉਠਾਇਆ। ਸਮਿਥ ਨੇ ਕੱਲ੍ਹ 66 ਦੌੜਾਂ ਉੱਤੇ ਸਲਿੱਪ ਵਿੱਚ ਕੁੱਕ ਦਾ ਕੈਚ ਛੱਡਣ ਬਾਅਦ ਅੱਜ 153 ਦੌੜਾਂ ਦੇ ਨਿਜੀ ਸਕੋਰ ਉੱਤੇ ਸਕਵਾਇਰ ਲੈੱਗ ਉੱਤੇ ਉਸਦਾ ਕੈਚ ਛੱਡ ਦਿੱਤਾ। ਇੰਗਲੈਂਡ ਨੇ ਅੱਜ 299 ਦੌੜਾਂ ਜੋੜ ਕੇ ਸੱਤ ਵਿਕਟਾਂ ਗਵਾਈਆਂ। ਸਵੇਰ ਦੇ ਸੈਸ਼ਨ ਵਿੱਚ ਕਪਤਾਨ ਜੋ ਰੂਟ ਇੱਕ ਵਾਰ ਫਿਰ ਅਰਧ ਸੈਂਕੜੇ ਨੂੰ ਵੱਡੀ ਪਾਰੀ ਵਿੱਚ ਨਹੀ ਬਦਲ ਸਕੇ। ਉਸਨੇ ਸਵੇਰੇ ਆਉਂਦਿਆਂ ਹੀ ਆਪਣਾ ਅਰਧ ਸੈਂਕੜਾ ਪੂਰਾ ਕੀਤਾ ਅਤੇ 61 ਦੌੜਾਂ ਬਣਾ ਕੇ ਪਵੇਲੀਅਨ ਪਰਤ ਗਏ। ਉਨ੍ਹਾਂ ਕੁੱਕ ਦੇ ਨਾਲ ਤੀਜੇ ਵਿਕਟ ਲਈ 138 ਦੌੜਾਂ ਦੀ ਸਾਂਝੇਦਾਰੀ ਕੀਤੀ। ਡੇਵਿਡ ਮਾਲਨ 14 ਦੌੜਾਂ ਬਣਾ ਕੇ ਜੋਸ਼ ਹੇਜਲਵੁੱਡ ਦੀ ਗੇਂਦ ਉੱਤੇ ਆਊਟ ਹੋ ਗਿਆ। ਇੰਗਲੈਂਡ ਨੇ ਦੂਜੇ ਸੈਸ਼ਨ ਵਿੱਚ ਜਾਨੀ ਵੇਅਰਸਟਾ (22) ਅਤੇ ਮੋਈਨ ਅਲੀ 20 ਦੀਆਂ ਵਿਕਟਾ ਗਵਾਈਆਂ। ਲਿਓਨ ਨੇ ਬੇਅਰਸਟਾ ਨੂੰ ਵਿਕਟ ਕੀਪਰ ਟਿਮਪੈਨ ਦੇ ਹੱਥੋਂ ਅਤੇ ਕੈਚ ਕਰਵਾਇਆ ਜਦੋਂ ਕਿ ਮੋਈਨ ਇਸ ਆਫ ਸਪਿੰਨਰ ਦੀ ਗੇਂਦ ਉੱਤੇ ਸ਼ੌਨ ਮੌਰਸ਼ ਨੂੰ ਕੈਚ ਦੇ ਬੈਠੇ। ਇਹ ਵਿਸ਼ੇਸ਼ ਹੈ ਕਿ ਮੌਜੂਦਾ ਲੜੀ ਦੀਆਂ ਸੱਤ ਪਾਰੀਆਂ ਵਿੱਚ ਲਿਓਨ ਨੇ ਛੇਵੀਂ ਵਾਰ ਮੋਈਨ ਨੂੰ ਆਊਟ ਕੀਤਾ। ਚਾਹ ਤੋਂ ਬਾਅਦ ਕਿ੍ਸ ਵੋਕਸ (26) ਕਮਿਨਸ ਦੀ ਗੇਂਦ ਉੱਤੇ ਵਿਕਟ ਪਿੱਛੇ ਕੈਚ ਦੇ ਬੈਠੇ। ਟਾਮ ਕੁਰੇਨ (4) ਵੀ ਹੇਜਲਵੁੱਡ (95 ਦੌੜਾਂ ਪਿੱਛੇ ਤਿੰਨ ਵਿਕਟਾਂ) ਦੀ ਗੇਂਦ ਉੱਤੇ ਕੈਚ ਦੇ ਬੈਠਿਆ।

 

Latest News
Magazine Archive