ਹਿਮਾਚਲ ’ਚ ਭਾਜਪਾ ਦੀ ਵੱਡੀ ਜਿੱਤ,

ਕਾਂਗਰਸ 21 ਸੀਟਾਂ ’ਤੇ ਸਿਮਟੀ


ਸ਼ਿਮਲਾ - ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੇ ਅੱਜ ਕਾਂਗਰਸ ਨੂੰ ਹਰਾ ਕੇ ਸੱਤਾ ਵਿੱਚ ਵਾਪਸੀ ਕੀਤੀ ਹੈ। 68 ਮੈਂਬਰੀ ਵਿਧਾਨ ਸਭਾ ਵਿੱਚ ਭਾਜਪਾ ਨੇ 44 ਸੀਟਾਂ ਜਿੱਤ ਕੇ ਬਹੁਮਤ ਹਾਸਲ ਕੀਤਾ ਹੈ। ਵੀਰਭੱਦਰ ਸਿੰਘ ਦੀ ਅਗਵਾਈ ਵਿੱਚ ਚੋਣ ਲੜਨ ਵਾਲੀ ਕਾਂਗਰਸ ਪਾਰਟੀ ਨੇ 21 ਸੀਟਾਂ ਉਤੇ ਜਿੱਤ ਹਾਸਲ ਕੀਤੀ ਹੈ ਅਤੇ ਤਿੰਨ ਹੋਰ ਉਮੀਦਵਾਰ ਜਿੱਤੇ ਹਨ। ਭਾਜਪਾ ਵੱਲੋਂ ਮੁੱਖ ਮੰਤਰੀ ਦੇ ਅਹੁਦੇ ਦੇ ਉਮੀਦਵਾਰ ਪ੍ਰੇਮ ਕੁਮਾਰ ਧੂਮਲ ਨੂੰ ਸੁਜਾਨਪੁਰ ਹਲਕੇ ਤੋਂ ਕਾਂਗਰਸ ਦੇ ਰਾਜਿੰਦਰ ਸਿੰਘ ਰਾਣਾ ਨੇ 3500 ਵੋਟਾਂ ਦੇ ਫਰਕ ਨਾਲ ਧੂੜ ਚਟਾ ਦਿੱਤੀ। ਇਸ ਪਹਾੜੀ ਰਾਜ ’ਚ 75.28 ਫ਼ੀਸਦ ਮਤਦਾਨ ਹੋਇਆ ਸੀ। ਪਿਛਲੀਆਂ ਚੋਣਾਂ ਵਿੱਚ ਕਾਂਗਰਸ ਨੂੰ 36 ਅਤੇ ਭਾਜਪਾ ਨੂੰ 26 ਸੀਟਾਂ ਉਤੇ ਜਿੱਤ ਮਿਲੀ ਸੀ। ਜ਼ਿਕਰਯੋਗ ਹੈ ਕਿ 1990 ਵਿੱਚ ਭਾਜਪਾ ਨੇ ਕਾਂਗਰਸ ਨੂੰ ਸੱਤਾ ਤੋਂ ਬਾਹਰ ਕੀਤਾ ਸੀ। ਕਾਂਗਰਸ ਨੇ 1993 ਵਿੱਚ ਭਾਜਪਾ ਨੂੰ ਇਸ ਹਾਰ ਦੀ ਭਾਜੀ ਮੋੜ ਦਿੱਤੀ ਸੀ। 1998 ਵਿੱਚ ਭਾਜਪਾ ਨੇ ਹਿਮਾਚਲ ਵਿਕਾਸ ਕਾਂਗਰਸ ਦੀ ਮਦਦ ਨਾਲ ਸਰਕਾਰ ਬਣਾਈ ਸੀ ਅਤੇ 2003 ਵਿੱਚ ਕਾਂਗਰਸ ਮੁੜ ਸੱਤਾ ਉਤੇ ਕਾਬਜ਼ ਹੋ ਗਈ ਸੀ। 2007 ਵਿੱਚ ਭਾਜਪਾ ਨੇ ਸੱਤਾ ਵਿੱਚ ਵਾਪਸੀ ਕੀਤੀ ਸੀ ਪਰ 2012 ਵਿਧਾਨ ਸਭਾ ਚੋਣਾਂ ’ਚ ਕਾਂਗਰਸ ਨੇ ਉਸ ਨੂੰ ਹਰਾ ਦਿੱਤਾ ਸੀ।
ਨਵੀਂ ਦਿੱਲੀ - ਹਿਮਾਚਲ ਪ੍ਰਦੇਸ਼ ਦੇ ਠਿਯੋਗ ’ਚ ਸੀਪੀਐਮ ਦੇ ਰਾਕੇਸ਼ ਸਿੰਘਾ ਦੀ ਜਿੱਤ ਨੂੰ ਪਾਰਟੀ ਨੇ ਲੋਕਾਂ ਨੂੰ ਸਮਰਪਿਤ ਕੀਤਾ ਹੈ। ਸੀਪੀਐਮ ਪੋਲਿਟਬਿਉਰੋ ਵੱਲੋਂ ਜਾਰੀ ਬਿਆਨ ’ਚ ਕਿਹਾ ਗਿਆ ਹੈ ਕਿ ਸ੍ਰੀ ਸਿੰਘਾ ਦੀ ਜਿੱਤ ਅਹਿਮ ਹੈ ਕਿਉਂਕਿ ਦੋਵੇਂ ਵੱਡੀਆਂ ਪਾਰਟੀਆਂ ਨੇ ਚੋਣਾਂ ਦਾ ਧਰੁੱਵੀਕਰਨ ਕਰ ਦਿੱਤਾ ਸੀ। ਪਾਰਟੀ ਨੇ ਕਿਹਾ ਕਿ ਲੋਕਾਂ ਦੇ ਹੱਕਾਂ ਅਤੇ ਹਿੱਤਾਂ ਲਈ ਵਿਧਾਨ ਸਭਾ ’ਚ ਕੰਮ ਕਰਨ ਲਈ ਉਨ੍ਹਾਂ ਨੂੰ ਇਹ ਫ਼ਤਵਾ ਮਿਲਿਆ ਹੈ। ਸ੍ਰੀ ਸਿੰਘਾ ਦੂਜੀ ਵਾਰ ਵਿਧਾਇਕ ਦੀ ਚੋਣ ਜਿੱਤੇ ਹਨ।

 

 

fbbg-image

Latest News
Magazine Archive