ਧੁਆਂਖੀ ਧੁੰਦ ਨੇ ਮੱਧਮ ਪਾਈ ਨੈਣਾਂ ਦੀ ਲੋਅ


ਦਿੱਲੀ ਦੇ ਬਹੁਤੇ ਇਲਾਕਿਆਂ ’ਚ ਦੂਰ ਤੱਕ ਦੇਖਣ ਦੀ ਸਮਰੱਥਾ ਘਟੀ;
ਕੌਮੀ ਰਾਜਧਾਨੀ ’ਚ ਤਾਪਮਾਨ 8.3 ਡਿਗਰੀ ਦਰਜ
ਨਵੀਂ ਦਿੱਲੀ - ਧੁਆਂਖੀ ਧੁੰਦ ਦੀ ਲਪੇਟ ’ਚ ਆਈ ਦੇਸ਼ ਦੀ ਕੌਮੀ ਰਾਜਧਾਨੀ ਦੇ ਬਹੁਤੇ ਹਿੱਸਿਆਂ ’ਚ ਅੱਜ ਸਵੇਰੇ ਬਹੁਤ ਘੱਟ ਦੂਰ ਤੱਕ ਦਿਖਾਈ ਦੇ ਰਿਹਾ ਸੀ ਅਤੇ ਸ਼ਹਿਰ ਤਾਪਮਾਨ ਵੀ 8.3 ਡਿਗਰੀ ਦਰਜ ਕੀਤਾ ਗਿਆ। ਇਸੇ ਦੌਰਾਨ ਕੌਮੀ ਗਰੀਨ ਟ੍ਰਿਬਿਊਨਲ ਨੇ ਹਵਾ ਦੇ ਮਿਆਰ ’ਚ ਸੁਧਾਰ ਲਈ ਸਾਰਥਕ ਕਦਮ ਨਾ ਚੁੱਕਣ ਕਾਰਨ ‘ਆਪ’ ਸਰਕਾਰ ਨੂੰ ਝਾੜ ਪਾਈ ਹੈ। ਮੌਸਮ ਵਿਭਾਗ ਨੇ ਦੱਸਿਆ, ‘ਅੱਜ ਸਵੇਰੇ 8.30 ਵਜੇ ਸਫਦਰਜੰਗ ਇਲਾਕੇ ’ਚ 700 ਮੀਟਰ ਤੇ ਪਾਲਮ ਸਟੇਸ਼ਨ ’ਚ 900 ਮੀਟਰ ਤੋਂ ਅੱਗੇ ਦਿਖਾਈ ਨਹੀਂ ਦੇ ਰਿਹਾ ਸੀ।’ ਅਧਿਕਾਰੀਆਂ ਨੇ ਦੱਸਿਆ ਕਿ ਧੁਆਂਖੀ ਧੁੰਦ ਕਾਰਨ ਦੂਰ ਤੱਕ ਦਿਖਾਈ ਦੇਣ ’ਚ ਸਮੱਸਿਆ ਆ ਰਹੀ ਹੈ, ਜਦਕਿ ਸ਼ਹਿਰ ’ਚ ਘੱਟ ਤੋਂ ਘੱਟ ਤਾਪਮਾਨ ਵੀ 8.3 ਦਰਜ ਕੀਤਾ ਗਿਆ ਹੈ। ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 23 ਡਿਗਰੀ ਰਿਹਾ। ਮੌਸਮ ਵਿਭਾਗ ਨੇ ਭਲਕੇ ਸਵੇਰੇ ਧੁੰਦ ਦੀ ਭਵਿੱਖਬਾਣੀ ਕੀਤੀ ਹੈ। ਦਿੱਲੀ ਦੇ ਹੋਰਨਾਂ ਖੇਤਰਾਂ ਪਾਲਮ ’ਚ ਘੱਟੋ ਘੱਟ ਤਾਪਮਾਨ 10 ਡਿਗਰੀ, ਅਯਾਨਗਰ ’ਚ 8.5, ਲੋਧੀ ਰੋਡ ’ਚ 8.3 ਅਤੇ ਰਿੱਜ ’ਚ 8.8 ਡਿਗਰੀ ਦਰਜ ਕੀਤਾ ਗਿਆ। ਭਲਕੇ ਵੱਧ ਤੋਂ ਵੱਧ ਤਾਪਮਾਨ 23 ਡਿਗਰੀ ਤੇ ਘੱਟ ਤੋਂ ਘੱਟ 11 ਡਿਗਰੀ ਰਹੇਗਾ। ਇਸੇ ਦੌਰਾਨ ਕੌਮੀ ਗਰੀਨ ਟ੍ਰਿਬਿਊਨਲ ਦੇ ਚੇਅਰਪਰਸਨ ਜਸਟਿਸ ਸਵਤੰਤਰ ਕੁਮਾਰ ਦੀ ਅਗਵਾਈ ਹੇਠਲੇ ਬੈਂਚ ਨੇ ਦਿੱਲੀ ਸਰਕਾਰ ਨੂੰ ਪੁੱਛਿਆ ਕਿ ਦਿੱਲੀ ’ਚ ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਹੁਣ ਤੱਕ ਕੋਈ ਵੀ ਠੋਸ ਯੋਜਨਾ ਪੇਸ਼ ਕਿਉਂ ਨਹੀਂ ਕੀਤੀ ਗਈ। ਟ੍ਰਿਬਿਊਨਲ ਨੇ ਸਰਕਾਰ ਨੂੰ ਨਿਰਦੇਸ਼ ਦਿੱਤੇ ਹਨ ਕਿ ਅਗਲੇ 48 ਘੰਟਿਆਂ ਅੰਦਰ ਇਸ ਸਬੰਧੀ ਰਿਪੋਰਟ ਪੇਸ਼ ਕੀਤੀ ਜਾਵੇ। ਦਿੱਲੀ ਸਰਕਾਰ ਨੇ ਸੁਣਵਾਈ ਦੌਰਾਨ ਦੱਸਿਆ ਕਿ ਮੁੱਖ ਸਕੱਤਰ ਤੇ ਵਾਤਾਵਰਣ ਸਕੱਤਰ ਦੀ ਬਦਲੀ ਹੋ ਜਾਣ ਕਾਰਨ ਕੋਈ ਯੋਜਨਾ ਲਾਗੂ ਕਰਨ ’ਚ ਦੇਰੀ ਹੋ ਰਹੀ ਹੈ। ਬੈਂਚ ਨੇ ਦਿੱਲੀ ਸਰਕਾਰ ਨੂੰ ਕਿਹਾ, ‘ਤੁਸੀਂ ਆਪਣੀਆਂ ਮੀਟਿੰਗਾਂ ਕਰਦੇ ਰਹੇ ਪਰ ਸਾਨੂੰ ਇੱਕ ਅਜਿਹੇ ਯਤਨ ਬਾਰੇ ਦੱਸੋ ਜੋ ਪਿਛਲੇ ਚਾਰ ਦਿਨਾਂ ਅੰਦਰ ਪ੍ਰਦੂਸ਼ਣ ਘਟਾਉਣ ਲਈ ਚੁੱਕਿਆ ਗਿਆ ਹੋਵੇ।’ ਟ੍ਰਿਬਿਊਨਲ ਨੇ ਨਾਲ ਦਿੱਲੀ ਤੇ ਇਸ ਦੇ ਚਾਰ ਗੁਆਂਢੀ ਸੂਬਿਆਂ ਪੰਜਾਬ, ਹਰਿਆਣਾ ਉੱਤਰ ਪ੍ਰਦੇਸ਼ ਤੇ ਰਾਜਸਥਾਨ ਨਾਲ ਮਿਲ ਕੇ ਇਸ ਸਬੰਧੀ ਯੋਜਨਾ ਬਣਾਉਣ ਬਾਰੇ ਦਿੱਤੇ ਹੁਕਮਾਂ ’ਤੇ ਵੀ ਜਵਾਬ ਮੰਗਿਆ ਹੈ। ਟ੍ਰਿਬਿਊਨਲ ਨੇ ਨਾਲ ਹੀ ਪ੍ਰਦੂਸ਼ਣ ਦੇ ਬਾਵਜੂਦ ਭਾਰਤ-ਸ੍ਰੀਲੰਕਾ ਵਿਚਾਲੇ ਮੈਚ ਜਾਰੀ ਰੱਖਣ ਲਈ ਸਬੰਧਤ ਅਥਾਰਿਟੀਆਂ ਨੂੰ ਵੀ ਝਾੜ ਪਾਈ ਹੈ।
ਪੰਜਾਬ ਤੇ ਹਰਿਆਣਾ ’ਚ 11-12 ਨੂੰ ਮੀਂਹ ਦੀ ਪੇਸ਼ੀਨਗੋਈ
ਚੰਡੀਗੜ੍ਹ - ਪੰਜਾਬ ਅਤੇ ਹਰਿਆਣਾ ਵਿੱਚ ਸਵੇਰ ਅਤੇ ਸ਼ਾਮ ਨੂੰ ਹਲਕੀ ਧੁੰਦ ਪੈ ਰਹੀ ਹੈ। ਹਵਾ ਵਿੱਚ ਨਮੀ 65 ਫ਼ੀਸਦ ਹੋਣ ਕਰਕੇ ਦਿਨ ਵੇਲੇ ਵੀ ਅਸਮਾਨ ਸਾਫ਼ ਦਿਖਾਈ ਨਹੀਂ ਦੇ ਰਿਹਾ। ਮੌਸਮ ਵਿਭਾਗ ਨੇ 11 ਅਤੇ 12 ਦਸੰਬਰ ਨੂੰ ਪੰਜਾਬ ਤੇ ਹਰਿਆਣਾ ਵਿੱਚ ਹਲਕੀ ਤੋਂ ਦਰਮਿਆਨੀ ਬਾਰਸ਼ ਦੀ ਭਵਿੱਖਬਾਣੀ ਵੀ ਕੀਤੀ ਹੋਈ ਹੈ। ਦਸੰਬਰ ਦੇ ਸ਼ੁਰੂ ਵਿੱਚ ਹੀ ਠੰਢ ਨੇ ਜ਼ੋਰ ਫੜਨਾ ਸ਼ੁਰੂ ਕਰ ਦਿੱਤਾ ਹੈ ਅਤੇ ਪਾਰਾ ਆਮ ਨਾਲੋਂ ਹੇਠਾਂ ਚੱਲ ਰਿਹਾ ਹੈ। ਅੱਜ ਪੰਜਾਬ ’ਚ ਵੱਧ ਵੱਧ ਤਾਪਮਾਨ 23.6 ਡਿਗਰੀ ਅਤੇ ਘੱਟੋ-ਘੱਟ ਤਾਪਮਾਨ 8.7 ਡਿਗਰੀ ਦਰਜ ਕੀਤਾ ਗਿਆ ਹੈ।

 

 

fbbg-image

Latest News
Magazine Archive